ਫੜਨਵੀਸ ਦੀ ਪਤਨੀ ਬਾਰੇ ਟਿੱਪਣੀ ਕਰਨ ’ਤੇ ਕਨ੍ਹੱਈਆ ਵਿਵਾਦਾਂ ’ਚ
ਮੁੰਬਈ: ਕਾਂਗਰਸ ਆਗੂ ਕਨ੍ਹੱਈਆ ਕੁਮਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅਮਰੁਤਾ ਫੜਨਵੀਸ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦਾਂ ’ਚ ਘਿਰ ਗਏ ਹਨ। ‘ਵੋਟ ਜਹਾਦ’ ਦੇ ਟਾਕਰੇ ਲਈ ‘ਧਰਮ ਯੁੱਧ’ ਦਾ ਨਾਅਰਾ ਦੇਣ ’ਤੇ ਕਨ੍ਹੱਈਆ ਨੇ ਅਮਰੁਤਾ ਖ਼ਿਲਾਫ਼ ਇੰਸਟਾਗ੍ਰਾਮ ’ਤੇ ਰੀਲਾਂ ਬਣਾਉਣ ਸਬੰਧੀ ਟਿੱਪਣੀ ਕੀਤੀ ਸੀ। ਭਾਜਪਾ ਨੇ ਕਿਹਾ ਕਿ ਉਹ ਮਹਾਰਾਸ਼ਟਰ ’ਚ ਚੋਣ ਪ੍ਰਚਾਰ ਕਰਨ ਦੀ ਬਜਾਏ ਆਗੂਆਂ ਦੀ ਕਿਰਦਾਰਕੁਸ਼ੀ ’ਚ ਜੁਟੇ ਹੋਏ ਹਨ। ਕਨ੍ਹੱਈਆ ਨੇ ਕਿਹਾ ਕਿ ਧਰਮ ਦੀ ਰੱਖਿਆ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ ਅਤੇ ਇਹ ਕੁਝ ਚੋਣਵੇਂ ਵਿਅਕਤੀਆਂ ਦੇ ਜ਼ਿੰਮੇ ਨਹੀਂ ਹੈ। ਉਨ੍ਹਾਂ ਕਿਹਾ, ‘‘ਜੇ ਇਹ ਧਰਮ ਯੁੱਧ ਹੈ ਤਾਂ ਫਿਰ ਤੁਹਾਨੂੰ ਹਰੇਕ ਉਸ ਆਗੂ ਨੂੰ ਸਵਾਲ ਕਰਨੇ ਚਾਹੀਦੇ ਹਨ ਜੋ ਤੁਹਾਡੇ ਧਰਮ ਨੂੰ ਬਚਾਉਣ ਦੇ ਉਪਦੇਸ਼ ਦਿੰਦੇ ਹਨ।’’ ਕਨ੍ਹੱਈਆ ਦੇ ਇਸ ਬਿਆਨ ਦੀ ਭਾਜਪਾ ਤਰਜਮਾਨ ਸ਼ਾਹਜ਼ਾਦ ਪੂਨਾਵਾਲਾ ਨੇ ਨਿਖੇਧੀ ਕਰਦਿਆਂ ਕਾਂਗਰਸ ਆਗੂ ਨੂੰ ‘ਨਕਸਲੀ ਅਫ਼ਜ਼ਲ ਗੁਰੂ ਸਮਰਥਕ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਫੜਨਵੀਸ ਦੀ ਪਤਨੀ ਦਾ ਅਪਮਾਨ ਸਾਰੀਆਂ ਮਰਾਠੀ ਮਹਿਲਾਵਾਂ ਦਾ ਅਪਮਾਨ ਹੈ। -ਆਈਏਐੱਨਐੱਸ