For the best experience, open
https://m.punjabitribuneonline.com
on your mobile browser.
Advertisement

ਅਫ਼ਗਾਨ ਕ੍ਰਿਕਟ ਟੀਮ ਦਾ ਹਾਸਲ

08:07 AM Jun 26, 2024 IST
ਅਫ਼ਗਾਨ ਕ੍ਰਿਕਟ ਟੀਮ ਦਾ ਹਾਸਲ
Advertisement

ਅਫ਼ਗਾਨਿਸਤਾਨ ਪ੍ਰਸ਼ੰਸਾ ਦਾ ਹੱਕਦਾਰ ਹੈ। ਮੁਲਕ ਦੀ ਨਿੱਗਰ ਕ੍ਰਿਕਟ ਟੀਮ ਨੇ ਕਪਤਾਨ ਰਾਸ਼ਿਦ ਖ਼ਾਨ ਦੀ ਅਗਵਾਈ ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਮੁਕਾਮ ਤੱਕ ਪਹੁੰਚਣ ਦੀ ਪ੍ਰਕਿਰਿਆ ਵਿੱਚ ਅਫ਼ਗਾਨਾਂ ਨੇ 2023 ਦੀ ਇੱਕ ਰੋਜ਼ਾ ਵਿਸ਼ਵ ਕੱਪ ਜੇਤੂ ਆਸਟਰੇਲੀਆ ਦੀ ਟੀਮ ਨੂੰ ਹਰਾਇਆ ਹੈ। ਹਾਰ ਤੋਂ ਬਾਅਦ ਆਸਟਰੇਲੀਆ ਦੀ ਟੀਮ ਟੀ-20 ਵਿਸ਼ਵ ਕੱਪ ਵਿੱਚੋਂ ਬਾਹਰ ਹੋ ਗਈ ਹੈ। ਉਨ੍ਹਾਂ ਐਤਵਾਰ ਨੂੰ ਸੁਪਰ ਅੱਠ ਦੇ ਗੇੜ ਵਿੱਚ ਆਸਟਰੇਲੀਆ ਨੂੰ ਮਾਤ ਦਿੱਤੀ ਜਦੋਂਕਿ ਇਸ ਤੋਂ ਦੋ ਹਫ਼ਤੇ ਪਹਿਲਾਂ ਵੀ ਉਨ੍ਹਾਂ ਗਰੁੱਪ ਪੱਧਰ ਦੇ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ ਹਰਾ ਕੇ ਉਲਟ-ਫੇਰ ਕੀਤਾ ਸੀ (ਕਿਵੀ ਟੀਮ ਇਸ ਹਾਰ ਤੋਂ ਬਾਅਦ ਆਖਿ਼ਰੀ ਅੱਠਾਂ ਵਿੱਚ ਥਾਂ ਨਹੀਂ ਬਣਾ ਸਕੀ)। ਰਾਸ਼ਿਦ ਦੀ ਟੀਮ ਲਈ ਇਹ ਪ੍ਰਾਪਤੀ ਸੁਪਨਾ ਸਾਕਾਰ ਹੋਣ ਤੋਂ ਘੱਟ ਨਹੀਂ ਹਾਲਾਂਕਿ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਸ੍ਰੀਲੰਕਾ ਵਰਗੀਆਂ ਸਾਬਕਾ ਵਿਸ਼ਵ ਚੈਂਪੀਅਨ ਟੀਮਾਂ (ਟੀ-20 ਤੇ ਇੱਕ ਰੋਜ਼ਾ ਵੰਨਗੀਆਂ ’ਚ) ਨਿਊਜ਼ੀਲੈਂਡ ਵਾਂਗ ਸ਼ੁਰੂਆਤ ਵਿੱਚ ਹੀ ਬਾਹਰ ਹੋ ਗਈਆਂ ਸਨ।
ਅਫ਼ਗਾਨਿਸਤਾਨ ਦੀ ਸ਼ਾਨਦਾਰ ਕਾਰਗੁਜ਼ਾਰੀ ਅਜਿਹੇ ਮੁਲਕ ਲਈ ਸੁਖਾਵੀਂ ਖ਼ਬਰ ਹੈ ਜੋ ਮਾਨਵੀ ਸੰਕਟ ਨਾਲ ਜੂਝ ਰਿਹਾ ਹੈ। ਖ਼ੁਰਾਕੀ ਲੋੜਾਂ ਤੇ ਸੁਰੱਖਿਆ ਦੀ ਸਥਿਤੀ ਉੱਥੇ ਲਗਾਤਾਰ ਨਿੱਘਰੀ ਹੈ, ਅੰਦਾਜ਼ਨ ਆਬਾਦੀ ਦਾ ਇੱਕ-ਤਿਹਾਈ ਹਿੱਸਾ ਖ਼ੁਰਾਕ ਦੇ ਪੱਖ ਤੋਂ ਅਸੁਰੱਖਿਅਤ ਹੈ। ਤਾਲਿਬਾਨ ਵੱਲੋਂ ਅਗਸਤ 2021 ਵਿੱਚ ਮੁਲਕ ’ਤੇ ਮੁੜ ਕਾਬਜ਼ ਹੋਣ ਤੋਂ ਬਾਅਦ ਅਰਥਚਾਰੇ ਦੀ ਗਿਰਾਵਟ ਅਤੇ ਸਿਆਸੀ ਅਸਥਿਰਤਾ ਨੇ ਕਰੋੜਾਂ ਅਫ਼ਗਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਹੀ ਕੀਤਾ ਹੈ। ਦਾਨੀ ਸੰਗਠਨਾਂ ਤੋਂ ਮਿਲਦੇ ਫੰਡਾਂ ਵਿੱਚ ਵੀ ਕਮੀ ਆਈ ਹੈ ਜਦੋਂਕਿ ਸਿਹਤ ਸੰਭਾਲ, ਸਿੱਖਿਆ ਅਤੇ ਸੈਨੀਟੇਸ਼ਨ ਵਰਗੀਆਂ ਸਹੂਲਤਾਂ ਲਈ ਪੂੰਜੀ ਦੀ ਬਹੁਤ ਲੋੜ ਹੈ। ਇਸ ਉਥਲ-ਪੁਥਲ ਵਿਚਾਲੇ ਕ੍ਰਿਕਟ ਮੱਲ੍ਹਮ ਦੀ ਤਰ੍ਹਾਂ ਹੈ।
ਅਫ਼ਗਾਨ ਟੀਮ ਦੇ ਸੈਮੀਫਾਈਨਲ ਵਿੱਚ ਦਾਖਲੇ ਨੂੰ ਮਹਿਜ਼ ਤੁੱਕਾ ਸਮਝ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਉਨ੍ਹਾਂ ਭਾਰਤ ਵੱਲੋਂ ਕਰਵਾਏ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਬਰਤਾਨੀਆ, ਪਾਕਿਸਤਾਨ ਅਤੇ ਸ੍ਰੀਲੰਕਾ ਨੂੰ ਝਟਕਾ ਦਿੱਤਾ ਸੀ ਹਾਲਾਂਕਿ ਉਹ ਆਖਿ਼ਰੀ ਚਾਰਾਂ ਵਿੱਚ ਜਗ੍ਹਾ ਨਹੀਂ ਬਣਾ ਸਕੇ ਤੇ ਇਹ ਸ਼ਾਨਦਾਰ ਕੋਸ਼ਿਸ਼ਾਂ ਕਿਸੇ ਲੇਖੇ ਨਹੀਂ ਲੱਗ ਸਕੀਆਂ। ਦੱਖਣੀ ਅਫਰੀਕਾ ਖਿ਼ਲਾਫ਼ ਸੈਮੀਫਾਈਨਲ ਮੈਚ ਦਾ ਨਤੀਜਾ ਭਾਵੇਂ ਕੁਝ ਵੀ ਹੋਵੇ ਪਰ ਅਫ਼ਗਾਨਿਸਤਾਨ ਦੀ ਟੀਮ ਹੁਣ ਕ੍ਰਿਕਟ ਜਗਤ ਵਿੱਚ ਤਾਕਤਵਰ ਧਿਰ ਬਣ ਚੁੱਕੀ ਹੈ। ਭਾਰਤ ਦੀ ਟੀਮ ਦਾ ਮੁਕਾਬਲਾ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨਾਲ ਹੋਵੇਗਾ। ਦੱਖਣੀ ਅਫਰੀਕਾ ਤੇ ਅਫ਼ਗਾਨਿਸਤਾਨ, ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਿੜਨਗੇ ਜਦੋਂਕਿ ਭਾਰਤ-ਇੰਗਲੈਂਡ ਦਾ ਮੁਕਾਬਲਾ ਗੁਆਨਾ ਵਿੱਚ ਹੋਵੇਗਾ। ਬਿਨਾਂ ਹਾਰੇ ਅੱਗੇ ਵੱਧ ਰਹੀ ਭਾਰਤੀ ਟੀਮ ਨੇ ਸ਼ਾਇਦ ਇਸ ਟੂਰਨਾਮੈਂਟ ਵਿੱਚ ਹਰ ਕਿਸੇ ਨੂੰ ਹੈਰਤ ਵਿੱਚ ਪਾਇਆ ਹੈ ਪਰ ਇਹ ਅਫ਼ਗਾਨਿਸਤਾਨ ਦੀ ਟੀਮ ਹੈ ਜਿਸ ਨੇ ਆਪਣੇ ਕਦੇ ਵੀ ਹੌਸਲਾ ਨਾ ਹਾਰਨ ਵਾਲੇ ਨਜ਼ਰੀਏ ਨਾਲ ਅਣਗਿਣਤ ਦਿਲ ਜਿੱਤ ਲਏ ਹਨ। ਇਸ ਦੇ ਨਾਲ ਹੀ ਹੁਣ ਅਫ਼ਗਾਨਿਸਤਾਨ ਦਾ ਜਿ਼ਕਰ ਉਸ ਤਰ੍ਹਾਂ ਨਹੀਂ ਹਵੇਗਾ ਜਿਸ ਤਰ੍ਹਾਂ ਕੱਲ੍ਹ ਤੱਕ ਹੁੰਦਾ ਆਇਆ ਹੈ। ਇਹ ਮਰਹੱਲਾ ਅਫ਼ਗਾਨਿਸਤਾਨ ਲਈ ਨਵਾਂ ਮੋੜ ਵੀ ਸਾਬਿਤ ਹੋ ਸਕਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×