ਕੰਜਕਾਂ
ਰਣਜੀਤ ਆਜ਼ਾਦ ਕਾਂਝਲਾ
‘‘ਭੈਣ ਸਿਆਮ ਕੁਰੇ, ਆਪਣੀ ਛੋਟੀ ਟਿੰਕੀ ਨੂੰ ਕੱਲ੍ਹ ਸਵੇਰੇ ਸੁਵਖਤੇ ਹੀ ਭੇਜ ਦੇਈਂ, ਅਸੀਂ ਕੰਜਕਾਂ ਖੁਆਉਣੀਆਂ ਨੇ।’’ ਮੁਹੱਲੇ ’ਚੋਂ ਚੌਥੇ ਘਰੋਂ ਆਈ ਨਸਵਾਰੀ ਸੱਦਾ ਦੇਣ ਆਈ ਸੀ।
‘‘ਕੋਈ ਨ੍ਹੀਂ ਭੈਣੇ। ਭੇਜ ਦੂੰ...। ਸਵੇਰੇ ਸਾਝਰੇ ਹੀ, ਫੇਰ ਇਹਨੇ ਵੀ ਸਕੂਲ ਜਾਣੈ...।’’ ਮੇਰੀ ਪਤਨੀ ਰਸੋਈ ’ਚੋਂ ਹੀ ਹੁੰਗਾਰਾ ਭਰਦੀ ਬੋਲੀ। ਕੰਜਕਾਂ ਖੁਆਉਣ ਦੀ ਭਿਣਕ ਮੇਰੀਂ ਕੰਨੀਂ ਵੀ ਪੈ ਗਈ ਸੀ। ‘‘ਨਸਵਾਰੀ ਨੇ ਕੰਜਕਾਂ ਕਾਹਦੇ ਲਈ ਖੁਆਉਣੀਆਂ ਨੇ...?’’ ਜਾਣਨ ਲਈ ਮੈਂ ਆਪਣੀ ਪਤਨੀ ਨੂੰ ਸੁਆਲ ਕੀਤਾ।
‘‘...ਓ... ਜੀ...। ਇਹਦੇ ਵੱਡੇ ਮੁੰਡੇ ਵਿਆਹੇ ਨੂੰ ਪੂਰੇ ਤਿੰਨ ਸਾਲ ਹੋ ਗਏ ਪਰ ਉਹਦੇ ਘਰ...।’’ ‘‘...ਪਰ ...ਉਹਦੇ ...ਕੀ? ਪਿੱਛੇ ਜਿਹੇ ਇਨ੍ਹਾਂ ਨੇ ਆਪਣੀ ਵੱਡੀ ਨੂੰਹ ਦਾ ਪ੍ਰਾਈਵੇਟ ਹਸਪਤਾਲ ’ਚ ਗਰਭਪਾਤ ਤਾਂ ਕਰਵਾਇਆ ਸੀ...।’’
‘‘...ਹਾਂ...ਹਾਂ ...ਉਹ ਤਾਂ ਕਰਵਾਇਐ ਪਰ ਟੈਸਟ ’ਚ ਕੁੜੀ ਆਈ ਸੀ। ਇਸੇ ਕਰਕੇ ਗਰਭਪਾਤ ਕਰਵਾਉਣਾ ਪਿਆ।’’ ਔਰਤ ਇਸਤਰੀ ਜਾਤ ਦੀ ਵੈਰੀ ਬਣੀ ਬੋਲ ਰਹੀ ਸੀ, ‘‘ਕੰਜਕਾਂ ਤਾਹੀਂ ਖੁਆਉਂਦੇ ਨੇ ਕਿ ਸਾਡੇ ਘਰ ਪ੍ਰਭੂ ਕੋਈ ਚੰਗੀ ਚੀਜ਼ ਦੇ ਦੇਵੇ...।’’
ਮੈਂ ਗੁੱਸੇ ’ਚ ਗਰਜਿਆ, ‘‘ਮੈਂ ਨ੍ਹੀਂ ਭੇਜਣਾ ਇਨ੍ਹਾਂ ਪਾਪੀਆਂ ਦੇ ਘਰ ਆਪਣੀ ਕੁੜੀ ਨੂੰ ਰੋਟੀ ਖਾਣ...। ਕੰਜਕ ਨੂੰ ਤਾਂ ਪੇਟ ’ਚ ਕਤਲ ਕਰਵਾਉਂਦੇ ਨੇ ਤੇ ਫੇਰ ਕੰਜਕਾਂ ਦੀ ਪੂਜਾ ਕਰਕੇ ‘ਲਾਲ’ ਭਾਲਦੀਆਂ ਨੇ...।’’ ਖ਼ਰੀਆਂ ਖ਼ਰੀਆਂ ਸੁਣ ਕੇ ਪਤਨੀ ਢਿੱਲਾ ਜਿਹਾ ਮੂੰਹ ਬਣਾਉਂਦੀ ਰਸੋਈ ’ਚ ਜਾ ਵੜੀ।
ਸੰਪਰਕ: 94646-97781
* * *
ਠੱਗ
ਬਰਜਿੰਦਰ ਕੌਰ ਬਿਸਰਾਓ
‘‘ਅਖ਼ਬਾਰ ਵੇਚ... ਰੱਦੀ ਵੇਚ... ਕਬਾੜ ਵੇਚ...’’ ਦੀ ਉੱਚੀ ਤੇ ਲਚਕਦਾਰ ਆਵਾਜ਼ ਦੀ ਅੱਡ ਹੀ ਪਛਾਣ ਆ ਜਾਂਦੀ ਹੈ। ਉਂਝ ਤਾਂ ਗਲ਼ੀ ਵਿੱਚ ਸਾਰਾ ਦਿਨ ਅਨੇਕਾਂ ਕਬਾੜ ਖ਼ਰੀਦਣ ਵਾਲੇ ਲੰਘਦੇ ਹਨ ਪਰ ‘ਠੱਗ’ ਦੀ ਆਵਾਜ਼ ਦੀ ਸਾਨੂੰ ਵੱਖਰੀ ਪਛਾਣ ਸੀ। ਜੇ ਰੱਦੀ ਵੇਚਣੀ ਹੁੰਦੀ ਤਾਂ ਮੇਰੇ ਪਤੀ ਨੇ ਉਸ ਨੂੰ ਹਾਕ ਮਾਰਨੀ, ‘‘ਓਏ ਠੱਗਾ... ਰੁਕੀਂ... ਅਖ਼ਬਾਰ ਕਿਵੇਂ ਲਾਏ ਆ...?’’ ਉਸ ਨੇ ਰੁਕ ਜਾਣਾ, ਰੱਦੀ ਮਾੜਾ ਮੋਟਾ ਵੱਟੇ ਦਾ ਜਾਂ ਤੱਕੜੀ ਦੇ ਪੱਲੜਿਆਂ ਵਿੱਚ ਊਚ ਨੀਚ ਰੱਖ ਕੇ ਤੋਲ ਲੈਣੀ...। ਮੇਰੇ ਪਤੀ ਨੇ ਉਸ ਨੂੰ ਕਹਿਣਾ, ‘‘ਠੱਗਾ... ਬਾਜ਼ ਨਾ ਆਈਂ ਠੱਗੀ ਕਰਨੋਂ...!’’ ਉਸ ਨੇ ਵੀ ਆਪਣੇ ਵੱਲੋਂ ਹੌਲੀ ਹੌਲੀ ਬੋਲਦਿਆਂ ਸਫ਼ਾਈ ਦਿੰਦੇ ਨੇ ਰੱਦੀ ਰੇਹੜੀ ਵਿੱਚ ਸੁੱਟਣੀ ਤੇ ਤੁਰ ਜਾਣਾ। ਚਾਹੇ ਮੇਰਾ ਪਤੀ ਉਸ ਨੂੰ ਠੱਗ ਕਹਿੰਦਾ ਸੀ, ਪਰ ਹਰ ਵਾਰ ਰੱਦੀ ਤਾਂ ਉਸੇ ਨੂੰ ਹੀ ਦਿੰਦਾ ਸੀ। ਉਹ ਰੱਦੀ ਵਾਲਾ ਵੀ ਠੱਗ ਆਖੇ ਜਾਣ ’ਤੇ ਕਦੇ ਗੁੱਸਾ ਨਹੀਂ ਕਰਦਾ ਸੀ।
‘ਠੱਗ’ ਦਾ ਹੁਲੀਆ ਦੇਖ ਕੇ ਮੈਨੂੰ ਬਹੁਤ ਤਰਸ ਆਉਂਦਾ ਸੀ। ਉਸ ਦੇ ਸਿਰ ’ਤੇ ਮੈਲੇ ਖਿੰਡੇ ਵਾਲ਼, ਦਾੜ੍ਹੀ ਵੀ ਉਸੇ ਤਰ੍ਹਾਂ ਦੀ ਵਧੀ ਹੋਈ ਕੱਟਣ ਵਾਲੀ... ਮੈਲ਼ੀ ਕਮੀਜ਼ ਝੱਲਿਆਂ ਵਰਗੀ ਖੁੱਲ੍ਹੀ ਖੁੱਲ੍ਹੀ ਤੇ ਖੁੱਲ੍ਹੀ ਸਾਰੀ ਪੈਂਟ ਜੋ ਉਸ ਦੇ ਪੈਰਾਂ ’ਚ ਪਾਏ ਵੱਡੇ ਵੱਡੇ ਛਿੱਤਰਾਂ ’ਤੇ ਡਿੱਗਦੀ ਹੋਣ ਕਰਕੇ ਮੂਹਰੀਆਂ ਗਲ਼ੀਆਂ ਹੁੰਦੀਆਂ। ਜੇ ਉਸ ਕੋਲ ਰੱਦੀ ਵਾਲਾ ਰੇਹੜਾ ਨਾ ਹੋਵੇ ਤਾਂ ਹਰ ਕੋਈ ਉਸ ਨੂੰ ਝੱਲਾ ਸਮਝ ਲਵੇ। ਜਦ ਦੀਵਾਲੀ ਦੀਆਂ ਸਫ਼ਾਈਆਂ ਕਰਦਿਆਂ ਜਾਂ ਘਰ ਨੂੰ ਰੰਗ ਰੋਗਨ ਜਾਂ ਕੋਈ ਹੋਰ ਕੰਮ ਕਰਵਾਉਂਦਿਆਂ ਕਬਾੜ ਤੇ ਹੋਰ ਸੁੱਟਣ ਵਾਲਾ ਸਾਮਾਨ ਇਕੱਠਾ ਹੋ ਜਾਣਾ ਤਾਂ ਉਸੇ ਨੂੰ ਚੁਕਵਾ ਦੇਣਾ। ਜਿਹੜੀਆਂ ਚੀਜ਼ਾਂ ਕੂੜੇ ਵਿੱਚ ਸੁੱਟਣ ਵਾਲੀਆਂ ਹੁੰਦੀਆਂ ਉਹ ਵੀ ਉਸੇ ਨੂੰ ਚੁਕਵਾ ਦੇਣੀਆਂ ਤਾਂ ਕੂੜਾ ਚੁੱਕਣ ਵਾਲਿਆਂ ਦੀ ਤਿੜ ਫਿੜ ਦੀ ਸਿਰਦਰਦੀ ਤੋਂ ਵੀ ਸੁਰਖ਼ਰੂ ਹੋ ਜਾਣਾ।
ਇੱਕ ਦਿਨ ਬਿਜਲੀ ਦੀਆਂ ਖ਼ਰਾਬ ਚੀਜ਼ਾਂ ਲੈਣ ਵਾਲੇ ਨੂੰ ਮੈਂ ਆਪਣੀ ਪੁਰਾਣੀ ਵਾਸ਼ਿੰਗ ਮਸ਼ੀਨ ਵੇਚਣ ਲੱਗੀ ਤਾਂ ਇਹ ਕੋਲੋਂ ਦੀ ਲੰਘਿਆ ਜਾਂਦਾ ਰੁਕ ਗਿਆ ਤੇ ਮੈਨੂੰ ਆਖਣ ਲੱਗਾ, ‘‘ਇਹ ਤੁਸੀਂ ਮੈਨੂੰ ਦੇ ਦਿਓ...!’’ ‘‘ਤੂੰ ਕੀ ਕਰਨੀ ਐ...? ਨਾਲ਼ੇ ਇਹ ਤਾਂ ਖ਼ਰਾਬ ਐ...!’’ ਮੈਂ ਆਖਿਆ।
‘‘ਅਸੀਂ ਠੀਕ ਕਰਵਾ ਕੇ ਵਰਤ ਲਵਾਂਗੇ... ਮੇਰੀਆਂ ਕੁੜੀਆਂ ਰੋਜ਼ ਕਹਿੰਦੀਆਂ ਨੇ ਲੈ ਕੇ ਦੇਣ ਨੂੰ...।’’ ਉਸ ਨੇ ਆਖਿਆ।
‘‘ਕਿੰਨੀਆਂ ਕੁੜੀਆਂ ਨੇ ਭਾਈ ਤੇਰੇ...?’’ ਮੈਂ ਫਿਰ ਪੁੱਛਿਆ।
‘‘ਪੰਜ ਕੁੜੀਆਂ ਨੇ... ਕਬਾੜ ਵਿੱਚੋਂ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਈ ਚੱਲਦੈ...!’’ ਐਨਾ ਕਹਿ ਕੇ ਉਹ ਚੁੱਪ ਹੋ ਗਿਆ। ਮੈਂ ਉਹ ਮਸ਼ੀਨ ਉਸ ਨੂੰ ਦੋ ਸੌ ਰੁਪਏ ਵਿੱਚ ਚੁਕਵਾ ਦਿੱਤੀ।
ਇੱਕ ਦਿਨ ਉਸ ਦਾ ਅਖ਼ਬਾਰ ਲੈਂਦੇ ਹੋਏ ਮੇਰੇ ਪਤੀ ਨਾਲ ਭਾਅ ਨਾ ਬਣਿਆ ਤੇ ਮੇਰੇ ਪਤੀ ਨੇ ਆਪਣਾ ਗੁੱਸਾ ਦਿਖਾਉਂਦਿਆਂ ਚੁਟਕੀ ਮਾਰ ਕੇ ਉਂਗਲ਼ ਬਾਹਰ ਨੂੰ ਕਰਦੇ ਹੋਏ ਉਸ ਨੂੰ ਕਿਹਾ, ‘‘ਚੱਲ! ਚੱਲ.... ਔਹ ਦਰਵਾਜ਼ਾ... ਤੁਰਦਾ ਬਣ...!’’ ਉਹ ਵਿਚਾਰਾ ਸ਼ਰਾਫਤ ਨਾਲ਼ ਪੈਰ ਘੜੀਸਦਾ ਹੋਇਆ ਬਿਨਾਂ ਗੁੱਸਾ ਕੀਤੇ ਚੁੱਪਚਾਪ ਬਾਹਰ ਨਿਕਲ ਗਿਆ। ਮੈਨੂੰ ਆਪਣੇ ਪਤੀ ’ਤੇ ਬਹੁਤ ਗੁੱਸਾ ਆਇਆ ਤੇ ਕਿਹਾ, ‘‘ਵਿਚਾਰੇ ਸ਼ਰੀਫ਼ ਬੰਦੇ ਨੂੰ ਚੀਜ਼ ਨਹੀਂ ਦੇਣੀ ਤਾਂ ਨਾ ਦਿਓ... ਉਸ ਦੀ ਬੇਇੱਜ਼ਤੀ ਕਰਨ ਦਾ ਕੀ ਮਤਲਬ! ਸਿੱਧਾ ਜਿਹਾ ਬੰਦਾ ਹੈ। ਪੰਜ ਧੀਆਂ ਦਾ ਪਿਓ ਐ। ਸਰੀਰ ਵਿੱਚ ਲੱਗਦਾ ਜਿਵੇਂ ਜਾਨ ਹੀ ਨਾ ਹੋਵੇ... ਇਉਂ ਲੱਗਦੈ ਕਿ ਹੁਣ ਡਿੱਗਿਆ ਕਿ ਡਿੱਗਿਆ...!’’ ਮੈਂ ਗੁੱਸੇ ਵਿੱਚ ਹੋਰ ਬਹੁਤ ਕੁਝ ਬੋਲੀ ਜਾ ਰਹੀ ਸੀ। ਸ਼ਾਇਦ ਮੇਰੇ ਪਤੀ ਨੂੰ ਮੇਰੇ ਇਸ ਗੁੱਸੇ ਭਰੇ ਭਾਸ਼ਨ ਤੋਂ ਬਾਅਦ ਉਸ ਦੀ ਗ਼ਰੀਬੀ ਤੇ ਲਾਚਾਰੀ ਸਮਝ ਆ ਗਈ ਸੀ।
ਉਸ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਉਸ ਨੂੰ ਕਦੇ ਰੱਦੀ ਵੇਚਦਿਆਂ ਨੂੰ ਨਹੀਂ ਦੇਖਿਆ ਸੀ ਸਗੋਂ ਜੋ ਵੀ ਕਬਾੜ, ਬੋਤਲਾਂ, ਪਲਾਸਟਿਕ ਹੁੰਦਾ ਉਸ ਨੂੰ ਪਿਆਰ ਨਾਲ ਹਾਕ ਮਾਰਦੇ, ‘‘ਓਏ ਠੱਗਾ... ਰੁਕੀਂ...!’’ ਉਹ ਰੁਕ ਜਾਂਦਾ ਤੇ ਉਸ ਨੂੰ ਰੱਦੀ ਵਾਲੀ ਬੋਰੀ ਫੜਾ ਕੇ ਅੰਦਰ ਆ ਜਾਂਦੇ। ਮੈਂ ਤਾਂ ਪਹਿਲਾਂ ਹੀ ਉਸ ਨੂੰ ਘਿਓ ਵਾਲ਼ੀਆਂ ਪੀਪੀਆਂ ਜਾਂ ਹੋਰ ਸਮਾਨ ਵੈਸੇ ਹੀ ਚੁਕਾ ਦਿੰਦੀ ਸੀ। ਉਹ ਭਾਈ ਸਾਡੇ ਲਈ ਕੋਈ ਪੇਸ਼ੇਵਰ ਠੱਗ ਨਹੀਂ ਸਗੋਂ ਉਸ ਦਾ ਨਾਮ ਪੱਕ ਚੁੱਕਿਆ ਸੀ ਜਿਸ ਨੂੰ ਉਹ ਵੀ ਸ਼ਾਇਦ ਆਪਣਾ ਨਾਂ ਹੀ ਸਮਝਣ ਲੱਗ ਪਿਆ ਸੀ।
ਸੰਪਰਕ: 99889-01324
* * *
ਸੱਬੀ ਦੀਆਂ ਸੱਧਰਾਂ
ਡਾ. ਸੰਦੀਪ ਸਿੰਘ ਮੁੰਡੇ
