For the best experience, open
https://m.punjabitribuneonline.com
on your mobile browser.
Advertisement

ਕੰਗਨਾ ਥੱਪੜ ਕਾਂਡ

07:44 AM Jun 10, 2024 IST
ਕੰਗਨਾ ਥੱਪੜ ਕਾਂਡ
Advertisement

ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਕਾਂਸਟੇਬਲ ਕੁਲਵਿੰਦਰ ਕੌਰ ਅਤੇ ਭਾਰਤੀ ਜਨਤਾ ਪਾਰਟੀ ਦੀ ਨਵੀਂ ਚੁਣੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਵਿਚਾਲੇ ਵਾਪਰੇ ਹਾਲੀਆ ਘਟਨਾਕ੍ਰਮ ਨੂੰ ਦੇਖਿਆ ਜਾਵੇ ਤਾਂ ਕਿਸਾਨਾਂ ਵੱਲੋਂ 2020-21 ਵਿੱਚ ਕੀਤਾ ਗਿਆ ਅੰਦੋਲਨ ਅਜੇ ਵੀ ਪੰਜਾਬ ਅੰਦਰ ਭਾਵਨਾਤਮਕ ਮੁੱਦੇ ਵਜੋਂ ਜਿਊਂਦਾ ਹੈ। ਕੁਲਵਿੰਦਰ ਕੌਰ ਨੇ ਪਿਛਲੇ ਹਫ਼ਤੇ ਚੰਡੀਗੜ੍ਹ ਹਵਾਈ ਅੱਡੇ ’ਤੇ ਕਥਿਤ ਤੌਰ ’ਤੇ ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਦੇ ਥੱਪੜ ਮਾਰਿਆ ਸੀ। ਜ਼ਾਹਿਰਾ ਤੌਰ ’ਤੇ ਇਹ ਕੰਗਨਾ ਦੇ ਵਿਵਾਦ ਵਾਲੇ ਬਿਆਨਾਂ ਦੇ ਜਵਾਬ ’ਚ ਹੋਇਆ। ਅਦਾਕਾਰਾ ਨੇ ਕਿਸਾਨ ਅੰਦੋਲਨ ਦੌਰਾਨ ਕਿਹਾ ਸੀ ਕਿ ਦਿੱਲੀ ਦੀਆਂ ਹੱਦਾਂ ਉੱਤੇ ਬੈਠਣ ਲਈ ਕਿਸਾਨਾਂ ਨੂੰ 100-200 ਰੁਪਏ ਦੀਆਂ ਅਦਾਇਗੀਆਂ ਕੀਤੀਆਂ ਗਈਆਂ ਹਨ। ਫਿਲਮ ਸਟਾਰ ਨੇ ਇਸ ਇਤਿਹਾਸਕ ਅੰਦੋਲਨ ਵਿੱਚ ਬੈਠੀਆਂ ਔਰਤਾਂ ਦਾ ਵੀ ਮਜ਼ਾਕ ਉਡਾਇਆ ਸੀ। ਕੁਲਵਿੰਦਰ ਕੌਰ ਦੀ ਮਾਂ ਵੀ ਸ਼ਾਇਦ ਉਨ੍ਹਾਂ ਮੁਜ਼ਾਹਰਾਕਾਰੀਆਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਬਰੂਹਾਂ ’ਤੇ ਸਾਲ ਤੋਂ ਵੱਧ ਸਮਾਂ ਡੇਰਾ ਲਾਈ ਰੱਖਿਆ ਸੀ। ਆਖਿ਼ਰਕਾਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣੇ ਪਏ ਸਨ ਪਰ ਉਸ ਤੋਂ ਪਹਿਲਾਂ ਲੰਮਾ ਸਮਾਂ ਚੱਲੇ ਸੰਘਰਸ਼ ਵਿੱਚ ਕਰੀਬ 700 ਮੁਜ਼ਾਹਰਾਕਾਰੀਆਂ ਦੀ ਮੌਤ ਹੋ ਚੁੱਕੀ ਸੀ।
