For the best experience, open
https://m.punjabitribuneonline.com
on your mobile browser.
Advertisement

ਡੈਮੋਕਰੈਟਿਕ ਉਮੀਦਵਾਰ ਬਣਨ ਲਈ ਕਮਲਾ ਹੈਰਿਸ ਨੂੰ ਲੋੜੀਂਦਾ ਸਮਰਥਨ ਹਾਸਲ

07:55 AM Jul 24, 2024 IST
ਡੈਮੋਕਰੈਟਿਕ ਉਮੀਦਵਾਰ ਬਣਨ ਲਈ ਕਮਲਾ ਹੈਰਿਸ ਨੂੰ ਲੋੜੀਂਦਾ ਸਮਰਥਨ ਹਾਸਲ
ਡੈਲੀਗੇਟਾਂ ਨੂੰ ਸੰਬੋਧਨ ਕਰਦੀ ਹੋਈ ਕਮਲਾ ਹੈਰਿਸ
Advertisement

ਵਾਸ਼ਿੰਗਟਨ, 23 ਜੁਲਾਈ
ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਵਾਸਤੇ ਡੈਲੀਗੇਟਾਂ ਦਾ ਲੋੜੀਂਦਾ ਸਮਰਥਨ ਪ੍ਰਾਪਤ ਕਰ ਲਿਆ ਹੈ। ਅਮਰੀਕਾ ਦੇ ਮੀਡੀਆ ਅਦਾਰਿਆਂ ਦੀਆਂ ਖ਼ਬਰਾਂ ਮੁਤਾਬਕ ਉਪ ਰਾਸ਼ਟਰਪਤੀ ਨੂੰ ਸੰਭਾਵੀ ਵਿਰੋਧੀਆਂ, ਕਾਨੂੰਨਸਾਜ਼ਾਂ, ਗਵਰਨਰਾਂ ਅਤੇ ਪ੍ਰਭਾਵਸ਼ਾਲੀ ਸਮੂਹਾਂ ਵੱਲੋਂ ਸਮਰਥਨ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਹੈਰਿਸ ਦੀ ਚੋਣ ਮੁਹਿੰਮ ਲਈ ਐਤਵਾਰ ਬਾਅਦ ਦੁਪਹਿਰ ਤੋਂ ਸੋਮਵਾਰ ਸ਼ਾਮ ਤੱਕ ਰਿਕਾਰਡ 10 ਕਰੋੜ ਡਾਲਰ ਦੇ ਫੰਡ ਇਕੱਤਰ ਕਰ ਲਏ ਗਏ। ਇਸ ਮੁਹਿੰਮ ਲਈ 11 ਲੱਖ ਵਿਅਕਤੀਆਂ ਨੇ ਫੰਡ ਦਿੱਤਾ।

Advertisement

ਕਮਲਾ ਹੈਰਿਸ ਦਾ ਹੌਂਸਲਾ ਵਧਾਉਦੇ ਹੋਏ ਅਧਿਕਾਰੀ ਤੇ ਚੋਣ ਮੁਹਿੰਮ ਅਮਲੇ ਦੇ ਮੈਂਬਰ। -ਫੋਟੋਆਂ: ਰਾਇਟਰਜ਼

