ਕੱਕਾ ਸਿੰਘ
ਗੁਰਚਰਨ ਸਿੰਘ ਨੂਰਪੁਰ
‘‘ਬੰਦੇ ਕਿਰਤ ਤੋਂ ਟੁੱਟ ਕੇ ਆਪਣੇ ਆਪ ਨਾਲੋਂ ਵੀ ਟੁੱਟ ਗਏ। ਇਸ ਤੋਂ ਅਗਾਂਹ ਅਸੀਂ ਕੁਦਰਤ ਨਾਲੋਂ ਵੀ ਤੋੜ ਵਿਛੋੜਾ ਕਰ ਲਿਆ। ਹਰ ਬੰਦਾ ਪੇਤਲੀ ਤੇ ਵਿਖਾਵੇ ਦੀ ਜ਼ਿੰਦਗੀ ਜਿਊਣ ਲੱਗ ਪਿਆ।’’ ਰਿਟਾਇਡ ਹੈੱਡਮਾਸਟਰ ਬਚਿੱਤਰ ਸਿੰਘ ਨੇ ਸੱਥ ਵਿੱਚ ਬੈਠਿਆਂ ਬਜ਼ੁਰਗ ਕਰਮ ਸਿੰਘ ਨਾਲ ਗੱਲ ਸਾਂਝੀ ਕੀਤੀ।
‘‘ਮਾਹਟਰ ਜੀ, ਗੱਲਾਂ ਹੀ ਪਰ੍ਹਾਂ ਹੋਈਆਂ ਪਈਆਂ ਨੇ ਹੁਣ ਤਾਂ, ਸਾਡੇ ਆਲੇ ਵੇਖ ਲਓ ਰਾਤੀਂ ਅੱਧੀ ਰਾਤ ਮੁੜੇ ਆ ਟਰੈਕਟਰ ’ਤੇ ਵੱਡੇ ਵੱਡੇ ਡੱਬੇ ਜਿਹੇ ਲਵਾ ਕੇ, ਅਖੇ ਮੇਲੇ ’ਤੇ ਜਾਣਾ ਏ। ਇਨ੍ਹਾਂ ਨਾਲ ... ਧਮਕ ਚੰਗੀ ਬਣਦੀ ਆ ਗੀਤਾਂ ਦੀ। ਕਈ ਦਿਨਾਂ ਦੀ ਪਿੰਡ ਵਿੱਚ ਮੇਲਾ ਮੇਲਾ ਹੋਣ ਡਹੀ ਏ, ਕੀ ਨੇ ਅੱਜਕੱਲ੍ਹ ਦੇ ਇਹ ਮੇਲੇ? ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਹੁੰਦਾ ਏ ਸਾਰਾ ਕੁਝ। ਟੀਕੇ ਲਾ ਕੇ ਖੇਡੀਆਂ ਕਬੱਡੀਆਂ ਵੇਖਣ ਦਾ ਕੀ ਫ਼ਾਇਦਾ? ਸਾਡੀਆਂ ਪੰਜਾਬੀਆਂ ਦੀਆਂ ਔਲਾਦਾਂ ਹੁਣ ‘ਕਿਰਤੀ ਕਮਾਊ ਪੁੱਤਰਾਂ’ ਤੋਂ ‘ਵੈਲੀ ਪੁੱਤ ਸਰਦਾਰਾਂ ਦੇ’ ਅਖਵਾਉਣ ਵਿੱਚ ਫਖਰ ਮਹਿਸੂਸ ਕਰਦੀਆਂ ਨੇ।’’ ਕਰਮ ਸਿੰਘ ਦੇ ਬੋਲ ਸੁਣ ਕੇ ਬੋਹੜ ਦੇ ਥੜ੍ਹੇ ’ਤੇ ਬੈਠੇ ਹੋਰ ਵੀ ਪੰਜ ਸੱਤ ਜਣੇ ਉਨ੍ਹਾਂ ਦੀ ਗੱਲ ਵਿੱਚ ਸ਼ਾਮਿਲ ਹੋ ਗਏ। ‘‘ਸਾਰਾ ਆਵਾ ਈ ਊਤਿਆ ਪਿਆ ਏ। ਮੇਰੇ ਸਾਂਢੂ ਦਾ ਇੱਕੋ ਇੱਕ ਜਵਾਕ ਏ। ਚੰਗਾ ਪੈਲੀ ਦੱਥਾ ਏ। ਘਰੋਂ ਕਦੇ ਬਾਹਰ ਨਹੀਂ ਨਿਕਲਿਆ, ਮਬੈਲ ਤੋਂ ਕਦੇ ਮੂੰਹ ਉਤਾਂਹ ਨਹੀਂ ਚੱਕਿਆ। ਇੱਕ ਦਿਨ ਮੈਂ ਆਖਿਆ ਆਪਦੇ ਪਿਓ ਨਾਲ ਕੰਮ ਕਾਜ ਕਰਾਇਆ ਕਰ, ਖੇਤ ਜਾਇਆ ਕਰ, ਉਹ ਹਾਰਟ ਦਾ ਮਰੀਜ ਏ ’ਕੱਲਾ ਖਪਦਾ ਰਹਿੰਦਾ। ਅਖੇ, ਮਾਸੜ ਜੀ ਕੰਮ ਹੁਣ ਬਾਹਰ ਕਨੇਡੇ ਜਾ ਕੇ ਹੀ ਕਰਾਂਗੇ।’’ ਬਲਵੀਰੇ ਨੇ ਆਪਣੀ ਹੋਈ ਬੀਤੀ ਸੁਣਾਈ।