ਕਈ ਕਿਸਾਨ ਸੰਗਠਨ ਮੁਅੱਤਲ ਕਾਂਸਟੇਬਲ ਦੇ ਨਾਲ ਖੜ੍ਹੇ ਹੋ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਘਟਨਾ ਦੀ ਜਾਂਚ ਡੂੰਘਾਈ ਨਾਲ ਹੋਣੀ ਚਾਹੀਦੀ ਹੈ; ਇੱਥੋਂ ਤੱਕ ਕਿ ਸੀਆਈਐੱਸਐੱਫ ਦੇ ਅਧਿਕਾਰੀ ਨੇ ਵੀ ਕਿਹਾ ਹੈ ਕਿ ਉਸ ਨੇ ਸ਼ਾਇਦ ਗੁੱਸੇ ਵਿੱਚ ਆ ਕੇ ਇਹ ਕੰਮ ਕੀਤਾ ਹੈ। ਕੁਲਵਿੰਦਰ ਕੌਰ ਨੂੰ ਸੋਸ਼ਲ ਮੀਡੀਆ ’ਤੇ ਭਰਵੀਂ ਹਮਾਇਤ ਮਿਲ ਰਹੀ ਹੈ ਹਾਲਾਂਕਿ ਕਾਫੀ ਲੋਕ ਕੰਗਨਾ ਰਣੌਤ ਦਾ ਪੱਖ ਵੀ ਪੂਰ ਰਹੇ ਹਨ ਜਿਨ੍ਹਾਂ ਵਿੱਚ ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਵੀ ਸ਼ਾਮਿਲ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੁੱਸਾ ਜ਼ਾਹਿਰ ਕਰਨ ਲਈ ਹਿੰਸਾ ਦਾ ਰਾਹ ਫੜਨਾ ਠੀਕ ਨਹੀਂ। ਜਿਵੇਂ ਉਮੀਦ ਸੀ, ਕੰਗਨਾ ਰਣੌਤ ਨੇ ‘ਪੰਜਾਬ ਵਿੱਚ ਅਤਿਵਾਦ ਅਤੇ ਹਿੰਸਾ ’ਚ ਹੈਰਾਨੀਜਨਕ ਵਾਧੇ’ ਉੱਤੇ ਚਿੰਤਾ ਜ਼ਾਹਿਰ ਕਰ ਦਿੱਤੀ ਹੈ। ਉਂਝ, ਤੱਥ ਇਹ ਵੀ ਹਨ ਕਿ ਕੰਗਨਾ ਰਣੌਤ ਦੇ ਅਜਿਹੇ ਬਿਆਨ ਵਾਰ-ਵਾਰ ਆਉਂਦੇ ਰਹੇ ਹਨ ਜਿਹੜੇ ਅਕਸਰ ਵਿਵਾਦ ਦਾ ਕਾਰਨ ਬਣਦੇ ਰਹੇ ਹਨ। ਇਹ ਬਿਆਨ ਸਿਆਸਤ ਨਾਲ ਵੀ ਸਬੰਧਿਤ ਹਨ ਅਤੇ ਫਿਲਮ ਸਨਅਤ ਨਾਲ ਵੀ।
ਇਹ ਅਫ਼ਸੋਸਨਾਕ ਘਟਨਾ ਸਰਹੱਦੀ ਸੂਬੇ ਦੇ ਦਿਹਾਤੀ ਖੇਤਰਾਂ ਵਿੱਚ ਭਾਜਪਾ ਵਿਰੋਧੀ ਜਜ਼ਬੇ ਦੀ ਵੀ ਸੂਚਕ ਹੈ। ਹਾਲ ਹੀ ਵਿਚ ਸੰਪੂਰਨ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਅਤੇ ਪ੍ਰਚਾਰਕਾਂ ਨੂੰ ਕਾਲੇ ਝੰਡੇ ਦਿਖਾਏ ਗਏ ਅਤੇ ਪਿੰਡਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਪੰਜਾਬ ਵਿੱਚ ਭਾਜਪਾ ਦੀ ਹਾਰ ਦਾ ਕਾਰਨ ਵੀ ਰਾਜ ਦੇ ਕਿਸਾਨੀ ਭਾਈਚਾਰੇ ਅਤੇ ਮੋਦੀ ਸਰਕਾਰ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਨੂੰ ਹੀ ਦੱਸਿਆ ਗਿਆ ਹੈ। ਨਵਾਂ ਟਕਰਾਅ ਇਸ ਸਾਲ ਦੇ ਸ਼ੁਰੂ ਵਿੱਚ ਉਸ ਵੇਲੇ ਉੱਭਰਿਆ ਜਦ ਮੁਜ਼ਾਹਰਾਕਾਰੀ ਕਿਸਾਨਾਂ ਦਾ ‘ਦਿੱਲੀ ਚਲੋ’ ਮਾਰਚ ਰੋਕ ਦਿੱਤਾ ਗਿਆ। ਇਸ ਕੁੜੱਤਣ ਵਿਚਾਲੇ ਇਹ ਜ਼ਰੂਰੀ ਹੈ ਕਿ ਸਿਆਸਤਦਾਨ ਅਤੇ ਕਿਸਾਨ ਆਗੂ, ਦੋਵੇਂ ਧਿਰਾਂ ਸੰਜਮ ਵਰਤਣ ਅਤੇ ਭੜਕਾਊ ਟਿੱਪਣੀਆਂ ਤੋਂ ਬਚਣ। ਤਣਾਅ ਘਟਾਉਣ ਲਈ ਦੋਵਾਂ ਧਿਰਾਂ ਨੂੰ ਮੁੜ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਬਾਰੇ ਸੋਚਣਾ ਚਾਹੀਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×