ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਂਗੜੀ

08:52 AM Jul 18, 2024 IST

ਕਮਲਜੀਤ ਸਿੰਘ ਬਨਵੈਤ

Advertisement

ਗ੍ਰਹਿਸਤੀ ਦੀ ਗੱਡੀ ਰੇੜਦਿਆਂ ਰੇੜਦਿਆਂ ਪੈਂਤੀ ਵਰ੍ਹੇ ਹੋ ਗਏ। ਬੜੇ ਸਾਰੇ ਪੰਗੇ ਖੜ੍ਹੇ ਹੁੰਦੇ ਰਹੇ ਹਨ ਜਿਨ੍ਹਾਂ ਨੂੰ ਲੈ ਕੇ ਸਾਡੇ ਦੋਹਾਂ ਵਿੱਚ ਰਜ਼ਾਮੰਦੀ ਨਹੀਂ ਹੋਈ ਹੋਵੇਗੀ ਪਰ ਕਦੇ ਟਕਰਾਅ ਵੀ ਨਹੀਂ ਹੋਇਆ। ਅਸੀਂ ਦੋਵੇਂ ਇੱਕ-ਦੂਜੇ ਦੀਆਂ ਅੱਖਾਂ ਦੀ ਝਲਕ ਨਾਲ ਹੀ ਸਮਝ ਜਾਂਦੇ ਰਹੇ ਹਾਂ ਕਿ ਦੂਜਾ ਕੀ ਚਾਹੁੰਦਾ ਹੈ। ਉਂਜ, ਪਤਨੀ ਦੀਆਂ ਬੜੀਆਂ ਸਾਰੀਆਂ ਰੀਝਾਂ ਵਿਆਹ ਤੋਂ ਅਗਲੇ ਦਿਨ ਹੀ ਅਧੂਰੀਆਂ ਰਹਿਣ ਲੱਗੀਆਂ ਸਨ ਪਰ ਉਸ ਨੇ ਕਦੇ ਇਹ ਅੜੀ ਨਹੀਂ ਕੀਤੀ, ‘‘ਮੈਂ ਤਾਂ ਇਹ ਹੀ ਚਾਹੁੰਦੀ ਹਾਂ, ਮੈਂ ਤਾਂ ਇਉਂ ਹੀ ਕਰਨਾ ਹੈ।’’ ਘਰਾਂ ਵਿੱਚ ਭਾਂਡੇ ਖੜਕਣ ਵਾਲੀ ਗੱਲ ਵੀ ਬੱਚਿਆਂ ਦੇ ਵੱਡੇ ਹੋਣ ਤੋਂ ਬਾਅਦ ਹੀ ਸਮਝ ਆਉਣ ਲੱਗੀ ਹੈ।
ਰੂਬੀ ਦੀ ਇੱਛਾ ਸੀ ਕਿ ਵਿਆਹ ਤੋਂ ਬਾਅਦ ਹਨੀਮੂਨ ’ਤੇ ਜਾਇਆ ਜਾਵੇ। ਉਹ ਵੀ ਕਸ਼ਮੀਰ ਜਾਂ ਸਵਿਟਜ਼ਰਲੈਂਡ। ਇੱਕ ਦੂਜੇ ਨੂੰ ਸਮਝਣ, ਨੇੜੇ ਹੋਣ ਦਾ ਮੌਕਾ ਮਿਲ ਜਾਂਦਾ ਹੈ। ਜਦੋਂ ਸਾਡਾ ਵਿਆਹ ਹੋਇਆ ਤਾਂ ਪੰਜਾਬ ਦੇ ਹਾਲਾਤ ਤੱਤੇ ਚੱਲ ਰਹੇ ਸਨ। ਬੇਬੇ ਬਾਪੂ ਦੇ ਕਹਿਣ ’ਤੇ ਉਹ ਘਰ ਵਿੱਚ ਹੀ ਰਹਿਣ ਲਈ ਰਜ਼ਾਮੰਦ ਹੋ ਗਈ। ਫਿਰ ਉਹ ਕਈ ਵਾਰ ਵਿਚ ਵਿਚਾਲੇ ਕਹਿੰਦੀ ਰਹੀ ਕਿ ਮੈਨੂੰ ਪਹਾੜ, ਬਰਫ਼ ਅਤੇ ਬੀਚ ਚੰਗੇ ਲੱਗਦੇ ਹਨ। ਮੈਂ ਹਰ ਵਾਰ ਸੁਖਾਵੇਂ ਦਿਨ ਆਉਣ ਦਾ ਬਹਾਨਾ ਲਾ ਕੇ ਟਾਲਦਾ ਰਿਹਾ। ਜਦੋਂ ਕਿਸੇ ਮਿੱਤਰ ਸੱਜਣ ਨਾਲ ਗੱਲ ਕਰਦਿਆਂ ਘੁੰਮਣ-ਫਿਰਨ ਦੀ ਗੱਲ ਤੁਰਦੀ ਤਾਂ ਉਹਦੇ ਮੂੰਹੋਂ ਕਿਰ ਜਾਂਦਾ, ‘‘ਅਸੀਂ ਤਾਂ ਖੂਹ ਦੇ ਡੱਡੂ ਹਾਂ।’’
ਮੈਨੂੰ ਲੱਗਦਾ ਸੀ ਕਿ ਪਿੰਡੋਂ ਆ ਕੇ ਚੰਡੀਗੜ੍ਹ ਵੱਸੇ ਹਾਂ, ਚੰਗੀ ਨੌਕਰੀ ਹੱਥ ਆ ਜਾਵੇ, ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹ ਜਾਣ, ਆਪਣਾ ਘਰ ਬਣ ਜਾਵੇ, ਦੋ ਕੌਡੀਆਂ ਜੇਬ ਵਿੱਚ ਆ ਜਾਣ, ਫੇਰ ਮਸਤੀਆਂ ਮਾਰਿਆ ਕਰਾਂਗੇ। ਉਹ ਮੇਰੇ ਨਾਲ ਅਸਹਿਮਤ ਹੋ ਕੇ ਵੀ ਰਜ਼ਾਮੰਦ ਹੋ ਜਾਂਦੀ। ਇਹ ਤਾਂ ਚੰਗਾ ਹੋਇਆ ਕਿ ਅੱਠ-ਦਸ ਸਾਲ ਪਹਿਲਾਂ ਜਦੋਂ ਸਾਡੀ ਧੀ ਗਲੋਰੀਆਂ ਪੰਜਾਬ ਸਰਕਾਰ ਵਿੱਚ ਸੀਨੀਅਰ ਕਾਨੂੰਨੀ ਸਲਾਹਕਾਰ ਲੱਗੀ ਤਾਂ ਉਸ ਨੇ ਪਹਿਲੇ ਛੇ ਮਹੀਨਿਆਂ ਦੀ ਤਨਖਾਹ ਜੋੜ ਕੇ ਸਾਡੇ ਵਿਆਹ ਦੀ 25ਵੀਂ ਵਰ੍ਹੇਗੰਢ ’ਤੇ ਗੋਆ ਦਾ ਸਰਪ੍ਰਾਈਜ਼ ਟੂਰ ਤੋਹਫ਼ੇ ਵਜੋਂ ਦੇ ਦਿੱਤਾ ਸੀ। ਇੱਕ ਵਾਰ ਪਹਿਲਾਂ ਵੀ ਸਾਡੇ ਇੱਕ ਮਿੱਤਰ ਨੇ ਧੱਕੇ ਨਾਲ ਮਨਾਲੀ ਦਾ ਟੂਰ ਬਣਾ ਲਿਆ ਸੀ। ਸ਼ਿਮਲਾ ਦੀ ਫੇਰੀ ਨੂੰ ਤਾਂ ਕੋਈ ਯਾਤਰਾ ਵਿੱਚ ਗਿਣਦਾ ਹੀ ਨਹੀਂ।
ਪਿਛਲੇ ਦਿਨੀਂ ਰੂਬੀ ਨੇ ਬੱਚਿਆਂ ਨਾਲ ਮਿਲ ਕੇ ਕਸ਼ਮੀਰ ਦਾ ਇੱਕ ਹਫ਼ਤੇ ਦਾ ਟੂਰ ਬਣਾ ਲਿਆ। ਬੇਟੇ ਨੇ ਹਵਾਈ ਜਹਾਜ਼, ਹੋਟਲ ਸਮੇਤ ਸਾਰਾ ਕੁਝ ਔਨਲਾਈਨ ਬੁੱਕ ਕਰਵਾ ਦਿੱਤਾ। ਮੇਰੇ ਨਾਂਹ ਕਰਨ ਦੀ ਗੁੰਜਾਇਸ਼ ਹੀ ਨਾ ਬਚੀ। ਜਿਉਂ-ਜਿਉਂ ਯਾਤਰਾ ਦੇ ਦਿਨ ਨੇੜੇ ਆਉਣ, ਕਸ਼ਮੀਰ ਤੋਂ ਵੀ ਤੱਤੀਆਂ ਹਵਾਵਾਂ ਆਉਣ ਲੱਗ ਪਈਆਂ। ਸਭ ਦਾ ਦਿਲ ਡਾਵਾਂਡੋਲ ਪਰ ਫਿਰ ਵੀ ਟੂਰ ਨਾ ਛੱਡਣ ਦੀ ਆਪਸੀ ਸਹਿਮਤੀ ਬਣ ਗਈ। ਮੁਹਾਲੀ ਤੋਂ ਜਹਾਜ਼ ਸ੍ਰੀਨਗਰ ਜਾ ਕੇ ਰੁਕਿਆ। ਪਹਿਲੀ ਰਾਤ ਪੁਲਵਾਮਾ ਜ਼ਿਲ੍ਹੇ ਵਿੱਚ ਰਹਿੰਦੇ ਇੱਕ ਦੋਸਤ ਦੇ ਘਰ ਕੱਟੀ। ਗਰਮ ਹਾਲਾਤ ਕਾਰਨ ਹਵਾਈ ਅੱਡੇ ਤੋਂ ਮਿੱਤਰ ਦੇ ਘਰ ਜਾਂਦਿਆਂ ਰਾਹ ਵਿੱਚ ਟੈਕਸੀ ਡਰਾਈਵਰ ਅਤੇ ਅਸੀਂ ਰੱਬ-ਰੱਬ ਕਰਕੇ ਮਸਾਂ ਰਸਤਾ ਮੁਕਾਇਆ। ਅਗਲੇ ਦਿਨ ਮੀਂਹ ਕਹੇ ਕਿ ਮੈਂ ਹੀ ਮੈਂ ਹਾਂ। ਫਿਰ ਵੀ ਟਰਾਲ ਤੋਂ ਬਰਾਸਤਾ ਅਨੰਤਨਾਗ ਅਸੀਂ ਪਹਿਲਗਾਮ ਨੂੰ ਗੱਡੀ ਪਾ ਲਈ। ਉੱਥੇ ਜਾ ਕੇ ਅਸੀਂ ਜਿਸ ਹੋਟਲ ਵਿੱਚ ਰੁਕੇ ਉੱਥੋਂ ਪਹਾੜ ਦੂਰ ਨਹੀਂ ਸਨ। ਦਰਿਆ ਵੀ ਮੂਹਰਦੀ ਲੰਘਦਾ ਸੀ। ਰੂਬੀ ਸਮੇਤ ਬੱਚਿਆਂ ਲਈ ਉੱਥੋਂ ਦੇ ਕੁਦਰਤੀ ਨਜ਼ਾਰੇ ਸਾਰਾ ਸਮਾਂ ਦਿਲਚਸਪੀ ਦਾ ਬਾਇਜ਼ ਬਣੇ ਰਹੇ, ਪਰ ਮੈਂ ਗੈਸਟ ਹਾਊਸ ਦੇ ਦੋ ਪਿਓ-ਪੁੱਤਰ ਕਰਿੰਦਿਆਂ ਵਿੱਚ ਵਧੇਰੇ ਰਚ ਗਿਆ। ਕਸ਼ਮੀਰ ਵਿੱਚ ਜਿੱਧਰ ਵੀ ਨਜ਼ਰ ਮਾਰੋ, ਸਰਦੀਆਂ ਵਿੱਚ ਸਾਰੇ ਜਣੇ ਹੀ ਬੁੱਕਲਾਂ ਵਿੱਚ ਕਾਂਗੜੀ (ਅੱਗ ਵਾਲੀ ਛੋਟੀ ਜਿਹੀ ਅੰਗੀਠੀ) ਲਈ ਫਿਰਦੇ ਹਨ। ਪਰ ਇਹ ਪਿਉ ਪੁੱਤਰ ਕਿ ਕਦੇ ਵੀ ਬੁੱਕਲ ਵਿੱਚ ਕਾਂਗੜੀ ਨਾ ਚੁੱਕਦੇ। ਪੁੱਤ ਬਾਹਲਾ ਹੀ ਸਾਊ ਸੀ ਅਤੇ ਬਾਪ ਗੱਲੀਂ-ਬਾਤੀਂ ਗਾਹਕਾਂ ਦੇ ਢਿੱਡ ਵਿੱਚ ਵੜ ਜਾਣ ਵਾਲਾ। ਜਦੋਂ ਬੱਚੇ ਬੇਤਾਬ ਵੈਲੀ ਦੇਖਣ ਗਏ ਤਾਂ ਮੈਂ ਗੈਸਟ ਹਾਊਸ ਵਿੱਚ ਹੀ ਠਹਿਰ ਗਿਆ।
