ਕਾਰਗਿੱਲ ਵਿਜੈ ਦਿਵਸ: ਭਿਸੀਆਣਾ ਏਅਰ ਸਟੇਸ਼ਨ ’ਚ ਜੰਗੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਮਨੋਜ ਸ਼ਰਮਾ
ਬਠਿੰਡਾ, 20 ਜੁਲਾਈ
ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿੱਚ ‘ਕਾਰਗਿਲ ਵਿਜੈ ਦਿਵਸ ਸਿਲਵਰ ਜੁਬਲੀ’ ਪ੍ਰੋਗਰਾਮ ਉਤਸ਼ਾਹ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਸਾਲ 1999 ਵਿੱਚ ਕਾਰਗਿਲ ਸੰਘਰਸ਼ ਵਿੱਚ ਭਾਰਤ ਦੀ ਜਿੱਤ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਸਿਲਵਰ ਜੁਬਲੀ ਸਮਾਰੋਹ ਮੌਕੇ ਮਰਹੂਮ ਸਕੁਐਡਰਨ ਲੀਡਰ ਅਜੈ ਆਹੂਜਾ ਸਮੇਤ ਹੋਰ ਜੰਗੀ ਯੋਧਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵੈਸਟਰਨ ਏਅਰ ਕਮਾਂਡ ਦੇ ਏਅਰ ਮਾਰਸ਼ਲ ਪੀ.ਕੇ. ਵੋਹਰਾ ਨੇ ਅੱਜ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਚ ਜੰਗੀ ਯਾਦਗਾਰ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਦੌਰਾਨ ਸਾਬਕਾ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ (ਸੇਵਾਮੁਕਤ), ਅਲਕਾ ਆਹੂਜਾ (ਸਵਰਗੀ ਸਕੁਐਡਰਨ ਲੀਡਰ ਅਜੈ ਆਹੂਜਾ ਦੀ ਪਤਨੀ), ਅਪਰੇਸ਼ਨ ਸਫੇਦ ਸਾਗਰ ਐਵਾਰਡੀ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਜੰਗੀ ਯੋਧਿਆਂ ਦੀ ਦੇਸ਼ ਲਈ ਕਾਰਬਾਨੀ ਬਾਰੇ ਯਾਦ ਤਾਜ਼ਾ ਕੀਤੀ। ਇਸ ਦੌਰਾਨ ਹਵਾਈ ਫੌਜ ਨੇ ਕਰਤੱਬ ਦਿਖਾਏ ਜਿਨ੍ਹਾਂ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਸਮਾਗਮ ਵਿੱਚ ਬਹਾਦਰ ਹਵਾਈ ਯੋਧਿਆਂ ਦੀ ਯਾਦ ਵਿੱਚ ਮਿਗ-29 ਜਹਾਜ਼ਾਂ ਦਾ ‘ਐਰੋ ਹੈੱਡ’ ਅਤੇ ‘ਮਿਸਿੰਗ ਮੈਨ’ ਫਾਰਮੇਸ਼ਨ ਵਿੱਚ ਇੱਕ ਫਲਾਈਪਾਸਟ ਵੀ ਦਿਖਾਇਆ ਗਿਆ। ਏਅਰ ਫੋਰਸ ਬੈਂਡ ਅਤੇ ਏਅਰ ਵਾਰੀਅਰ ਡ੍ਰਿਲ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਲੋਕਾਂ ਦਾ ਦਿਲ ਜਿੱਤ ਲਿਆ। ਸਕੂਲੀ ਬੱਚਿਆਂ ਸਮੇਤ 5000 ਤੋਂ ਵੱਧ ਦਰਸ਼ਕਾਂ ਨੇ ਹਵਾਈ ਪ੍ਰਦਰਸ਼ਨੀ ਨੂੰ ਦੇਖਿਆ, ਜਿਸ ਨੇ ਹਵਾਈ ਯੋਧਿਆਂ ਦੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਚ ਮਨਾਏ ਗਏ ਕਾਰਗਿਲ ਵਿਜੈ ਦਿਵਸ ਸਮਾਰੋਹ ਮੌਕੇ ਸਾਬਕਾ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਸੰਬੋਧਨ ਕਰਦਿਆਂ ਕਿਹਾ ਵਿਜੈ ਦਿਵਸ ਮੌਕੇ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸਨਮਾਨ ਕੀਤਾ ਗਿਆ ਹੈ। ਇਸ ਨਾਲ ਨੌਜਵਾਨ ਪੀੜ੍ਹੀ ਦੀ ਦਲੇਰੀ, ਸਮਰਪਣ ਅਤੇ ਦੇਸ਼ ਭਗਤੀ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਦੀ ਵਚਨਬੱਧਤਾ ਦੁਹਰਾਈ ਜੋ ਸਾਡੇ ਰਾਸ਼ਟਰ ਨੂੰ ਪਰਿਭਾਸ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਮਾਰੋਹ ਦੁਆਰਾ ਯਾਦ ਦਿਵਾਇਆ ਗਿਆ ਕਿ ਸਾਡੇ ਨਾਇਕਾਂ ਦੀ ਅਮੀਰ ਵਿਰਾਸਤ ਸਾਨੂੰ ਅਡੋਲ ਸੰਕਲਪ ਨਾਲ ਸੁਰੱਖਿਆ ਅਤੇ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ।