ਕੰਗਨਾ ਵੱਲੋਂ ਪ੍ਰਿਯੰਕਾ ਤੇ ਗਾਂਧੀ ਪਰਿਵਾਰ ਨੂੰ ‘ਐਮਰਜੈਂਸੀ’ ਦੇਖਣ ਦਾ ਸੱਦਾ
* ਇੰਦਰਾ ਗਾਂਧੀ ਦਾ ਕਿਰਦਾਰ ਬਾਖੂਬੀ ਨਿਭਾਉਣ ਦਾ ਕੀਤਾ ਦਾਅਵਾ
* ਫਿਲਮ 17 ਜਨਵਰੀ ਨੂੰ ਹੋਵੇਗੀ ਰਿਲੀਜ਼
ਮੁੰਬਈ, 8 ਜਨਵਰੀ
ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਹੈ ਕਿ ਉਨ੍ਹਾਂ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਆਪਣੀ ਫਿਲਮ ‘ਐਮਰਜੈਂਸੀ’ ਦੇਖਣ ਦਾ ਸੱਦਾ ਦਿੱਤਾ ਹੈ। ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 1975 ਤੋਂ 1977 ਦੇ 21 ਮਹੀਨਿਆਂ ’ਤੇ ਆਧਾਰਿਤ ਹੈ, ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੁਲਕ ’ਚ ਐਮਰਜੈਂਸੀ ਐਲਾਨੀ ਸੀ।
ਫਿਲਮ ’ਚ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਪ੍ਰਿਯੰਕਾ ਗਾਂਧੀ ਨੂੰ ਸੰਸਦ ’ਚ ਮਿਲੀ ਸੀ। ਸਭ ਤੋਂ ਪਹਿਲਾਂ ਮੈਂ ਉਸ ਨੂੰ ਆਖਿਆ ਕਿ ਉਹ ਐਮਰਜੈਂਸੀ ਜ਼ਰੂਰ ਦੇਖੇ। ਉਸ ਨੇ ਕਿਹਾ ਹਾਂ ਸ਼ਾਇਦ ਦੇਖਾਂਗੀ। ਹੁਣ ਪਤਾ ਲੱਗੇਗਾ ਕਿ ਉਹ ਅਤੇ ਗਾਂਧੀ ਪਰਿਵਾਰ ਫਿਲਮ ਦੇਖਣਾ ਚਾਹੁੰਦਾ ਹੈ ਜਾਂ ਨਹੀਂ। ਮੇਰੇ ਹਿਸਾਬ ਨਾਲ ਇਹ ਇਕ ਹਸਤੀ ਦੇ ਨਾਲ ਹੀ ਇਕ ਘਟਨਾ ਅਤੇ ਬਹੁਤ ਹੀ ਗੰਭੀਰ ਮੁੱਦੇ ਵਾਲੀ ਫਿਲਮ ਹੈ। ਮੈਂ ਸ੍ਰੀਮਤੀ ਗਾਂਧੀ ਦਾ ਕਿਰਦਾਰ ਨਿਭਾਉਣ ਸਮੇਂ ਬਹੁਤ ਧਿਆਨ ਰੱਖਿਆ ਹੈ। ਮੈਂ ਪੂਰੀ ਖੋਜ ਕਰਕੇ ਫਿਲਮ ਬਣਾਈ ਹੈ।’’ ਕੰਗਨਾ ਨੇ ਕਿਹਾ ਕਿ ਖੋਜ ਦੌਰਾਨ ਉਸ ਨੂੰ ਇੰਦਰਾ ਗਾਂਧੀ ਦੇ ਨਿੱਜੀ ਜੀਵਨ, ਪਤੀ ਨਾਲ ਸਬੰਧ, ਕਈ ਦੋਸਤ ਹੋਣ ਅਤੇ ਵਿਵਾਦਤ ਸਮੀਕਰਨਾਂ ਦੀ ਵੀ ਜਾਣਕਾਰੀ ਮਿਲੀ। ਅਦਾਕਾਰਾ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਸਮੇਂ ਉਸ ਨੇ ਮਰਿਆਦਾ ਅੰਦਰ ਰਹਿ ਕੇ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਹਰ ਕਿਸੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਕੰਗਨਾ ਨੇ ਕਿਹਾ ਕਿ ਜੇ ਇੰਦਰਾ ਗਾਂਧੀ ਨਾਲ ਕੁਝ ਵਿਵਾਦ ਜੁੜੇ ਹੋਏ ਸਨ ਤਾਂ ਉਸ ਨੂੰ ਬਹੁਤ ਪਿਆਰ ਵੀ ਦਿੱਤਾ ਜਾਂਦਾ ਸੀ। ਉਸ ਨੇ ਕਿਹਾ ਕਿ ਤਿੰਨ ਵਾਰ ਪ੍ਰਧਾਨ ਮੰਤਰੀ ਬਣਨਾ ਕੋਈ ਮਖੌਲ ਨਹੀਂ ਹੈ। -ਆਈਏਐੱਨਐੱਸ