ਦੋ ਦਿਨਾਂ ਦੇ ਮੀਂਹ ਪਿੱਛੋਂ ਉਸ ਦਿਨ ਸੂਰਜ ਚਮਕ ਰਿਹਾ ਸੀ। ਮੈਂ ਲਾਅਨ ਵਿੱਚ ਕੱਪੜੇ ਸੁੱਕਣੇ ਪਾਉਂਦੇ ਪਿਉ-ਪੁੱਤਰ ਕੋਲ ਜਾ ਖੜ੍ਹਿਆ। ਮੇਰਾ ਦਿਲ ਕੀਤਾ ਕਿ ਉਨ੍ਹਾਂ ਨੂੰ ਥੋੜ੍ਹਾ ਛੇੜ ਕੇ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਸੁਣਾਂ। ਬਾਪ ਦੀਆਂ ਅੱਖਾਂ ਵਿੱਚੋਂ ਸਾਫ਼ ਪੜ੍ਹਿਆ ਜਾ ਸਕਦਾ ਸੀ ਕਿ ਉਸ ਦੀਆਂ ਹਸਰਤ ਭਰੀਆਂ ਅੱਖਾਂ, ਮੀਚਵੇਂ ਬੁੱਲਾਂ ਵਾਲੀ ਮੁਸਕੁਰਾਹਟ ਅਤੇ ਮਿਲਣ-ਗਿਲਣ ਦੇ ਸਲੀਕੇ ਪਿੱਛੇ ਕੋਈ ਦਰਦ ਲੁਕਿਆ ਪਿਆ ਹੈ। ਪਿਉ-ਪੁੱਤ ਦਾ ਆਪਸੀ ਪਿਆਰ ਸਭ ਨੂੰ ਮੋਹ ਲੈਂਦਾ। ਮੈਂ ਦੇਖਿਆ ਕਿ ਬੜੇ ਸਾਰੇ ਮਹਿਮਾਨ ਜਾਣ ਲੱਗਿਆਂ ਉਨ੍ਹਾਂ ਨਾਲ ਯਾਦਗਾਰੀ ਤਸਵੀਰਾਂ ਖਿਚਵਾਉਂਦੇ। ਉਹ ਵੀ ਅਲਵਿਦਾ ਕਹਿਣ ਤੋਂ ਪਹਿਲਾਂ ਅਣਭੋਲ ਵਿੱਚ ਹੋਈ ਗ਼ਲਤੀ ਜਾਂ ਸੇਵਾ ਵਿੱਚ ਰਹਿ ਗਈ ਕਮੀ ਲਈ ਮੁਆਫ਼ੀ ਮੰਗ ਲੈਂਦਾ, ਬੱਚਿਆਂ ਦੀਆਂ ਗੱਲ੍ਹਾਂ ਪਲੋਸਦਾ, ਚੁੱਕ-ਚੁੱਕ ਸੀਨੇ ਨਾਲ ਲਾਉਂਦਾ। ਮੈਂ ਗੱਲ ਸ਼ੁਰੂ ਕੀਤੀ ਕਿ ਤੁਸੀਂ ਪਿਓ-ਪੁੱਤ ਦੋਵੇਂ ਬੜੇ ਮਿਹਨਤੀ ਹੋ, ਨਿਮਰ ਹੋ, ਦਿਨ-ਰਾਤ ਮਹਿਮਾਨਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹੋ ਪਰ ਬਾਅਦ ਵਿੱਚ ਜਾਣ-ਬੁੱਝ ਕੇ ਗੱਲ ਉਨ੍ਹਾਂ ਦੇ ਪਰਿਵਾਰ ਉੱਤੇ ਲੈ ਗਿਆ। ਫਿਰ ਮੈਂ ਬੁੱਕਲ ਵਿੱਚ ਕਾਂਗੜੀ ਲੈ ਕੇ ਠੰਢ ਤੋਂ ਬਚਣ ਬਾਰੇ ਪੁੱਛ ਲਿਆ। ਉਹ ਵੀ ਸ਼ਾਇਦ ਮੇਰੇ ਓਪਰੇ ਸਵਾਲ ਨਾਲ ਮੇਰੀਆਂ ਅੱਖਾਂ ਅੰਦਰਲੇ ਸਵਾਲ ਨੂੰ ਪੜ੍ਹ ਗਏ ਸਨ। ਮੈਂ ਪਹਿਲਾਂ ਵੀ ਜਦੋਂ ਕਿਤੇ ਰਸੋਈ ਵਿੱਚ ਗਿਆ ਸੀ ਤਾਂ ਉਸ ਨੂੰ ਉਨ੍ਹਾਂ ਦੋਹਾਂ ਦੀ ਜ਼ਿੰਦਗੀ ਬਾਰੇ ਨਿੱਕੇ ਮੋਟੇ ਸਵਾਲ ਕਰਦਾ ਰਿਹਾ ਸੀ।