ਸੱਬੀ ਦੇ ਵਿਆਹ ਵਿੱਚ ਵੀਹ ਕੁ ਦਿਨ ਰਹਿੰਦੇ ਸਨ। ਘਰ ਵਿੱਚ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸੱਬੀ ਨੇ ਆਪਣੇ ਦਾਜ ਲਈ ਦਰੀਆਂ, ਚਾਦਰਾਂ ਅਤੇ ਸਿਰਹਾਣੇ ਆਪ ਤਿਆਰ ਕੀਤੇ ਸਨ। ਹੁਣ ਉਹ ਇਨ੍ਹਾਂ ਦਾਜ ਦੀਆਂ ਚੀਜ਼ਾਂ ਨੂੰ ਸਾਂਭ-ਸਾਂਭ ਰੱਖਦੀ। ਉਸ ਨੂੰ ਆਪਣੇ ਵਿਆਹ ਦਾ ਬੜਾ ਚਾਅ ਸੀ ਕਿਉਂਕਿ ਉਸ ਦਾ ਰਿਸ਼ਤਾ ਚੰਗੇ ਖਾਨਦਾਨੀ ਪਰਿਵਾਰ ਦੇ ਸਰਕਾਰੀ ਮਾਸਟਰ ਦੀਪ ਨਾਲ ਤੈਅ ਹੋਇਆ ਸੀ। ਦੀਪ ਇੱਕ ਸਾਊ ਸੁਭਾਅ ਵਾਲਾ ਮੁੰਡਾ ਸੀ। ਛੋਟੀ ਉਮਰ ਵਿੱਚ ਹੀ ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਉਸ ਦੀ ਮਾਂ ਨੇ ਬੜੀਆਂ ਔਕੜਾਂ ਝੱਲ ਕੇ ਪੜ੍ਹਾਇਆ ਸੀ। ਉਹ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਇਸੇ ਕਰਕੇ ਬੀ.ਐੱਡ. ਕਰਨ ਤੋਂ ਤੁਰੰਤ ਬਾਅਦ ਉਸ ਨੂੰ ਸਰਕਾਰੀ ਨੌਕਰੀ ਮਿਲ ਗਈ ਸੀ। ਦੀਪ ਵੀ ਸੱਬੀ ਨਾਲ ਹੋਏ ਰਿਸ਼ਤੇ ਤੋਂ ਬਹੁਤ ਖ਼ੁਸ਼ ਸੀ। ਉਸ ਨੇ ਬਿਨਾਂ ਦਾਜ ਤੋਂ ਇਸ ਰਿਸ਼ਤੇ ਲਈ ਹਾਂ ਕੀਤੀ ਸੀ। ਸੱਬੀ ਇਸ ਰਿਸ਼ਤੇ ਤੋਂ ਇੰਨੀ ਖ਼ੁਸ਼ ਸੀ ਕਿ ਉਹ ਕੰਮ ਕਰਦੀ-ਕਰਦੀ ਕਦੇ ਆਪਣੇ ਵਿਆਹ ਦੇ ਖ਼ਿਆਲਾਂ ਵਿੱਚ ਗੁਆਚ ਜਾਂਦੀ, ਕਦੇ ਉਸ ਦੇ ਦਿਲ ਵਿੱਚ ਨਵੀਆਂ ਤਰੰਗਾਂ ਅਤੇ ਕਲਪਨਾਵਾਂ ਉਪਜਦੀਆਂ। ਕਦੇ ਉਹ ਖ਼ਿਆਲਾਂ ਵਿੱਚ ਹੀ ਆਪਣੇ ਪਤੀ ਦੀਪ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗਦੀ।
ਇੱਕ ਦਿਨ ਉਸ ਦੀ ਪੱਕੀ ਸਹੇਲੀ ਮੀਤੋ ਉਸ ਨੂੰ ਮਿਲਣ ਆਈ ਤਾਂ ਉਹ ਆਪਣੀਆਂ ਹੱਥੀਂ ਕੱਢੀਆਂ ਚਾਦਰਾਂ, ਦਰੀਆਂ ਅਤੇ ਸਿਰਹਾਣੇ ਦਿਖਾਉਂਦੀ ਹੋਈ ਕਹਿੰਦੀ, “ਦੇਖ ਤਾਂ ਭੈਣੇ, ਸੋਹਣੇ ਲੱਗਦੇ ਐ ਫੁੱਲ?”
“ਹਾਂ ਭੈਣੇ, ਫੁੱਲ ਤਾਂ ਬੜੇ ਫੱਬਦੇ ਐ, ਪਰ ਆਹ ਦਿਲ ਜਿਹਾ ਬਣਾ ਕੇ ਵਿੱਚ ਅੱਖਰਾਂ ਨਾਲ ਕੀ ਪਰੋਇਆ ਹੈ?” ਮੀਤੋ ਨੇ ਸਿਰਹਾਣੇ ਦੇ ਛਾੜ ਦੀ ਤਹਿ ਖੋਲ੍ਹਦਿਆਂ ਖਚਰੀ ਜਿਹੀ ਹਾਸੀ ਹੱਸਦਿਆਂ ਪੁੱਛਿਆ।
“ਤੂੰ ਹੀ ਬੁੱਝ, ਮੈਂ ਨਹੀਂ ਦੱਸਣਾ,” ਕਹਿ ਕੇ ਸੱਬੀ ਨੇ ਆਪਣੀ ਖ਼ੁਸ਼ੀ ਨੂੰ ਬੜੀ ਮੁਸ਼ਕਿਲ ਨਾਲ ਕਾਬੂ ਕਰਦਿਆਂ ਨੀਵੀਂ ਜਿਹੀ ਪਾ ਲਈ।
“ਅੱਛਾ, ਹੁਣ ਸਮਝ ਆਈ... ਮੈਡਮ ਨੇ ਮੇਰੇ ਹੋਣ ਵਾਲੇ ਜੀਜਾ ਜੀ ਅਤੇ ਆਪਣੇ ਨਾਂ ਨੂੰ ਸਿਰਹਾਣੇ ’ਤੇ ਰੰਗ-ਬਿਰੰਗੇ ਧਾਗਿਆਂ ਨਾਲ ਪਰੋਇਆ ਹੈ।” ਮੀਤੋ ਸਿਰਹਾਣੇ ਦੇ ਛਾੜ ਦੀ ਦੁਬਾਰਾ ਤਹਿ ਲਾਉਂਦੀ ਬੋਲੀ।
ਸੱਬੀ ਨੇ ਆਪਣਾ ਅਤੇ ਆਪਣੇ ਹੋਣ ਵਾਲੇ ਪਤੀ ਦੀਪ ਦਾ ਨਾਂ ਕੇਵਲ ਸਿਰਹਾਣੇ ਦੇ ਛਾੜਾਂ ’ਤੇ ਹੀ ਨਹੀਂ ਸੀ ਲਿਖਿਆ ਸਗੋਂ ਉਸ ਨੇ ਚਾਦਰਾਂ ਅਤੇ ਦਰੀਆਂ ’ਤੇ ਵੀ ਇਹ ਨਾਂ ਪਰੋਏ ਸਨ। ਮਾਸਟਰ ਦੀਪ ਨਾਲ ਰਿਸ਼ਤਾ ਤੈਅ ਹੋਣ ਤੋਂ ਬਾਅਦ ਉਹ ਫੁੱਲੀ ਨਹੀਂ ਸਮਾਉਂਦੀ ਸੀ ਕਿਉਂਕਿ ਉਸ ਦੀ ਪੜ੍ਹਨ ਦੀ ਰੀਝ ਅਧੂਰੀ ਰਹਿ ਗਈ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਦਸਵੀਂ ਜਮਾਤ ਪਾਸ ਕਰਨ ਪਿੱਛੋਂ ਪੜ੍ਹਨੋਂ ਹਟਾ ਕੇ ਘਰ ਬਿਠਾ ਲਿਆ ਸੀ।
ਸੱਬੀ ਦੀ ਮਾਂ ਨੇ ਆਪਣੀ ਵੱਡੀ ਭੈਣ ਬਲਬੀਰੋ ਨੂੰ ਵਿਆਹ ਦੇ ਸਾਰੇ ਕੰਮਾਂ ਦੀ ਖ਼ੁਦਮੁਖਤਿਆਰੀ ਦਿੱਤੀ ਹੋਈ ਸੀ ਕਿਉਂਕਿ ਉਹ ਸੱਬੀ ਦੀ ਸਕੀ ਮਾਸੀ ਹੋਣ ਦੇ ਨਾਲ-ਨਾਲ ਤਾਈ ਵੀ ਸੀ। ਸੱਬੀ ਦੀ ਮਾਂ ਸਾਰੇ ਕੰਮ ਆਪਣੀ ਭੈਣ ਬਲਬੀਰੋ ਨੂੰ ਹਮੇਸ਼ਾਂ ਪੁੱਛ ਕੇ ਹੀ ਕਰਦੀ ਕਿਉਂਕਿ ਉਸ ਨੂੰ ਉਸ ’ਤੇ ਬਹੁਤ ਭਰੋਸਾ ਸੀ। ਬਲਬੀਰੋ ਵੀ ਅੱਗੇ ਹੋ ਕੇ ਸਾਰੇ ਕੰਮ ਦੇਖਦੀ ਅਤੇ ਕਈ ਵਾਰੀ ਤਾਂ ਸੱਬੀ ਦੀ ਮਾਂ ਦੀ ਰਾਇ ਤੋਂ ਬਿਨਾਂ ਹੀ ਫ਼ੈਸਲੇ ਲੈ ਲੈਂਦੀ, ਪਰ ਸੱਬੀ ਦੀ ਮਾਂ ਨੇ ਕਦੇ ਇਸ ਦਾ ਬੁਰਾ ਨਹੀਂ ਮਨਾਇਆ ਸੀ।
