For the best experience, open
https://m.punjabitribuneonline.com
on your mobile browser.
Advertisement

ਭਾਜਪਾ ਦੇ ਰੱਥ ’ਤੇ ਕੰਗਨਾ ਦੀ ਸਵਾਰੀ

06:55 AM Sep 29, 2024 IST
ਭਾਜਪਾ ਦੇ ਰੱਥ ’ਤੇ ਕੰਗਨਾ ਦੀ ਸਵਾਰੀ
Advertisement

ਅਰਵਿੰਦਰ ਜੌਹਲ

Advertisement

ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਆਪਣੀਆਂ ਵਿਵਾਦਮਈ ਟਿੱਪਣੀਆਂ ਕਾਰਨ ਮੁੜ ਚਰਚਾ ਵਿੱਚ ਹੈ। ਹਾਲ ਹੀ ’ਚ ਉਸ ਨੇ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਦਿੱਤੀ ਆਪਣੀ ਨਵੀਂ ਇੰਟਰਵਿਊ ਵਿੱਚ ਕਿਹਾ ਕਿ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਲਈ ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿਉਂਕਿ ਕਿਸਾਨਾਂ ਦੀ ‘ਸਮ੍ਰਿਧੀ’ ਲਈ ਇਹ ਕਾਨੂੰਨ ਬਹੁਤ ਜ਼ਰੂਰੀ ਹਨ। ਹਾਲੇ ਉਸ ਦੇ ਇਸ ਬਿਆਨ ਦਾ ਸੇਕ ਮੱਠਾ ਵੀ ਨਹੀਂ ਸੀ ਪਿਆ ਕਿ ਉਸ ਨੇ ਕੇਂਦਰ ਸਰਕਾਰ ਵੱਲੋਂ ਕੁੱਲੂ ਜ਼ਿਲ੍ਹੇ ਦੇ ਕਾਸਵਰੀ ਪਿੰਡ ਵਿੱਚ ਬਿਜਲੀ ਮਹਾਦੇਵ ਮੰਦਰ ਤੱਕ ਬਣਾਏ ਜਾਣ ਵਾਲੇ ਰੋਪਵੇਅ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ।
ਕੇਂਦਰ ਦੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਸੜਕੀ ਆਵਾਜਾਈ ਅਤੇ ਕੌਮੀ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਰੱਖਿਆ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ 2017 ਵਿੱਚ ਇਸ ਰੋਪਵੇਅ ਨੂੰ ਬਣਾਉਣ ਦਾ ਐਲਾਨ ਕੀਤਾ ਸੀ। ਇਸ ਮੰਦਰ ਤੱਕ ਪੈਦਲ ਪਹੁੰਚਣ ਲਈ ਦੋ ਤੋਂ ਤਿੰਨ ਘੰਟੇ ਲੱਗਦੇ ਹਨ। ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਰੋਪਵੇਅ ਰਾਹੀਂ ਇਸ ਮੰਦਰ ਤੱਕ ਪਹੁੰਚਣ ਲਈ ਦਸ ਮਿੰਟ ਤੋਂ ਵੀ ਘੱਟ ਸਮਾਂ ਲੱਗੇਗਾ। ਇਸ ਪ੍ਰਾਜੈਕਟ ’ਤੇ ਮੁੱਢਲਾ ਕੰਮ ਸ਼ੁਰੂ ਹੋ ਗਿਆ ਹੈ। ਸਥਾਨਕ ਲੋਕਾਂ ਵੱਲੋਂ ਇਸ ਪ੍ਰਾਜੈਕਟ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦਾ ਰੁਜ਼ਗਾਰ ਖੁੱਸ ਜਾਵੇਗਾ। ਕੰਗਨਾ ਦਾ ਕਹਿਣਾ ਹੈ ਕਿ ਉਹ ਇਸ ਪ੍ਰਾਜੈਕਟ ਖ਼ਿਲਾਫ਼ ਸਥਾਨਕ ਲੋਕਾਂ ਦੇ ਨਾਲ ਰਲ ਕੇ ਵਿਰੋਧ ਪ੍ਰਦਰਸ਼ਨ ਕਰੇਗੀ। ਇਹ ਉਸ ਦੀ ਆਪਣੀ ਪਾਰਟੀ ਦੀ ਸਰਕਾਰ ਦਾ ਪ੍ਰਾਜੈਕਟ ਹੈ। ਉਹ ਇਸ ਬਾਰੇ ਲੋਕਾਂ ਦੇ ਖਦਸ਼ੇ ਪਾਰਟੀ ਦੇ ਸੀਨੀਅਰ ਨੇਤਾਵਾਂ ਤੱਕ ਪਹੁੰਚਾਉਣ ਦੀ ਬਜਾਏ ਲੋਕਾਂ ਨਾਲ ਰਲ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਆਖ ਰਹੀ ਹੈ।
ਕੰਗਨਾ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਬਾਰੇ ਜਿਸ ਵੇਲੇ ਗੱਲ ਕਰ ਰਹੀ ਸੀ, ਉਦੋਂ ਅਜਿਹਾ ਨਹੀਂ ਕਿ ਉਸ ਨੂੰ ਵਿਵਾਦ ਖੜ੍ਹਾ ਹੋਣ ਦਾ ਖਦਸ਼ਾ ਨਾ ਹੋਵੇ। ਉਸ ਵੇਲੇ ਉਹ ਮੁਸਕਰਾ ਕੇ ਐਂਕਰ ਨੂੰ ਆਖਦੀ ਹੈ, ‘‘ਹੋ ਸਕਤਾ ਹੈ ਮੇਰੇ ਇਸ ਬਿਆਨ ਸੇ ਕੰਟਰੋਵਰਸੀ ਹੋ ਜਾਏ।’’ ਹਰਿਆਣਾ ਚੋਣਾਂ ਸਿਰ ’ਤੇ ਹੋਣ ਕਾਰਨ ਪਾਰਟੀ ਨੂੰ ਜਦੋਂ ਲੱਗਿਆ ਕਿ ਕੰਗਨਾ ਦੇ ਇਸ ਬਿਆਨ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਸਕਦਾ ਹੈ ਤਾਂ ਭਾਜਪਾ ਨੇ ਤੱਟ-ਫੱਟ ਉਸ ਦੇ ਬਿਆਨ ਤੋਂ ਕਿਨਾਰਾ ਕਰ ਲਿਆ। ਪਾਰਟੀ ਵੱਲੋਂ ਆਪਣੇ ਕੌਮੀ ਤਰਜਮਾਨ ਗੌਰਵ ਭਾਟੀਆ ਨੂੰ ਬਾਕਾਇਦਾ ਮੈਦਾਨ ’ਚ ਉਤਾਰਿਆ ਗਿਆ ਜਿਸ ਨੇ ਜ਼ੋਰ ਦੇ ਕੇ ਆਖਿਆ, ‘‘ਕੰਗਨਾ ਨੇ ਜੋ ਵੀ ਕਿਹਾ ਹੈ, ਉਹ ਉਸ ਦਾ ਨਿੱਜੀ ਵਿਚਾਰ ਹੈ। ਪਾਰਟੀ ਪਹਿਲਾਂ ਹੀ ਤਿੰਨ ਖੇਤੀ ਕਾਨੂੰਨ ਵਾਪਸ ਲੈ ਚੁੱਕੀ ਹੈ ਅਤੇ ਇਨ੍ਹਾਂ ਨੂੰ ਮੁੜ ਲਿਆਉਣ ਦਾ ਕੋਈ ਇਰਾਦਾ ਨਹੀਂ। ਕੰਗਨਾ ਰਣੌਤ ਦਾ ਇਹ ਬਿਆਨ ਉਸ ਦਾ ਨਿੱਜੀ ਬਿਆਨ ਹੈ। ਉਸ ਨੂੰ ਪਾਰਟੀ ਵੱਲੋਂ ਕੋਈ ਵੀ ਬਿਆਨ ਦੇਣ ਦਾ ਅਧਿਕਾਰ ਨਹੀਂ ਹੈ।’’ ਭਾਜਪਾ ਦੇ ਕੇਂਦਰੀ ਮੀਡੀਆ ਵਿਭਾਗ ਨੇ ਬਾਕਾਇਦਾ ਪ੍ਰੈੱਸ ਬਿਆਨ ਜਾਰੀ ਕਰ ਕੇ ਕੰਗਨਾ ਦੇ ਬਿਆਨ ਦਾ ਖੰਡਨ ਕੀਤਾ। ਸੋਸ਼ਲ ਮੀਡੀਆ ਦੇ ਯੁੱਗ ’ਚ ਕੰਗਨਾ ਦਾ ਇਹ ਬਿਆਨ ਹਰਿਆਣਾ ਦੇ ਕਿਸਾਨਾਂ ਵਿੱਚ ਹੇਠਾਂ ਤੱਕ ਪਹੁੰਚ ਗਿਆ ਅਤੇ ਵਿਰੋਧੀ ਧਿਰ ਨੇ ਝੱਟ ਇਸ ਮੁੱਦੇ ਨੂੰ ਬੋਚਦਿਆਂ ਕਿਹਾ ਕਿ ਭਾਜਪਾ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣਾ ਚਾਹੁੰਦੀ ਹੈ। ਹਰਿਆਣਾ ਵਿੱਚ ਇਸ ਵੇਲੇ ਭਾਜਪਾ ਦੀ ਸਥਿਤੀ ਪਹਿਲਾਂ ਵਾਂਗ ਮਜ਼ਬੂਤ ਨਹੀਂ ਤੇ ਉਸ ਦੇ ਇਸ ਬਿਆਨ ਨੇ ਪਾਰਟੀ ਨੂੰ ਉੱਥੇ ਅੱਛਾ-ਖਾਸਾ ਨੁਕਸਾਨ ਪਹੁੰਚਾਇਆ ਹੈ। ਕਿਸਾਨਾਂ ਨੂੰ ਲੱਗਣ ਲੱਗਿਆ ਹੈ ਕਿ ਜਿੱਤਣ ਦੀ ਸੂਰਤ ’ਚ ਭਾਜਪਾ ਤਿੰਨ ਖੇਤੀ ਕਾਨੂੰਨ ਵਾਪਸ ਲੈ ਆਵੇਗੀ। ਹਰਿਆਣਾ ਵਿਚਲੀਆਂ ਸਿਆਸੀ ਰੈਲੀਆਂ ’ਚ ਕੰਗਨਾ ਦੇ ਪਿਛਲੇ ਮਹੀਨੇ ਦਿੱਤੇ ਕਿਸਾਨ ਵਿਰੋਧੀ ਬਿਆਨ ਇੱਕ ਵਾਰ ਫਿਰ ਚਰਚਾ ’ਚ ਆ ਗਏ। ਉਦੋਂ ਉਸ ਨੇ ਕਿਹਾ ਸੀ ਕਿ ਦਿੱਲੀ ਦੇ ਬਾਰਡਰ ’ਤੇ ਤਿੰਨ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਕੀਤੇ ਗਏ ਸੰਘਰਸ਼ ਦੌਰਾਨ ਉੱਥੇ ਬਲਾਤਕਾਰ ਹੋ ਰਹੇ ਸਨ ਅਤੇ ਲਾਸ਼ਾਂ ਟੰਗੀਆਂ ਹੋਈਆਂ ਸਨ। ਉਸ ਨੇ ਕਿਸਾਨਾਂ ਲਈ ‘ਆਤੰਕਵਾਦੀ’ ਸ਼ਬਦ ਤੱਕ ਵਰਤਿਆ ਸੀ। ਕਿਸਾਨਾਂ ਦਾ ਉਹ ਸੰਘਰਸ਼ ਕੋਈ ਇੱਕ ਸਾਲ ਤੋਂ ਵੱਧ ਸਮਾਂ ਚੱਲਿਆ ਸੀ ਜਿਸ ਦੌਰਾਨ 750 ਦੇ ਕਰੀਬ ਕਿਸਾਨਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਅੰਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸ਼ਾਇਦ ਮੇਰੀ ਤਪੱਸਿਆ ’ਚ ਹੀ ਕੋਈ ਕਮੀ ਰਹਿ ਗਈ ਹੈ’ ਕਹਿੰਦਿਆਂ ਇਹ ਕਾਨੂੰਨ ਵਾਪਸ ਲੈ ਲਏ ਸਨ। ਪਿਛਲੇ ਮਹੀਨੇ ਦੋ ਵਾਰ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕੰਗਨਾ ਨੂੰ ਪਾਰਟੀ ਲਾਈਨ ਤੋਂ ਬਾਹਰ ਨਾ ਜਾਣ ਅਤੇ ਸੰਵੇਦਨਸ਼ੀਲ ਮੁੱਦਿਆਂ ਬਾਰੇ ਜਨਤਕ ਤੌਰ ’ਤੇ ਆਪਣੇ ਵਿਚਾਰ ਨਾ ਪ੍ਰਗਟਾਉਣ ਬਾਰੇ ਸਮਝਾਇਆ ਸੀ। ਖੇਤੀ ਕਾਨੂੰਨ ਵਾਪਸ ਲਿਆਉਣ ਬਾਰੇ ਕੰਗਨਾ ਦੇ ਬਿਆਨ ਨੇ ਕਿਸਾਨ ਬੀਬੀਆਂ ਨੂੰ ਉਸ ਦਾ ਉਹ ਪੁਰਾਣਾ ਬਿਆਨ ਵੀ ਮੁੜ ਚੇਤੇ ਕਰਵਾ ਦਿੱਤਾ ਜਦੋਂ ਉਸ ਨੇ ਕਿਹਾ ਸੀ ਕਿ ਕਿਸਾਨ ਸੰਘਰਸ਼ ’ਚ ਔਰਤਾਂ ਸੌ-ਸੌ ਰੁਪਏ ਲੈ ਕੇ ਧਰਨੇ ’ਤੇ ਬੈਠੀਆਂ ਹਨ।
ਭਾਜਪਾ ਨੇ ਸਿਰਫ਼ ਉਸ ਦੇ ਤਾਜ਼ਾ ਬਿਆਨ ਦਾ ਖੰਡਨ ਹੀ ਨਹੀਂ ਕੀਤਾ ਸਗੋਂ ਕੰਗਨਾ ਤੋਂ ਬਾਕਾਇਦਾ ਰਿਕਾਰਡਿਡ ਬਿਆਨ ਜਾਰੀ ਕਰਵਾਇਆ ਜਿਸ ਵਿੱਚ ਉਸ ਨੇ ਕਿਹਾ ਕਿ ਜੇਕਰ ਉਸ ਨੇ ਆਪਣੇ ਸ਼ਬਦਾਂ ਅਤੇ ਆਪਣੀ ਸੋਚ ਨਾਲ ਕਿਸੇ ਨੂੰ ਨਿਰਾਸ਼ ਕੀਤਾ ਹੈ ਤਾਂ ਉਹ ਆਪਣੇ ਸ਼ਬਦ ਵਾਪਸ ਲੈਂਦੀ ਹੈ। ਜਿਸ ਤਰ੍ਹਾਂ ਉਹ ਦੇਖ ਕੇ ਬਿਆਨ ਪੜ੍ਹ ਰਹੀ ਹੈ, ਉਸ ਤੋਂ ਲਗਦਾ ਹੈ ਕਿ ਉਸ ਨੂੰ ਇਹ ਬਿਆਨ ਬਾਕਾਇਦਾ ਲਿਖ ਕੇ ਦਿੱਤਾ ਗਿਆ ਹੈ। ਖ਼ਾਸ ਤੌਰ ’ਤੇ ਪ੍ਰਧਾਨ ਮੰਤਰੀ ਦੇ ਸੰਦਰਭ ’ਚ ਉਹ ਕਹਿੰਦੀ ਹੈ, ‘‘ਹਮਾਰੇ ਮਾਨਨੀਯ ਪ੍ਰਧਾਨ ਮੰਤਰੀ ਨੇ ਵੋ ਲਾਅਜ਼ ਵਾਪਸ ਲੀਏ ਥੇ। ਹਮ ਸਭ ਕਾਰਯਕਰਤਾਓਂ ਕਾ ਫਰਜ਼ ਹੈ ਕਿ ਉਨ ਕੇ ਸ਼ਬਦੋਂ ਕੀ ਮਰਿਆਦਾ ਰੱਖੇਂ।’’
ਹਰਿਆਣਾ ਦੇ ਪਿੰਡਾਂ ਵਿੱਚ ਪਹਿਲਾਂ ਹੀ ਕਿਸਾਨ ਭਾਜਪਾ ਆਗੂਆਂ ਨੂੰ ਦਾਖ਼ਲ ਨਹੀਂ ਹੋਣ ਦੇ ਰਹੇ। ਉਨ੍ਹਾਂ ਦਾ ਰੋਸ ਹੈ ਕਿ ਜਦੋਂ ਸਾਲ ਭਰ ਉਨ੍ਹਾਂ ਨੂੰ ਦਿੱਲੀ ਦੇ ਬਾਰਡਰ ’ਤੇ ਬਿਠਾਈ ਰੱਖਿਆ ਅਤੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਤਾਂ ਹੁਣ ਉਹ (ਭਾਜਪਾ ਆਗੂ) ਕਿਸ ਮੂੰਹ ਨਾਲ ਉਨ੍ਹਾਂ ਤੋਂ ਵੋਟਾਂ ਮੰਗਣ ਆ ਰਹੇ ਹਨ। ਕੰਗਨਾ ਦੇ ਇਸ ਬਿਆਨ ਨੇ ਉਨ੍ਹਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ। ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਭਾਜਪਾ ਕੰਗਨਾ ਤੋਂ ਅਜਿਹੇ ਬਿਆਨ ਦਿਵਾ ਕੇ ਇਹ ਦੇਖਣਾ ਚਾਹੁੰਦੀ ਹੈ ਕਿ ਇਸ ਨਾਲ ਕਿਸਾਨਾਂ ’ਚ ਕਿਸ ਤਰ੍ਹਾਂ ਦਾ ਪ੍ਰਤੀਕਰਮ ਹੁੰਦਾ ਹੈ। ਦੂਜੇ ਪਾਸੇ, ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਕਾਇਮ ਕੀਤੀਆਂ ਗਈਆਂ ਸੰਸਦੀ ਕਮੇਟੀਆਂ ਵਿੱਚੋਂ ਇੱਕ, ਸੂਚਨਾ ਤਕਨਾਲੋਜੀ ਅਤੇ ਸੰਚਾਰ ਕਮੇਟੀ ਵਿੱਚ ਜਯਾ ਬੱਚਨ, ਪ੍ਰਿਅੰਕਾ ਚਤੁਰਵੇਦੀ, ਸੁਸ਼ਮਿਤ ਪਾਤਰਾ, ਕੇ.ਟੀ.ਐੱਸ. ਤੁਲਸੀ, ਅਨਿਲ ਬਲੂਨੀ, ਪੂਨਮ ਮੈਡਮ ਅਤੇ ਮਹੂਆ ਮੋਇਤਰਾ ਦੇ ਨਾਲ ਨਾਲ ਕੰਗਨਾ ਰਣੌਤ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸੇ ਕਾਰਨ ਕਿਸਾਨਾਂ ਨੂੰ ਲਗਦਾ ਹੈ ਕਿ ਭਾਜਪਾ ਉਸ ਦੀ ਪਿੱਠ ’ਤੇ ਹੈ।
