ਚੀਫ ਜਸਟਿਸ ਖੰਨਾ ਵੱਲੋਂ ਕੇਸਾਂ ਦੀ ਵੰਡ ਲਈ ਨਵਾਂ ਰੋਸਟਰ ਜਾਰੀ
ਨਵੀਂ ਦਿੱਲੀ, 14 ਨਵੰਬਰ
ਚੀਫ ਜਸਟਿਸ ਸੰਜੀਵ ਖੰਨਾ ਨੇ 16 ਬੈਂਚਾਂ ਨੂੰ ਨਵੇਂ ਕੇਸਾਂ ਦੀ ਵੰਡ ਲਈ ਨਵਾਂ ਰੋਸਟਰ ਜਾਰੀ ਕੀਤਾ ਹੈ ਤੇ ਨਾਲ ਹੀ ਫ਼ੈਸਲਾ ਲਿਆ ਗਿਆ ਹੈ ਕਿ ਚੀਫ ਜਸਟਿਸ ਤੇ ਦੋ ਸਭ ਤੋਂ ਸੀਨੀਅਰ ਜੱਜਾਂ ਦੀ ਅਗਵਾਈ ਹੇਠਲੀਆਂ ਪਹਿਲੀਆਂ ਤਿੰਨ ਅਦਾਲਤਾਂ ਕ੍ਰਮਵਾਰ ਪੱਤਰ ਪਟੀਸ਼ਨਾਂ ਤੇ ਜਨਤਕ ਪਟੀਸ਼ਨਾਂ ’ਤੇ ਸੁਣਵਾਈ ਕਰਨਗੀਆਂ। ਚੀਫ ਜਸਟਿਸ ਦੇ ਹੁਕਮਾਂ ਤਹਿਤ ਨਵੇਂ ਕੇਸਾਂ ਦੀ ਵੰਡ ਲਈ ਰੋਸਟਰ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਨੋਟੀਫਾਈ ਕੀਤਾ ਹੈ ਅਤੇ ਇਹ 11 ਨਵੰਬਰ ਤੋਂ ਅਮਲ ਵਿੱਚ ਆ ਗਿਆ ਹੈ। ਨਾਗਰਿਕਾਂ ਵੱਲੋਂ ਸੁਪਰੀਮ ਕੋਰਟ ਨੂੰ ਲਿਖੇ ਪੱਤਰਾਂ ਰਾਹੀਂ ਦਾਇਰ ਨਵੀਂਆਂ ਪਟੀਸ਼ਨਾਂ ਤੇ ਨਵੀਆਂ ਜਨਤਕ ਪਟੀਸ਼ਨਾਂ ਦੀ ਸੁਣਵਾਈ ਚੀਫ ਜਸਟਿਸ ਅਤੇ ਦੋ ਸਭ ਤੋਂ ਸੀਨੀਅਰ ਜੱਜ ਬੀਆਰ ਗਵਈ ਤੇ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ਹੇਠਲੇ ਬੈਂਚ ਕਰਨਗੇ। ਇਨ੍ਹਾਂ ਪਟੀਸ਼ਨਾਂ ਤੋਂ ਇਲਾਵਾ ਚੀਫ ਜਸਟਿਸ ਦੀ ਅਗਵਾਈ ਹੇਠਲਾ ਬੈਂਚ ਵੱਧ ਤੋਂ ਵੱਧ ਮੁੱਦਿਆਂ ’ਤੇ ਵਿਚਾਰ ਕਰੇਗਾ, ਜਿਨ੍ਹਾਂ ’ਚ ਸਮਾਜਿਕ ਨਿਆਂ ਨਾਲ ਸਬੰਧਤ ਕੇਸ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਦੀ ਚੋਣ ਨਾਲ ਸਬੰਧਤ ਵਿਵਾਦ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਚੋਣ ਨਾਲ ਸਬੰਧਤ ਹੋਰ ਮਾਮਲੇ, ਹੈਬੀਅਸ ਕੌਰਪਸ ਨਾਲ ਸਬੰਧਤ ਮਾਮਲੇ ਅਤੇ ਸਾਲਸੀ ਦੇ ਮਾਮਲੇ ਸ਼ਾਮਲ ਹਨ। -ਪੀਟੀਆਈ