ਅੰਤ ਉਸ ਨੇ ਆਪਣੀ ਦਰਦ ਕਹਾਣੀ ਛੋਹ ਲਈ। ਉਸ ਦੀ ਪਤਨੀ ਡੇਢ ਦਿਨ ਦੇ ਬੱਚੇ ਨੂੰ ਛੱਡ ਕੇ ਮਰ ਗਈ ਸੀ। ਉਸ ਨੇ ਬੱਚੇ ਨੂੰ ਆਪ ਪਾਲਿਆ। ਥੋੜ੍ਹੀ ਗਰਦਨ ਸੰਭਾਲਣ ਜੋਗਾ ਹੋਇਆ ਤਾਂ ਬੱਚੇ ਨੂੰ ਛਾਤੀ ਨਾਲ ਬੰਨ੍ਹ ਕੇ ਦਿਨ-ਰਾਤ ਡਿਊਟੀ ਦਿੰਦਾ। ਥੋੜ੍ਹਾ ਹੋਰ ਵੱਡਾ ਹੋਇਆ ਤਾਂ ਉਸ ਨੂੰ ਹੋਟਲ ਦੇ ਸਟੋਰ ਨਾਲ ਲੱਗਦੇ ਕਮਰੇ ਵਿੱਚ ਸੁਆ ਕੇ ਅੱਧ‘ਪਚੱਧੀ ਦਿਹਾੜੀ ਕਰਨ ਲੱਗਿਆ। ਮੁੰਡਾ ਤੁਰਨ ਜੋਗਾ ਹੋਇਆ ਤਾਂ ਕੰਮ ਵੇਲੇ ਪੁੱਤ ਵੀ ਨਾਲੋ-ਨਾਲ। 14 ਸਾਲ ਦਾ ਹੁੰਦਿਆਂ ਹੀ ਉਸ ਨੇ ਪੁੱਤਰ ਨੂੰ ਆਪਣੇ ਨਾਲ ਕੰਮ ’ਤੇ ਡਾਹ ਲਿਆ। ‘‘ਪਹਿਲਾਂ ਜਦੋਂ ਬੇਟੇ ਨੂੰ ਛਾਤੀ ਨਾਲ ਬੰਨ੍ਹ ਕੇ ਕੰਮ ਕਰਦਾ ਸੀ ਤਾਂ ਕਾਂਗੜੀ ਤੋਂ ਵੱਧ ਨਿੱਘ ਰਹਿੰਦਾ। ਹੁਣ ਵੀ ਜਦੋਂ ਨਾਲ ਰਲ ਕੇ ਕੰਮ ਕਰਦਾ ਹੈ ਤਾਂ ਬਾਹਰਲੇ ਨਿੱਘ ਦੀ ਲੋੜ ਨਹੀਂ ਰਹਿੰਦੀ।’’ ਹੁਣ ਮੈਨੂੰ ਉਸ ਦੀ ਟੀਸ ਮਹਿਸੂਸ ਹੋ ਚੁੱਕੀ ਸੀ। ਫਿਰ ਉਹ ਕਹਿਣ ਲੱਗਾ, ‘‘ਆਪ ਪੰਜਾਬ ਕੇ ਸਰਦਾਰ ਹੋ ਨਾ? ਮੈਂ ਟੀ.ਵੀ. ਮੇਂ ਬਹੁਤ ਕੁਛ ਦੇਖਤਾ ਹੂੰ। ਵਹਾਂ ਕੇ ਲੜਕੇ ਬਾਪ ਕਾ ਹਾਥ ਛੋੜਤੇ ਹੀ ਕੈਸੇ ਬਿਗੜ ਜਾਤੇ ਹੈਂ। ਨਸ਼ੇ ਮੇਂ ਕੈਸੇ ਜਵਾਨੀ ਉਜੜ ਰਹੀ ਹੈ। ਮੈਨੇ ਸਬ ਟੀ.ਵੀ. ਮੇਂ ਦੇਖਾ ਹੈ। ਅਖ਼ਬਾਰ ਪੜ੍ਹਨੇ ਕਾ ਤੋ ਸਮਯ ਨਹੀਂ ਮਿਲਤਾ ਪਰ ਟੀ.ਵੀ. ਮੇਂ ਦੇਖਤਾ ਹੂੰ ਕਿ ਨਸ਼ਾ ਕਰਨੇ ਸੇ ਕਿਤਨੇ ਜਵਾਨ ਲੜਕੇ ਮੌਤ ਕੋ ਗਲੇ ਲਗਾ ਰਹੇ ਹੈਂ। ਸਰਦਾਰ ਜੀ! ਯੇ ਬਾਤ ਮੇਰੀ ਸਮਝ ਮੇਂ ਨਹੀਂ ਆਈ ਕਿ ਸਰਕਾਰਾਂ ਨਸ਼ੇ ਕੇ ਵਿਆਪਾਰ ਕੋ ਕਮ ਕਰਨੇ ਦੀ ਜਗ੍ਹਾ ਬੜਾਵਾ ਦੇ ਰਹੀ ਹੈ। ਮੈਨੇ ਤੋ ਟੀ.