ਕਰਨਾਟਕ: ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਭਾਜਪਾ ਵਿਧਾਇਕ ਗ੍ਰਿਫ਼ਤਾਰ
ਬੰਗਲੂਰੂ, 14 ਸਤੰਬਰ
ਕਰਨਾਟਕ ਦੇ ਰਾਜੇਸ਼ਵਰੀ ਨਗਰ (ਆਰਆਰ ਨਗਰ) ਹਲਕੇ ਤੋਂ ਭਾਜਪਾ ਦੇ ਵਿਧਾਇਕ ਮੁਨੀਰਤਨਾ ਨੂੰ ਅੱਜ ਇਕ ਠੇਕੇਦਾਰ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਵੋਕਾਲਿਗਾ ਤੇ ਦਲਿਤ ਭਾਈਚਾਰੇ ਵਿਰੁੱਧ ਜਾਤੀਸੂੁਚਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਨੀਰਥਨਾ ਦੀ ਇੱਕ ਆਡੀਓ ਕਲਿੱਪ ਵੀ ਵਾਇਰਲ ਹੋਈ ਸੀ ਜਿਸ ਵਿੱਚ ਠੇਕੇਦਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਵੋਕਾਲਿਗਾਂ ਅਤੇ ਦਲਿਤਾਂ ਵਿਰੁੱਧ ਕਥਿਤ ਤੌਰ ’ਤੇ ਜਾਤੀਸੂਚਕ ਟਿੱਪਣੀਆਂ ਕੀਤੀ ਗਈਆਂ ਸਨ। ਮੁਨੀਰਤਨਾ ਨੂੰ ਕੋਲਾਰ ਜ਼ਿਲ੍ਹੇ ਦੇ ਮੂਲਬਾਗਲ ਕਸਬੇ ਨੇੜਲੇ ਪਿੰਡ ਨੰਗਾਲੀ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਦੇ ਚਿਤੂਰ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੋਲਾਰ ਪੁਲੀਸ ਨੇ ਮਨੀਰਤਨਾ ਦੀ ਫ਼ੋਨ ਲੋਕੇਸ਼ਨ ਰਾਹੀਂ ਉਸ ਦਾ ਪਤਾ ਲਾਇਆ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਬੰਗਲੁਰੂ ਪੁਲੀਸ ਦੇ ਹਵਾਲੇ ਕਰ ਦਿੱਤਾ। ਠੇਕੇਦਾਰ ਚੈਲੂਵਾਰਾਜੂ ਨੇ ਵਿਧਾਇਕ ਮਨੀਰਤਨਾ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਅੱਜ ਮੁੱਖ ਮੰਤਰੀ ਸਿੱਧਾਰਮੱਈਆ ਨੂੰ ਮਿਲ ਕੇ ਆਖਿਆ ਸੀ ਕਿ ਪੁਲੀਸ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਹੀਂ ਕਰ ਰਹੀ। ਮੁੱਖ ਮੰਤਰੀ ਨੇ ਉਸ ਕਾਨੂੰਨੀ ਕਾਰਵਾਈ ਤੇ ਸੁਰੱਖਿਆ ਦਾ ਭਰੋਸਾ ਦਿੱਤਾ। ਚੈਲੂਵਾਰਾਜੂ ਨੇ ਸ਼ਿਕਾਇਤ ’ਚ ਵਿਧਾਇਕ ਮਨੀਰਤਨਾ ’ਤੇ ਕਥਿਤ 20 ਲੱਖ ਰੁਪਏ ਮੰਗਣ ਅਤੇ ਪੈਸੇ ਨਾ ਦੇਣ ’ਤੇ ਉਸ ਦਾ ਅੰਜਾਮ ‘ਰੇਣੂਕਾਸਵਾਮੀ’ ਵਰਗਾ ਹੋਣ ਦੀ ਧਮਕੀ ਦੇਣ ਦਾ ਦੋਸ਼ ਲਾਇਆ ਸੀ। -ਆਈਏਐੈੱਨਐੱਸ