ਵਿਵਾਦਾਂ ਦੀ ‘ਕੁਈਨ’ ਹੈ ਕੰਗਨਾ: ਵਿਕਰਮਾਦਿੱਤਿਆ
* ਕੰਗਣਾ ਤੋਂ ਹਿਮਾਚਲ ਦੇ ਲੋਕਾਂ ਲਈ ਜਵਾਬ ਮੰਗਿਆ
ਸ਼ਿਮਲਾ, 8 ਅਪਰੈਲ
ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਅੱਜ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਕੰਗਨਾ ਰਣੌਤ ਨੂੰ ਵਿਵਾਦਾਂ ਦੀ ‘ਕੁਈਨ’ ਕਰਾਰ ਦਿੱਤਾ ਹੈ।
ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੰਗਨਾ ਇੱਕ ਚੰਗੀ ਅਦਾਕਾਰਾ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਵਿਵਾਦਾਂ ਦੀ ਕੁਈਨ ਹੈ। ਜੇਕਰ ਉਸ ਨੂੰ ਲਗਦਾ ਹੈ ਕਿ ਉਨ੍ਹਾਂ ਸਮੇਂ-ਸਮੇਂ ’ਤੇ ਜੋ ਕੁਝ ਕਿਹਾ ਹੈ ਉਸ ਦਾ ਜ਼ਿਕਰ ਚੋਣਾਂ ਦੌਰਾਨ ਨਹੀਂ ਕੀਤਾ ਜਾਵੇਗਾ ਤਾਂ ਉਨ੍ਹਾਂ ਨੂੰ ਜੈ ਸ੍ਰੀਰਾਮ।’ ਉਨ੍ਹਾਂ ਕਿਹਾ ਕਿ ਇਹ ਮੁੱਦੇ ਲੋਕ ਸਭਾ ਚੋਣਾਂ ’ਚ ਚੁੱਕੇ ਜਾਣਗੇ ਅਤੇ ਕੰਗਨਾ ਨੂੰ ਹਿਮਾਚਲ ਪ੍ਰਦੇਸ਼ ਤੇ ਖਾਸ ਤੌਰ ’ਤੇ ਮੰਡੀ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਇਸ ਸੀਟ ਤੋਂ ਵਿਕਰਮਾਦਿੱਤਿਆ ਅਤੇ ਉਨ੍ਹਾਂ ਦੀ ਮਾਂ ਪ੍ਰਤਿਭਾ ਸਿੰਘ ਦੋਵੇਂ ਹੀ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਸੰਭਾਵੀ ਉਮੀਦਵਾਰ ਹਨ। ਵਿਕਰਮਾਦਿੱਤਿਆ ਮੰਡੀ ਸੰਸਦੀ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਵੀ ਹਨ ਜਦਕਿ ਉਨ੍ਹਾਂ ਦੀ ਮਾਂ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਹਨ। ‘ਬੀਫ’ ਖਾਣ ਨੂੰ ਲੈ ਕੇ ਕੰਗਨਾ ਖ਼ਿਲਾਫ਼ ਇੱਕ ਦੋਸ਼ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਭਗਵਾਨ ਤੋਂ ਉਨ੍ਹਾਂ (ਅਦਾਕਾਰਾ) ਨੂੰ ਚੰਗੀ ਮੱਤ ਬਖ਼ਸ਼ਣ ਦੀ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੰਗਨਾ ਦੇਵਭੂਮੀ ਹਿਮਾਚਲ ਤੋਂ ਸ਼ੁੱਧ ਹੋ ਕੇ ਬੌਲੀਵੁੱਡ ’ਚ ਵਾਪਸ ਜਾਵੇਗੀ ਕਿਉਂਕਿ ਉਹ ਚੋਣਾਂ ਨਹੀਂ ਜਿੱਤੇਗੀ ਅਤੇ ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। -ਪੀਟੀਆਈ