ਵੀ. ਮੇਂ ਬਹੁਤ ਸਾਰੇ ਲੋਗੋਂ ਕੋ ਪੁੜੀ ਵਾਲਾ ਨਸ਼ਾ ਬੇਚਤੇ ਭੀ ਦੇਖਾ ਹੈਂ ਔਰ ਨਸ਼ਾ ਕਰਤੇ ਭੀ। ਸਰਦਾਰ ਜੀ! ਦਿਲ ਸੇ ਦੁਖ ਹੋਤਾ ਹੈ ਜਬ ਟੀ.ਵੀ. ਮੇਂ ਨਸ਼ੇ ਸੇ ਮਰਨੇ ਵਾਲੋਂ ਕੀ ਰਿਪੋਰਟ ਦਿਖਾਤੇਂ ਹੈਂ। ਏਕ ਬਾਤ ਔਰ ਮੇਰੀ ਸਮਝ ਮੇਂ ਨਹੀਂ ਆਤੀ ਕਿ ਲੋਗੋਂ ਕੋ ਨਸ਼ੇ ਬੇਚਨੇ ਵਾਲੋਂ ਕੇ ਅਪਨੇ ਬੱਚੇ ਭੀ ਘਰੋਂ ਮੇਂ ਫਿਰਤੇ ਹੈਂ ਤੋ ਯੇ ਲੋਗ ਸਾਰਾ ਪੈਸਾ ਕਿਸ ਲੀਏ ਕਮਾਤੇ ਹੋਂਗੇ? ਪੰਜਾਬ ਮੈਂ ਗਿਆ ਨਹੀਂ, ਜਾਨੇ ਕਾ ਮਨ ਬਹੁਤ ਹੈ। ਸਰਦਾਰ ਲੋਕ ਬੜੇ ਦਿਲਦਾਰ ਹੋਤੇ ਹੈਂ। ਬਸ ਯਹਾਂ ਘੂਮਨੇ ਫਿਰਨੇ ਆਏ ਸਰਦਾਰੋਂ ਕੋ ਮਿਲ ਕਰ ਔਰ ਉਨ ਸੇ ਮੁਲਾਕਾਤ ਕਰਕੇ ਖ਼ੁਸ਼ ਹੋ ਜਾਤਾ ਹੂੰ।’’
ਫਿਰ ਉਹ ਕਹਿਣ ਲੱਗਿਆ, ‘‘ਬਸ ਪਾਂਚ-ਸਾਤ ਸਾਲ ਕੀ ਔਰ ਬਾਤ ਹੈ, ਫਿਰ ਯੇ ਸਮਝ ਜਾਏਗਾ ਅੱਛਾ ਕਯਾ, ਬੁਰਾ ਕਯਾ ਹੋਤਾ ਹੈ। ਸ਼ਾਦੀ ਹੋਤੇ ਹੀ ਇਸ ਕੋ ਛੋੜ ਦੂੰਗਾ ਇਸ ਕੇ ਪਰਿਵਾਰ ਕੇ ਲੀਏ।’’ ਮੈਥੋਂ ਪੁੱਛਿਆ ਗਿਆ, ‘‘ਜਬ ਯੇ ਅਪਨੇ ਪਰਿਵਾਰ ਮੇਂ ਰਚ-ਮਿਚ ਗਿਆ ਤੋ ਆਪ ਕੋ ਕਾਂਗੜੀ ਕੀ ਜ਼ਰੂਰਤ ਪੜੇਗੀ?’’ ‘‘ਆਪ ਨਹੀਂ ਜਾਨਤੇ ਸਰਦਾਰ ਜੀ, ਮੇਰੇ ਫਿਰਨ ਮੇ ਏਕ ਕਾਂਗੜੀ ਹਮੇਸ਼ਾ ਰਹਿਤੀ ਹੈ। ਇਸ ਕੀ ਮਾਂ ਕੀ ਯਾਦ ਵਾਲੀ ਕਾਂਗੜੀ।’’ ਮੈਥੋਂ ਕੁਝ ਹੋਰ ਕਿਹਾ ਨਾ ਗਿਆ, ‘‘ਅੱਛਾ ਫਿਰੋਜ਼ ਜਾਨੇ ਸੇ ਪਹਿਲੇ ਫਿਰ ਮਿਲੇਂਗੇ।’’ ਕਹਿੰਦਾ ਮੈਂ ਆਪਣੇ ਕਮਰੇ ਵੱਲ ਨੂੰ ਹੋ ਤੁਰਿਆ।
ਸੰਪਰਕ: 98147-34035
* * *

ਆਪਣਾ ਆਪਣਾ ਪਰਾਇਆ ਪਰਾਇਆ

ਜਗਦੇਵ ਸ਼ਰਮਾ ਬੁਗਰਾ

Advertisement