ਸੱਬੀ ਅਤੇ ਦੀਪ ਦੇ ਰਿਸ਼ਤੇ ਤੋਂ ਬਾਕੀ ਸਾਰੇ ਖ਼ੁਸ਼ ਸਨ, ਪਰ ਉਸ ਦੀ ਸਕੀ ਮਾਸੀ ਬਲਬੀਰੋ ਨਹੀਂ। ਜਿਉਂ-ਜਿਉਂ ਉਸ ਦੇ ਵਿਆਹ ਦਾ ਦਿਨ ਨੇੜੇ ਰਿਹਾ ਸੀ, ਉਹ ਓਨੀ ਹੀ ਜ਼ਿਆਦਾ ਦੁਖੀ ਹੋ ਰਹੀ ਸੀ, ਹਾਲਾਂਕਿ ਉਹ ਮੂੰਹ ’ਤੇ ਮੀਆਂ ਮਿੱਠੂ ਬਣੀ ਰਹਿੰਦੀ। ਬਲਬੀਰੋ ਦੇ ਮਨ ਵਿੱਚ ਹਮੇਸ਼ਾ ਇਹ ਗੱਲ ਚੁੱਭਦੀ ਰਹਿੰਦੀ ਕਿ ਉਸ ਦੀ ਆਪਣੀ ਕੁੜੀ ਦਾ ਵਿਆਹ ਤਾਂ ਸਾਧਾਰਨ ਜਿਹੇ ਘਰ ਵਿੱਚ ਛੋਟੀ ਜਿਹੀ ਪ੍ਰਾਈਵੇਟ ਨੌਕਰੀ ਕਰਦੇ ਮੁੰਡੇ ਨਾਲ ਹੋਇਆ ਸੀ, ਪਰ ਹੁਣ ਸੱਬੀ ਦਾ ਵਿਆਹ ਚੰਗੇ ਘਰ ਵਿੱਚ ਸਰਕਾਰੀ ਨੌਕਰੀ ਲੱਗੇ ਮੁੰਡੇ ਨਾਲ ਹੋ ਰਿਹਾ ਸੀ। ਇਹ ਗੱਲ ਬਲਬੀਰੋ ਤੋਂ ਬਰਦਾਸ਼ਤ ਨਹੀਂ ਸੀ ਹੋ ਰਹੀ। ਉਸ ਨੂੰ ਲੱਗਦਾ ਸੀ ਕਿ ਜੇਕਰ ਸੱਬੀ ਦਾ ਵਿਆਹ ਇਸ ਚੰਗੇ ਘਰ ਵਿੱਚ ਹੋ ਗਿਆ ਤਾਂ ਉਸ ਦਾ ਨੱਕ ਹੀ ਵੱਢਿਆ ਜਾਵੇਗਾ। ਇਸ ਲਈ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਇਸ ਰਿਸ਼ਤੇ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਤੁੜਵਾ ਦੇਣਾ ਚਾਹੁੰਦੀ ਸੀ। ਇਸ ਲਈ ਉਸ ਨੇ ਇੱਕ ਚਾਲ ਖੇਡੀ ਅਤੇ ਆਪਣੀ ਇਸ ਚਾਲ ਵਿੱਚ ਲਾਲਚ ਦੇ ਕੇ ਵਿਚੋਲੇ ਨੂੰ ਵੀ ਸ਼ਾਮਿਲ ਕਰ ਲਿਆ।
ਬਲਬੀਰੋ ਨੇ ਆਪਣੀ ਚਾਲ ਮੁਤਾਬਿਕ ਵਿਚੋਲੇ ਨੂੰ ਸੱਬੀ ਦੇ ਘਰ ਸੱਦਿਆ ਅਤੇ ਉਸ ਦੇ ਮੂੰਹੋਂ ਮੁੰਡੇ ਵਾਲਿਆਂ ਵੱਲੋਂ ਸਕੂਟਰ ਦੀ ਮੰਗ ਦੀ ਗੱਲ ਅਖਵਾਈ। ਸਕੂਟਰ ਦੀ ਮੰਗ ਸੁਣ ਕੇ ਸੱਬੀ ਦੇ ਮਾਂ-ਪਿਓ ਦੇ ਤਾਂ ਹੋਸ਼ ਹੀ ਉੱਡ ਗਏ ਕਿਉਂਕਿ ਉਨ੍ਹਾਂ ਦੀ ਹੈਸੀਅਤ ਦਾਜ ਵਿੱਚ ਸਕੂਟਰ ਦੇਣ ਦੀ ਨਹੀਂ ਸੀ। ਇਹ ਗੱਲ ਸੱਬੀ ਦੇ ਕੰਨੀਂ ਵੀ ਪੈ ਗਈ। ਦਾਜ ਵਿੱਚ ਸਕੂਟਰ ਦੀ ਮੰਗ ਸੁਣ ਕੇ ਪੂਰੇ ਹੱਸਦੇ-ਖੇਡਦੇ ਵਿਆਹ ਦੀਆਂ ਤਿਆਰੀਆਂ ਕਰਦੇ ਪਰਿਵਾਰ ਵਿੱਚ ਇਕਦਮ ਸੋਗ ਪੈ ਗਿਆ।