ਹੁਣ ਕੰਗਨਾ ਭਾਵੇਂ ਜਿਵੇਂ ਮਰਜ਼ੀ ਆਪਣੇ ਬਿਆਨ ਦਾ ਖੰਡਨ ਕਰੇ, ਪਰ ਗੱਲ ਤਾਂ ਜ਼ੁਬਾਨ ਤੋਂ ਨਿਕਲ ਚੁੱਕੀ। ਖ਼ੈਰ, ਇੱਥੇ ਇਕੱਲੀ ਕੰਗਨਾ ਨੂੰ ਹੀ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਉਤਪਾਦਨ ਨੂੰ ਹੁਲਾਰਾ ਦੇਣ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸ਼ੰਭੂ ਬਾਰਡਰ ’ਤੇ ਆਪਣੀਆਂ ਮੰਗਾਂ ਦੇ ਹੱਕ ’ਚ ਬੈਠੇ ਕਿਸਾਨਾਂ ਦੇ ਸੰਦਰਭ ’ਚ ਕਿਹਾ ਸੀ ਕਿ ਦੇਸ਼ ਵਿੱਚ 13 ਕਰੋੜ ਕਿਸਾਨ ਹਨ ਅਤੇ ਉਨ੍ਹਾਂ ’ਚੋਂ ਸਿਰਫ਼ 750 ਕਿਸਾਨ ਹੀ ਸ਼ੰਭੂ ਬਾਰਡਰ ’ਤੇ ਬੈਠੇ ਹਨ; ਕੀ ਤੁਸੀਂ ਇਸ ਨੂੰ ਦੇਸ਼ ਦੇ ‘ਕਿਸਾਨਾਂ ’ਚ ਬੇਚੈਨੀ’ ਕਹਿ ਸਕਦੇ ਹੋ? ਅਮਿਤ ਸ਼ਾਹ ਹੀ ਨਹੀਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਇਸੇ ਤਰਜ਼ ’ਤੇ ਬਿਆਨ ਦਿੰਦਿਆਂ ਕਹਿ ਚੁੱਕੇ ਹਨ ਕਿ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਰਸਤਾ ਰੋਕ ਕੇ ਬੈਠਣ ਵਾਲੇ ਕਿਸਾਨ ਨਹੀਂ ਸਗੋਂ ਕਿਸਾਨਾਂ ਦਾ ਮੁਖੌਟਾ ਪਹਿਨੇ ਹੋਏ ਕੁਝ ਲੋਕ ਹਨ ਜੋ ਸਿਸਟਮ ਨੂੰ ਵਿਗਾੜਨਾ ਚਾਹੁੰਦੇ ਹਨ। (ਖੱਟਰ ਦੇ ਬਿਆਨ ਤੋਂ ਨਾਰਾਜ਼ ਹੋਏ ਕਿਸਾਨਾਂ ਨੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ।) ਹੋ ਸਕਦਾ ਹੈ ਕਿ ਕੰਗਨਾ ਨੇ ਪਾਰਟੀ ਦੇ ਇਨ੍ਹਾਂ ਆਗੂਆਂ ਦੇ ਅਜਿਹੇ ਬਿਆਨਾਂ ਦੀ ਸੁਰ ਤੋਂ ਹੀ ਖੇਤੀ ਕਾਨੂੰਨ ਵਾਪਸ ਲਿਆਉਣ ਵਾਲੀ ਲੈਅ ਫੜੀ ਹੋਵੇ।