‘‘ਓਏ ਲੀਲਿਆ! ਆ ਗਿਆ ਗੋਡੇ ਗੋਡੇ ਦਿਨ ਚੜ੍ਹੇ ਤੋਂ? ਕੱਲ੍ਹ ਕਿਉਂ ਨਈਂ ਆਇਆ?’’ ਘਰ ਦੇ ਮਾਲਕ ਬਿਸ਼ਨੇ ਨੇ ਡੰਗਰਾਂ ਦੀ ਸਾਂਭ ਸੰਭਾਲ ਲਈ ਪਾਲੀ ਰਲਾਏ 10-11 ਸਾਲ ਉਮਰ ਦੇ ਮੁੰਡੇ ਲੀਲੇ ਨੂੰ ਪੁੱਛਿਆ।
‘‘ਬਾਬਾ, ਬੁਖਾਰ ਹੋ ਗਿਆ ਸੀ ਕੱਲ੍ਹ, ਲੂ ਲੱਗ ਕੇ।’’ ਲੀਲੇ ਨੇ ਬੀਤੇ ਦਿਨ ਨਾ ਆ ਸਕਣ ਦੀ ਮਜਬੂਰੀ ਦੱਸੀ।
‘‘ਚੱਲ ਠੀਕ ਐ, ਡੰਗਰ ਲੈ ਜਾ ਖੋਲ੍ਹ ਕੇ। ਮੱਝਾਂ ਸਮੇਤ ਸਾਰੇ ਪਸ਼ੂ ਸੂਏ ’ਚ ਨੁਹਾ ਲਿਆਈਂ। ਸ਼ਾਮ ਤੱਕ ਸੂਏ ’ਤੇ ਹੀ ਚਾਰ ਲਈਂ।’’ ਬਿਸ਼ਨੇ ਨੇ ਹੁਕਮ ਚਾੜ੍ਹਿਆ।
‘‘ਬਾਬਾ ਗਰਮੀ ਬਹੁਤ ਐ, ਹਾਲੇ ਕੱਲ੍ਹ ਤਾਂ ਮੈਨੂੰ ਲੂ ਲੱਗ ਕੇ ਬੁਖਾਰ ਹੋ ਕੇ ਹਟਿਐ। ਮੈਂ ਗੁਰੂਘਰ ਦੇ ਬਾਹਰ ਬਣੀ ਖੇਲ ਤੋਂ ਪਾਣੀ ਪਿਆ ਲਿਆਉਣਾ ਸਾਰੇ ਪਸ਼ੂਆਂ ਨੂੰ। ਮੱਝਾਂ ਤੇ ਕੱਟਰੂਆਂ ਨੂੰ ਵੀ ਉੱਥੋਂ ਹੀ ਨੁਹਾ ਲਿਆਊਂ।’’ ਲੀਲੇ ਨੇ ਮਿੰਨਤ ਕੀਤੀ।
‘‘ਕਿਧਰੇ ਨ੍ਹੀਂ ਤੇਰਾ ਲੂਣ ਤਿੜਕਦਾ, ਬਹੁਤੇ ਅਛਣੇ ਪਛਣੇ ਜਿਹੇ ਨਾ ਕਰ। ਸਿੱਧਾ ਹੋ ਕੇ ਡੰਗਰ ਲੈ ਜਾ ਅਤੇ ਜਿਵੇਂ ਮੈਂ ਕਿਹੈ ਓਵੇਂ ਕਰ।’’ ਗ਼ਰੀਬ ਮਜਬੂਰ ਲੀਲਾ ਪਸ਼ੂ ਲੈ ਕੇ ਚਲਾ ਗਿਆ ਸੀ।
‘‘ਬਾਬਾ! ਮੈਂ ਸਕੂਲ ਵਿੱਚ ਆਪਣੇ ਦੋਸਤਾਂ ਨਾਲ ਖੇਲ੍ਹਣ ਜਾਨਾਂ।’’ ਬਿਸ਼ਨੇ ਦੇ ਪੋਤੇ ਰਣਬੀਰ ਨੇ ਮਨਜ਼ੂਰੀ ਲੈਣ ਦੇ ਮਕਸਦ ਨਾਲ ਪੁੱਛਿਆ।
‘‘ਬੈਠਿਆ ਨਈਂ ਜਾਂਦਾ ਟਿਕ ਕੇ, ਏ.ਸੀ. ’ਚ। ਦਿਸਦਾ ਨਈਂ ਤੈਨੂੰ, ਬਾਹਰ ਕਿੰਨੀ ਅੱਗ ਡਿੱਗਦੀ ਐ? ਏਸੇ ਕਰਕੇ ਛੁੱਟੀਆਂ ਕੀਤੀਆਂ ਨੇ ਸਰਕਾਰ ਨੇ, ਬਈ ਧੱਕੇ ਖਾਂਦੇ ਫਿਰੋ, ਸਾੜਨ ਵਾਲੀ ਲੂ ਵਿੱਚ?’’ ਕਹਿ ਕੇ ਲੀਲੇ ਅਤੇ ਰਣਬੀਰ ਦਾ ਬਾਬਾ ਬਿਸ਼ਨਾ ਖ਼ੁਦ ਏ.ਸੀ. ਵਾਲੇ ਕਮਰੇ ਵਿੱਚ ਜਾ ਵੜਿਆ ਸੀ।