ਸੱਬੀ ਦੀ ਮਾਂ ਨੇ ਥੋੜ੍ਹਾ ਜਿਹਾ ਮਨ ਕਰੜਾ ਕਰ ਕੇ ਵਿਚੋਲੇ ਨੂੰ ਪੁੱਛਿਆ, “ਵੀਰੇ, ਕੀ ਕਹਿੰਦੇ ਹੈ ਮਾਸਟਰ ਕੇ? ਪਹਿਲਾਂ ਤਾਂ ਕੋਹੜਿਆਂ ਨੇ ਕੋਈ ਮੰਗ ਰੱਖੀ ਨਹੀਂ ਸੀ, ਹੁਣ ਕੀ ਹੋ ਗਿਆ ਚੰਦਰਿਆਂ ਨੂੰ? ਤੁਸੀਂ ਉਨ੍ਹਾਂ ਨਾਲ ਦੁਬਾਰਾ ਗੱਲ ਤਾਂ ਕਰੋ।” “ਕੋਈ ਲੋੜ ਨਹੀਂ ਹੁਣ ਗੱਲ ਕਰਨ ਦੀ, ਅਸੀਂ ਨ੍ਹੀਂ ਦਾਜ ਦੇ ਲੋਭੀਆਂ ਦੇ ਘਰ ਕੁੜੀ ਤੋਰਨੀ... (ਵਿਚੋਲੇ ਵੱਲ ਦੇਖ ਕੇ) ਜਾ, ਕਹਿਦੇ ਜਾ ਕੇ ਉਨ੍ਹਾਂ ਨੂੰ ਸਾਡੇ ਵੱਲੋਂ ਕੋਰੀ ਨਾਂਹ ਹੈ... ਬਥੇਰੇ ਮੁੰਡੇ ਹੈਗੇ ਮੇਰੀ ਨਜ਼ਰ ਵਿੱਚ... ਸੱਬੀ ਲਈ ਅੱਜ ਹੀ ਮੁੰਡਾ ਹੋਰ ਭਾਲ ਲੈਂਦੇ ਹਾਂ।” ਬਲਬੀਰੋ ਨੇ ਮੰਜੇ ਤੋਂ ਉੱਠਦਿਆਂ ਗੁੱਸੇ ਨਾਲ ਕਿਹਾ।
ਸੱਬੀ ਦੇ ਮਾਂ-ਪਿਓ, ਭਰਾ ਅਤੇ ਹੋਰ ਪਾਰਿਵਾਰਕ ਮੈਂਬਰ ਮੁੰਡੇ ਵਾਲਿਆਂ ਨਾਲ ਗੱਲ ਕਰਨ ਲਈ ਰਾਜ਼ੀ ਸਨ, ਪਰ ਸੱਬੀ ਦੀ ਮਾਸੀ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ ਅਤੇ ਵਿਚੋਲੇ ਨੂੰ ਸ਼ਗਨ ਦੀਆਂ ਚੀਜ਼ਾ ਵਾਪਸ ਕਰਨ ਲਈ ਭੇਜ ਦਿੱਤਾ। ਇੱਧਰ ਸੱਬੀ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸ ਨੂੰ ਇਸ ਗੱਲ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦਾ ਰਿਸ਼ਤਾ ਤੋੜ ਦਿੱਤਾ ਗਿਆ ਹੈ। ਉਹ ਆਪਣੀਆਂ ਹੱਥੀਂ ਕੱਢੀਆਂ ਚਾਦਰਾਂ, ਦਰੀਆਂ ਅਤੇ ਸਿਰਹਾਣਿਆਂ ’ਤੇ ਚਾਵਾਂ ਨਾਲ ਪਰੋਏ ਨਾਵਾਂ ਨੂੰ ਯਾਦ ਕਰਦੀ-ਕਰਦੀ ਬੇਹੋਸ਼ ਹੋ ਗਈ। ਉਸ ਨੂੰ ਦੀਪ ’ਤੇ ਰੱਬ ਵਰਗਾ ਭਰੋਸਾ ਸੀ, ਪਰ ਰਿਸ਼ਤਾ ਤੋੜਨ ਵੇਲੇ ਇੱਕ ਵਾਰ ਵੀ ਉਸ ਨੂੰ ਪੁੱਛਿਆ ਨਹੀਂ ਗਿਆ। ਸੱਬੀ ਦੇ ਪਰਿਵਾਰ ਵੱਲੋਂ ਰਿਸ਼ਤਾ ਤੋੜਣ ਦੇ ਫ਼ੈਸਲੇ ਲਈ ਸੱਬੀ ਦੀ ਰਜ਼ਾਮੰਦੀ ਲੈਣੀ ਜਾਂ ਮੁੰਡੇ ਵਾਲਿਆਂ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਸਮਝੀ ਗਈ। ਇਸ ਤਰ੍ਹਾਂ ਸੱਬੀ ਦੀਆਂ ਸੱਧਰਾਂ ਨੂੰ ਰੋਲ ਕੇ ਰੱਖ ਦਿੱਤਾ ਗਿਆ।
ਸੰਪਰਕ: 94136-52646