ਪਾਰਟੀ ਵੱਲੋਂ ਕੰਗਨਾ ਤੋਂ ਤਿੰਨ ਖੇਤੀ ਕਾਨੂੰਨਾਂ ਬਾਰੇ ਰਿਕਾਰਡਿਡ ਬਿਆਨ ਜਾਰੀ ਕਰਵਾਉਣ ਮਗਰੋਂ ਲੱਗਦਾ ਸੀ ਕਿ ਹੁਣ ਇਸ ਮੁਹਾਜ਼ ’ਤੇ ਸ਼ਾਂਤੀ ਰਹੇਗੀ ਪਰ ਮਸਾਂ ਇੱਕ ਦਿਨ ਹੀ ਬੀਤਿਆ ਕਿ ਉਸ ਨੇ ਬਿਜਲੀ ਮਹਾਦੇਵ ਮੰਦਰ ਤੱਕ ਜਾਣ ਵਾਲੇ ਰੋਪਵੇਅ ਪ੍ਰਾਜੈਕਟ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਪਿਛਲੇ ਮਹੀਨੇ ਪਾਰਟੀ ਪ੍ਰਧਾਨ ਵੱਲੋਂ ਦੋ ਵਾਰੀ ਸਮਝਾਉਣ ਅਤੇ ਦੋ ਦਿਨ ਪਹਿਲਾਂ ਪਾਰਟੀ ਵੱਲੋਂ ਬਾਕਾਇਦਾ ਉਸ ਦੇ ਬਿਆਨਾਂ ਦੇ ਖੰਡਨ ਮਗਰੋਂ ਵੀ ਕੀ ਉਸ ਨੂੰ ਕਿਸੇ ਗੱਲ ਦੀ ਸਮਝ ਨਹੀਂ ਆਈ? ਚਰਚਾਵਾਂ ਇਹ ਵੀ ਹਨ ਕਿ ਇਸ ਰੋਪਵੇਅ ਪ੍ਰਾਜੈਕਟ ਦੇ ਵਿਰੋਧ ਦਾ ਸਬੰਧ ਪਾਰਟੀ ਦੀ ਅੰਦਰੂਨੀ ਸਿਆਸਤ ਨਾਲ ਹੈ। ਇਸ ਪ੍ਰਾਜੈਕਟ ਨੂੰ ਅਮਲੀ ਰੂਪ ਨਿਤਿਨ ਗਡਕਰੀ ਵੱਲੋਂ ਦਿੱਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਅਤੇ ਨਿਤਿਨ ਗਡਕਰੀ ਦੇ ਆਪਸੀ ਸਬੰੰਧਾਂ ਬਾਰੇ ਸਾਰੇ ਹੀ ਜਾਣਦੇ ਹਨ। ਭਾਜਪਾ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਆਪਣੇ ਬੂਤੇ ’ਤੇ ਬਹੁਮਤ ਹਾਸਲ ਨਾ ਕਰ ਸਕਣ ਮਗਰੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਆਪਣੀ ਪਹਿਲਾਂ ਵਾਲੀ ਮਜ਼ਬੂਤ ਸਥਿਤੀ ਹਾਸਲ ਕਰਨ ਲਈ ਸਰਗਰਮ ਹੋ ਗਿਆ ਹੈ। ਵਿਰੋਧੀ ਪਾਰਟੀਆਂ ਅਤੇ ਖ਼ਾਸ ਕਰ ਕੇ ‘ਆਪ’ ਵੱਲੋਂ ਪ੍ਰਧਾਨ ਮੰਤਰੀ ਦੀ ਉਮਰ ਹੱਦ ਬਾਰੇ ਉਠਾਏ ਜਾ ਰਹੇ ਸਵਾਲਾਂ ਦੇ ਸੰਦਰਭ ’ਚ ਸੰਘ ਵੱਲੋਂ ਉਨ੍ਹਾਂ ਨੂੰ ਸੇਵਾਮੁਕਤੀ ਬਾਰੇ ਸੰਕੇਤ ਦਿੱਤੇ ਜਾਣ ਦੀਆਂ ਚਰਚਾਵਾਂ ਵੀ ਤੇਜ਼ ਹਨ। ਕਿਹਾ ਜਾ ਰਿਹਾ ਹੈ ਕਿ ਨਿਤਿਨ ਗਡਕਰੀ ਦਾ ਨਾਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤੇ ਜਾਂ ਫਿਰ ਪਾਰਟੀ ਪ੍ਰਧਾਨ ਵਜੋਂ ਵਿਚਾਰਿਆ ਜਾ ਰਿਹਾ ਹੈ। ਓਦਾਂ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਹੋਰਾਂ ਦੇ ਨਾਲ ਸੰਜੇ ਜੋਸ਼ੀ ਤੇ ਵਸੁੰਧਰਾ ਰਾਜੇ ਦੇ ਨਾਵਾਂ ਦੀ ਚਰਚਾ ਵੀ ਚੱਲ ਰਹੀ ਹੈ।
ਇਸ ਸਮੁੱਚੇ ਘਟਨਾਕ੍ਰਮ ਦੇ ਸੰਦਰਭ ਵਿੱਚ ਦੋ ਸਥਿਤੀਆਂ ਹਨ: ਜਾਂ ਤਾਂ ਕੰਗਨਾ ਨੂੰ ਮੋਹਰੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ; ਅਤੇ ਜਾਂ ਫਿਰ ਕੰਗਨਾ ਦੇ ਮੁੱਢ ਤੋਂ ਰਹੇ ਵਤੀਰੇ ਨੂੰ ਦੇਖਦਿਆਂ ਕਿਹਾ ਜਾ
ਸਕਦਾ ਹੈ ਕਿ ਉਸ ਨੂੰ ਹਮੇਸ਼ਾ ਵਿਵਾਦਾਂ ਵਿੱਚ ਘਿਰੇ ਰਹਿਣਾ ਚੰਗਾ ਲਗਦਾ ਹੈ। ਬੌਲੀਵੁੱਡ ਵਿੱਚ ਉਸ ਨੇ ਅਕਸਰ ਹੀ ਕਿਸੇ ਨਾ ਕਿਸੇ ਸਾਥੀ ਕਲਾਕਾਰ
ਨਾਲ ਆਢਾ ਲਾਈ ਰੱਖਿਆ ਹੈ। ਜੇਕਰ ਅੱਗੋਂ ਕਿਸੇ ਨੇ ਤਰਕ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੰਗਨਾ ਨੇ ਸ਼ਬਦਾਂ ਦੀ ਮਰਿਆਦਾ ਦਾ ਪਾਸ ਰੱਖੇ ਬਗੈਰ ਜੋ ਮੂੰਹ ਆਇਆ, ਸੋ ਬੋਲ ਕੇ ਸਾਹਮਣੇ ਵਾਲੇ ਨੂੰ ਚੁੱਪ ਕਰਵਾ ਦਿੱਤਾ। ਜੇਕਰ ਕੰਗਨਾ ਦੀ ਇਸੇ ‘ਖ਼ਾਸੀਅਤ’ ਕਰਕੇ ਉਸ ਨੂੰ ਪਾਰਟੀ ’ਚ ਸ਼ਾਮਲ ਕੀਤਾ ਗਿਆ ਹੈ ਤਾਂ ਹਰਿਆਣਾ ਚੋਣਾਂ ਦੇ ਨਤੀਜੇ ਇਹ ਸਪਸ਼ਟ ਕਰ ਦੇਣਗੇ ਕਿ ਭਾਜਪਾ ਨੂੰ ਕਿਸ ਹੱਦ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ।

Advertisement

Advertisement
Author Image

Advertisement