ਕੰਗਨਾ ਵੱਲੋਂ ਤਿੰਨ ਖੇਤੀ ਕਾਨੂੰਨ ਬਹਾਲ ਕਰਨ ਦੀ ਵਕਾਲਤ
ਮੰਡੀ (ਦੀਪੇਂਦਰ ਮੰਟਾ):
ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਦੀ ਭਲਾਈ ਲਈ ਵਿਵਾਦਤਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦਿਆਂ, ਇਨ੍ਹਾਂ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਹ ਇੱਥੋਂ ਦੇ ਗੋਹਰ ’ਚ ਸਥਾਨਕ ਮੇਲੇ ਦੀ ਸਮਾਪਤੀ ਮੌਕੇ ਪੱਤਰਕਾਰਾਂ ਨਾਲ ਗੱਲ ਕਰ ਰਹੀ ਸੀ। ਕੰਗਨਾ ਨੇ ਕਿਹਾ, ‘ਕਿਸਾਨ ਦੇਸ਼ ਦੇ ਵਿਕਾਸ ਦੇ ਥੰਮ੍ਹ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਵਡੇਰੇ ਹਿੱਤਾਂ ਖਾਤਰ ਕਾਨੂੰਨਾਂ (ਖੇਤੀ ਕਾਨੂੰਨਾਂ) ਨੂੰ ਬਹਾਲ ਕਰਨ ਦੀ ਮੰਗ ਕਰਨ।’ ਕੰਗਨਾ ਨੇ ਭਰੋਸਾ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਉਸ ਨੇ ਦਾਅਵਾ ਕੀਤਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਵਿੱਤੀ ਸਥਿਰਤਾ ਤੇ ਵਿਕਾਸ ਦੇਣ ਦੇ ਨਾਲ ਨਾਲ ਖੇਤੀ ਖੇਤਰ ਲਈ ਵੀ ਲਾਹੇਵੰਦ ਹੋਣਗੇ। ਸ਼ੁਰੂਆਤ ’ਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵੱਡੇ ਪੱਧਰ ’ਤੇ ਵਿਰੋਧ ਹੋਇਆ ਸੀ, ਜਿਸ ਮਗਰੋਂ ਇਹ ਕਾਨੂੰਨ ਵਾਪਸ ਲੈ ਲਏ ਗਏ ਸਨ। ਉਸ ਨੇ ਕਿਹਾ ਕਿ ਵਿਰੋਧ ਮੁੱਖ ਤੌਰ ’ਤੇ ਕੁਝ ਹੀ ਰਾਜਾਂ ਤੱਕ ਸੀਮਤ ਸੀ।