ਸੰਪਰਕ: 98727-87243
* * *

ਮਾੜੀ ਕਿਸਮਤ

ਡਾ. ਇਕਬਾਲ ਸਿੰਘ ਸਕਰੌਦੀ

ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿੱਚੋਂ ਧੰਨ ਕੌਰ ਨੇ ਆਪਣੀ ਸਮਰਾਲੇ ਰਹਿੰਦੀ ਵੱਡੀ ਭੈਣ ਵੀਰਾਂ ਵਾਲੀ ਨੂੰ ਫੋਨ ਕੀਤਾ, ‘‘ਸਤਿ ਸ੍ਰੀ ਅਕਾਲ ਭੈਣੇ। ਹੋਰ ਸੁਣਾ! ਰਾਜ਼ੀ ਬਾਜ਼ੀ ਏਂ।’’
‘‘ਹਾਂ ਧੰਨ ਕੁਰੇ, ਸ਼ੁਕਰ ਐ ਰੱਬ ਦਾ। ਦੋ ਵਕ਼ਤ ਦੀ ਰੁੱਖੀ ਮਿੱਸੀ ਇੱਜ਼ਤ ਮਾਣ ਨਾਲ ਦੇਈਂ ਜਾਂਦੈ।’’ ਵੱਡੀ ਭੈਣ ਨੇ ਕਿਹਾ।
‘‘ਦੇਖ ਲੈ ਭੈਣੇ, ਮੈਂ ਪਿੰਡ ਵਿੱਚ ਰਹਿ ਕੇ ਆਪਣੇ ਤਿੰਨੋਂ ਪੁੱਤ ਪੜ੍ਹਾ ਲਿਖਾ ਕੇ ਅਫ਼ਸਰ ਬਣਾ’ਤੇ ਪਰ ਤੂੰ ਸ਼ਹਿਰ ਵਿੱਚ ਰਹਿ ਕੇ ਵੀ ਆਪਣੇ ਦੋਵਾਂ ਪੁੱਤਰਾਂ ਨੂੰ ਪੜ੍ਹਾ ਨਹੀਂ ਸਕੀ। ਵਿਚਾਰੇ ਸਾਰੀ ਦਿਹਾੜੀ ਧੁੱਪ ਵਿੱਚ ਇੱਟਾਂ ਘੜ ਘੜ ਲਾਉਂਦੇ ਐ। ਵਿਚਾਰਿਆਂ ਦੀ ਮਾੜੀ ਕਿਸਮਤ!’’ ਧੰਨ ਕੌਰ ਨੇ ਕਿਹਾ।
ਆਪਣੀ ਛੋਟੀ ਭੈਣ ਦੀ ਚੁੱਭਵੀਂ ਟਕੋਰ ਸੁਣ ਕੇ ਵੀਰਾਂ ਵਾਲੀ ਬੋਲੀ, ‘‘ਹਾਂ ਭੈਣੇ, ਸੁੱਖ ਨਾਲ ਚਾਹੇ ਦੋਵੇਂ ਭਰਾ ਸਾਰੀ ਦਿਹਾੜੀ ਇੱਟਾਂ ਹੀ ਘੜਦੇ ਨੇ ਪਰ ਆਪਣੀ ਜਨਮਦਾਤੀ ਨੂੰ ਸਵੇਰੇ ਸ਼ਾਮ ਪੈਰੀਂ ਹੱਥ ਲਾਉਂਦਿਆਂ ਦਾ ਮੇਰੇ ਬੀਜੀ, ਮੇਰੇ ਬੀਜੀ ਕਹਿੰਦਿਆਂ ਦਾ ਮੂੰਹ ਸੁੱਕਦੈ। ਨਾਲੇ ਤੇਰੇ ਅਫਸਰ ਪੁੱਤਾਂ ਵਾਂਗੂੰ ਮੈਨੂੰ ਬਿਰਧ ਆਸ਼ਰਮ ’ਚ ਤਾਂ ਨ੍ਹੀਂ ਸੁੱਟ ਕੇ ਆਏ।’’
ਵੱਡੀ ਭੈਣ ਦੀਆਂ ਤੱਤੀਆਂ ਤੱਤੀਆਂ ਅਤੇ ਕਰਾਰੀਆਂ ਗੱਲਾਂ ਸੁਣ ਕੇ ਉਹ ਸੋਚਣ ਲੱਗ ਪਈ ਕਿ ਮਾੜੀ ਕਿਸਮਤ ਕੀਹਦੀ ਹੈ?
ਸੰਪਰਕ: 084276-85020
* * *

Advertisement