‘‘ਕੁਝ ਫੁਕਰੇ ਗਾਇਕਾਂ ਨੇ ਜਵਾਨੀ ਨੂੰ ਪੁੱਠੇ ਪਾਸੇ ਤੋਰ ਦਿੱਤਾ, ਕੁਝ ਬਾਹਰਲੇ ਮੁਲਕਾਂ ਦੇ ਝੱਲ ਨੇ ਤੇ ਕੁਝ ਨਸ਼ੇ ਨੇ ਬੇੜਾ ਗਰਕ ਕਰ ਦਿੱਤਾ। ਘਰਾਂ ਦੇ ਘਰ ਤਬਾਹ ਹੋ ਗਏ। ਹੁਣ ਤਾਂ ਕਈ ਥਾਈਂ ਘੋਲ-ਕਬੱਡੀਆਂ ਵੀ ਨਸ਼ੇ ਕਰ-ਕਰ ਕੇ ਹੋਣ ਲੱਗ ਪਈਆਂ ਨੇ।’’ ਮਾਸਟਰ ਬਚਿੱਤਰ ਸਿੰਘ ਨੇ ਕਿਹਾ। ਘੋਲ-ਕਬੱਡੀ ਦੀ ਗੱਲ ਹੋਈ ਤਾਂ ਅਖਾੜਿਆਂ ਦੇ ਸ਼ੌਕੀਨ ਬੋਹੜ ਨੇ ਬਜ਼ੁਰਗ ਕਰਮ ਸਿੰਘ ਨੂੰ ਪਹਿਲਵਾਨ ਕੱਕਾ ਸਿੰਘ ਵਾਲੀ ਗੱਲ ਸੁਣਾਉਣ ਲਈ ਕਿਹਾ ਜਿਸ ਦਾ ਕਈ ਦਿਨ ਪਹਿਲਾਂ ਕਰਮ ਨੇ ਸਾਰਿਆਂ ਨਾਲ ਵਾਅਦਾ ਕੀਤਾ ਸੀ।
ਕਰਮ ਸਿੰਘ ਨੂੰ ਜਦੋਂ ਕੋਈ ਕੱਕਾ ਸਿੰਘ ਦੀ ਗੱਲ ਸੁਣਾਉਣ ਲਈ ਕਹਿੰਦਾ ਤਾਂ ਉਹਨੂੰ ਬੜਾ ਚੰਗਾ ਲੱਗਦਾ। ਬੀਤੇ ਵੇਲੇ ਨੂੰ ਚੇਤੇ ਕਰਦਿਆਂ ਖੰਗੂਰਾ ਮਾਰ ਕੇ ਕਰਮ ਸਿੰਘ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ, ‘‘ਕੱਕਾ ਸਿੰਘ ਬਾਰੇ ਲਾਹੌਰ ਦੇ ਇਲਾਕੇ ਵਿੱਚ ਦੋ ਮੁਹਾਵਰੇ ਮਸ਼ਹੂਰ ਸਨ ਇੱਕ ਤਾਂ ‘ਮੈਂ ਜਾਣਦਾਂ ਤੈਨੂੰ ਵੱਡੇ ਕੱਕੂ ਪਹਿਲਵਾਨ ਨੂੰ’ ਤੇ ਦੂਜਾ ‘ਮੈਂ ਵੇਖ ਲਵਾਂਗਾ ਤੈਨੂੰ ਵੱਡੇ ਕੱਕੇ ਨੂੰ।’ ਇਹ ਮੁਹਾਵਰਾ ਅੱਜ ਵੀ ਜਿੱਥੇ ਜਿੱਥੇ ਲਾਹੌਰੀਏ ਬੈਠੇ ਨੇ ਆਪਣੀ ਬੋਲੀ ਵਿੱਚ ਆਮ ਵਰਤਦੇ ਹਨ। ਪਰ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਕਿ ਕੱਕਾ ਸਿੰਘ ਕੌਣ ਸੀ।’’ ਮਾਸਟਰ ਬਚਿੱਤਰ ਸਿੰਘ ਸਮੇਤ ਸਾਰੇ ਉਤਸੁਕਤਾ ਨਾਲ ਗੱਲ ਸੁਣਨ ਲੱਗੇ।