ਕਮਲਾ ਹੈਰਿਸ ਦੀ ਪਹਿਲੇ ਦਿਨ ਦੀ ਮੁਹਿੰਮ ਬਾਰੇ ਸੀਐੱਨਐੱਨ ਦੀ ਖ਼ਬਰ ਮੁਤਾਬਕ ਭਾਰਤੀ ਤੇ ਅਫਰੀਕੀ ਮੂਲ ਦੀ ਹੈਰਿਸ ਨੂੰ 1976 ਤੋਂ ਵੱਧ ਡੈਲੀਗੇਟਾਂ ਦਾ ਸਮਰਥਨ ਪ੍ਰਾਪਤ ਹੋ ਗਿਆ ਹੈ ਜੋ ਕਿ ਡੈਮੋਕਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਨ ਵਾਸਤੇ ਲੋੜੀਂਦਾ ਸੀ। ਜਾਣਕਾਰੀ ਅਨੁਸਾਰ ਹੈਰਿਸ ਨੂੰ ਸੋਮਵਾਰ ਰਾਤ ਤੱਕ ਘੱਟੋ ਘੱਟ 2579 ਡੈਲੀਗੇਟ ਦਾ ਸਮਰਥਨ ਪ੍ਰਾਪਤ ਹੋ ਚੁੱਕਾ ਸੀ। ਹੈਰਿਸ (59) ਨੇ ਸੋਮਵਾਰ ਨੂੰ ਦੇਰ ਰਾਤ ਜਾਰੀ ਇਕ ਬਿਆਨ ਵਿੱਚ ਕਿਹਾ, ‘‘ਮੈਂ ਅੱਗੇ ਜਲਦੀ ਹੀ ਰਸਮੀ ਤੌਰ ’ਤੇ ਨਾਮਜ਼ਦਗੀ ਮਨਜ਼ੂਰ ਹੋਣ ਦੀ ਆਸ ਕਰਦੀ ਹਾਂ।’’
ਮੀਡੀਆ ਦੀਆਂ ਖ਼ਬਰਾਂ ਵਿੱਚ ਕਿਹਾ ਗਿਆ ਹੈ ਪਾਰਟੀ ਦੇ ਅਹੁਦੇਦਾਰਾਂ ਵੱਲੋਂ 19 ਤੋਂ 22 ਅਗਸਤ ਤੱਕ ਸ਼ਿਕਾਗੋ ਵਿੱਚ ਡੈਮੋਕਰੈਟਿਕ ਪਾਰਟੀ ਦੀ ਹੋਣ ਵਾਲੀ ਕੌਮੀ ਕਨਵੈਨਸ਼ਨ ਤੋਂ ਪਹਿਲਾਂ ਉਮੀਦਵਾਰ ਦੀ ਰਸਮੀ ਤੌਰ ’ਤੇ ਨਾਮਜ਼ਦਗੀ ਪੱਕੀ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਪਹਿਲਾਂ ਹੀ ਸਪੱਸ਼ਟ ਹੋ ਚੁੱਕਾ ਹੈ ਕਿ ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਹੈਰਿਸ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਉਮੀਦਵਾਰ ਵਜੋਂ ਕਿਸ ਨੂੰ ਚੁਣਦੀ ਹੈ। ਕਮਲਾ ਹੈਰਿਸ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਾਡੇ ਕੋਲ 106 ਦਿਨ ਪਏ ਹਨ ਅਤੇ ਇਸ ਦੌਰਾਨ ਸਾਨੂੰ ਕਾਫੀ ਸਖ਼ਤ ਮਿਹਨਤ ਕਰਨੀ ਹੈ।’’ ਉਨ੍ਹਾਂ ਬਾਇਡਨ ਦੀ ਮੁਹਿੰਮ ਲਈ ਕੰਮ ਕਰਦੇ ਆ ਰਹੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। -ਏਪੀ

ਕਮਲਾ ਹੈਰਿਸ ਲਈ ਪ੍ਰਚਾਰ ਕਰਨਗੇ ਬਾਇਡਨ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਨਵੰਬਰ ਵਿੱਚ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਦੀ ਦੌੜ ’ਚੋਂ ਪਿੱਛੇ ਹਟਣ ਦੇ ਆਪਣੇ ਫੈਸਲੇ ਨੂੰ ਸੋਮਵਾਰ ਨੂੰ ‘ਸਹੀ ਕਦਮ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਲਾਗ ਕਾਰਨ ਉਹ ਅਜੇ ਲੋਕਾਂ ਵਿੱਚ ਨਹੀਂ ਜਾ ਸਕੇ ਰਹੇ ਹਨ ਪਰ ਉਹ ਜਲਦੀ ਹੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਆਪਣੀ ਪਿਛਲੀ ਟੀਮ ਨੂੰ ਫੋਨ ’ਤੇ ਸੰਬੋਧਨ ਕਰਦੇ ਹੋਏ ਬਾਇਡਨ ਨੇ ਇਸ ਦੇ ੈਂਬਰਾਂ ਨੂੰ ਉਪ ਰਾਸ਼ਟਰਪਤੀ ਕਮਲਾ ਨੂੰ ‘ਦਿਲ ਤੋਂ ਅਪਣਾਉਣ’ ਦੀ ਅਪੀਲ ਕੀਤੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×