ਕਾਂਗੜ ਦੇ ਸਮਾਗਮ ਨੇ ਕੋਟੜਾ ਪਿੰਡ ਦੇ ਲੋਕ ਡਰਾਏ
ਜੋਗਿੰਦਰ ਸਿੰਘ ਮਾਨ
ਮਾਨਸਾ, 18 ਅਗਸਤ
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਸਮੇਤ ਕਈ ਜ਼ਿਲ੍ਹਾ ਅਧਿਕਾਰੀਆਂ ਦਾ ਕਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪਿੰਡ ਕੋਟੜਾ ਦੇ ਲੋਕ ਡਰ ਮਹਿਸੂਸ ਕਰਨ ਲੱਗ ਪਏ ਹਨ। ਇਸ ਪਿੰਡ ਵਿੱਚ ਸ੍ਰੀ ਕਾਂਗੜ ਸਰਕਾਰੀ ਸਮਰਾਟ ਸਕੂਲ ਦਾ ਉਦਘਾਟਨ ਕਰਨ ਲਈ ਗਏ, ਜਿਨ੍ਹਾਂ ਨਾਲ ਮਾਨਸਾ ਦੇ ਵਿਧਾਇਕ ਤੇ ਹੋਰ ਸਰਕਾਰੀ ਅਮਲਾ-ਫੈਲਾ ਵੀ ਪੁੱਜਿਆ ਸੀ। ਉਦਘਾਟਨੀ ਸਮਾਰੋਹ ਸਮੇਂ ਸਿੱਖਿਆ ਵਿਭਾਗ ਦੇ ਵੱਡੀ ਪੱਧਰ ‘ਤੇ ਅਧਿਕਾਰੀ ਜੁੜੇ ਹੋਏ ਹਨ ਅਤੇ ਸਕੂਲ ਦੇ ਬੱਚਿਆਂ ਨੂੰ ਛੁੱਟੀਆਂ ਹੋਣ ਦੇ ਬਾਵਜੂਦ ਘਰੋਂ ਬੁਲਾਇਆ ਹੋਇਆ ਸੀ।15 ਅਗਸਤ ਨੂੰ ਹੋਏ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਵੱਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ ਤੇ ਭਾਰੀ ਇਕੱਠ ਵਾਲੇ ਇਸ ਸਮਾਗਮ ਵਿੱਚ ਅਨੇਕਾਂ ਮੋਹਤਬਰਾਂ ਤੇ ਇਲਾਕੇ ਦੇ ਸਿਆਸੀ ਨੇਤਾਵਾਂ ਦੇ ਸੰਪਰਕ ਵਿੱਚ ਸ੍ਰੀ ਕਾਂਗੜ ਆਏ ਸਨ।
ਸਮਾਗਮ ਤੋਂ ਤਿੰਨ ਦਿਨ ਬਾਅਦ ਹੁਣ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਉਨ੍ਹਾਂ ਦੇ ਪਿੰਡ ਦੇ ਇੱਕ ਬੁਜ਼ਰਗ ਕਿਸਾਨ ਬਲਵੀਰ ਸਿੰਘ ਬਿੱਲੂ ਨੇ ਕਰੋਨਾ ਟੈਸਟ ਲਈ ਡਿਪਟੀ ਕਮਿਸ਼ਨਰ ਦਫ਼ਤਰ ਜਾਕੇ ਉਚ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਉਪਰਾਲਾ ਕੀਤਾ ਸੀ, ਪਰ ਉਥੋਂ ਕੋਈ ਹੌਸਲਾ ਅਤੇ ਦਲੇਰੀ ਨਾ ਮਿਲਣ ਦੇ ਬਾਵਜੂਦ ਜਦੋਂ ਦਫ਼ਤਰੀ ਬਾਬੂਆਂ ਨੇ ਉਸਦੇ ਪੱਲੇ ਕੁਝ ਨਾ ਪਾਇਆ ਤਾਂ ਉਹ ਇਸ ਗੱਲੋਂ ਦੁਖੀ ਹੋਕੇ ਸਲਫਾਸ ਦੀਆਂ ਗੋਲੀਆਂ ਨਿਗਲ ਗਿਆ ਤੇ ਉਸਦੀ ਮੌਤ ਹੋ ਗਈ।
ਬੇਸ਼ੱਕ ਅੱਜ ਪ੍ਰਸ਼ਾਸਨ ਉਸ ਮ੍ਰਿਤਕ ਬਲਵੀਰ ਸਿੰਘ ਦਾ ਅੰਤਿਮ ਸੰਸਕਾਰ ਕਰਵਾਉਣ ਵਿੱਚ ਉਸ ਵੇਲੇ ਸਫ਼ਲ ਹੋ ਗਿਆ, ਜਦੋਂ ਕਿਸਾਨ ਜਥੇਬੰਦੀ ਦੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਤੇ ਵਾਅਦਾ ਕੀਤਾ ਗਿਆ ਕਿ ਪਿੰਡ ਦੇ ਲੋਕਾਂ ਦਾ ਬਕਾਇਦਾ ਕਰੋਨਾ ਟੈਸਟ ਕਰਵਾਇਆ ਜਾਵੇਗਾ, ਪਰ ਅੱਜ ਸਾਰਾ ਦਿਨ ਸਿਹਤ ਵਿਭਾਗ ਦੀ ਕੋਈ ਵੀ ਟੀਮ ਪਿੰਡ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਮੋਹਤਵਰ ਵਿਅਕਤੀਆਂ ਦੇ ਟੈਸਟ ਕਰਨ ਲਈ ਨਹੀਂ ਪੁੱਜੀ। ਸਾਬਕਾ ਸਰਪੰਚ ਨਛੱਤਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿੰਡ ਦੇ ਲੋਕਾਂ ਤੁਰੰਤ ਮੁਫ਼ਤ ਕਰੋਨਾ ਟੈਸਟ ਕਰਨੇ ਚਾਹੀਦੇ ਹਨ।
ਇਸੇ ਦੌਰਾਨ ਜਦੋਂ ਮਾਨਸਾ ਦੇ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਕੋਟੜਾ ਵਿੱਚ ਪ੍ਰਭਾਵਿਤ ਲੋਕਾਂ ਦੀ ਸੈਂਪਲਿੰਗ ਕਰਨੀ ਆਰੰਭ ਕਰ ਦਿੱਤੀ ਹੈ, ਜਦੋਂਕਿ ਭਲਕੇ ਵੱਡੀ ਪੱਧਰ ‘ਤੇ ਆਮ ਪਿੰਡ ਵਾਸੀਆਂ ਦੇ ਕਰੋਨਾ ਟੈਸਟ ਕਰਵਾਏ ਜਾਣੇ ਹਨ।