‘‘ਕੱਕਾ ਸਿੰਘ ਸਾਡੇ ਪਾਕਿਸਤਾਨ ਦੇ ਪਿੰਡ ਬਗਿਆਣੇ ਜ਼ਿਲ੍ਹਾ ਲਾਹੌਰ ਦਾ ਮਸ਼ਹੂਰ ਪਹਿਲਵਾਨ ਸੀ ਜਿਸ ਦੇ ਨਾਮ ਦੀ ਲਾਹੌਰ ਜ਼ਿਲ੍ਹੇ ’ਚ ਹੀ ਨਹੀਂ ਸਗੋਂ ਲਹਿੰਦੇ ਪੰਜਾਬ ਵਿੱਚ ਦੂਰ ਦੂਰ ਤੱਕ ਧੁੰਮ ਸੀ। ਅੱਜ ਵੀ ਲਾਹੌਰ ਦੇ ਆਸ-ਪਾਸ ਦੇ ਪਿੰਡਾਂ ’ਚੋਂ ਉੱਜੜ ਕੇ ਆਏ ਜਾਂ ਉੱਥੇ ਵੱਸਣ ਵਾਲੇ ਲੋਕ ਉਸ ਦਾ ਨਾਮ ਬੜੇ ਮਾਣ ਨਾਲ ਲੈਂਦੇ ਹਨ। ਬਗਿਆਣਾ, ਲਾਹੌਰ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਸੀ। ਇਸ ਨੂੰ ਭਾਈਫੇਰੂ ਸ਼ਹਿਰ ਲੱਗਦਾ ਸੀ ਤੇ ਕੱਚੀ ਕੋਠੀ ਥਾਣਾ। ਇਹੋ ਕੱਚੀ ਕੋਠੀ ਥਾਣਾ ਸੀ ਜਿੱਥੇ ਅੰਗਰੇਜ਼ਾਂ ਨੇ ਥਾਣੇਦਾਰ ਅਸਗਰ ਅਲੀ ਨੂੰ ਖ਼ਾਸ ਤੌਰ ’ਤੇ ਇਲਾਕੇ ਦੇ ਮਸ਼ਹੂਰ ਡਾਕੂ ਜੱਗੇ ਨੂੰ ਫੜਨ ਲਈ ਤਾਇਨਾਤ ਕੀਤਾ ਹੋਇਆ ਸੀ। ਇਹ ਉਹ ਹੀ ਜੱਗਾ ਡਾਕੂ ਸੀ ਜਿਸ ਬਾਰੇ ਕਈ ਲੋਕ ਬੋਲੀਆਂ ਮਸ਼ਹੂਰ ਹਨ। ਇਸ ਤਰ੍ਹਾਂ ਇਹ ਇਲਾਕਾ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾਂ ਲੋਕਾਂ ਦੇ ਚੇਤਿਆਂ ਵਿੱਚ ਰਿਹਾ ਹੈ।’’ ਕਰਮ ਸਿੰਘ ਨੇ ਜਿਵੇਂ ਲਾਹੌਰ ਦੇ ਇਲਾਕੇ ਦਾ ਨਕਸ਼ਾ ਜਿਹਾ ਲੋਕਾਂ ਅੱਗੇ ਵਿਛਾ ਦਿੱਤਾ।
‘‘ਸੰਤਾਲੀ ਤੋਂ ਪਹਿਲਾਂ ਛੋਟੇ ਜਿਹੇ ਕਸਬੇ ਭਾਈਫੇਰੂ ਵਿੱਚ ਹਰ ਸਾਲ ਇੱਕ ਬੜੀ ਵੱਡੀ ਛਿੰਝ ਪੈਂਦੀ। ਇਸ ਵਿੱਚ ਬੜੀ ਦੂਰ ਦੂਰ ਤੋਂ ਨਾਮੀ ਪਹਿਲਵਾਨ ਆਉਂਦੇ ਤੇ ਘੋਲ ਕੁਸ਼ਤੀਆਂ, ਕਬੱਡੀ ਤੇ ਹੋਰ ਕਈ ਤਰ੍ਹਾਂ ਦੇ ਕਰਤੱਬ ਹੁੰਦੇ। ਕਈ ਦਿਨ ਮੇਲਾ ਭਰਦਾ। ਲੋਕ ਇਸ ਮੇਲੇ ’ਤੇ ਜਾਣ ਲਈ ਕਈ ਕਈ ਦਿਨ ਪਹਿਲਾਂ ਹੀ ਤਿਆਰੀਆਂ ਵਿੱਢ ਦਿੰਦੇ ਸਨ। ਗੱਲ ਕੋਈ 1938 ਦੇ ਆਸ-ਪਾਸ ਦੀ ਹੈ। ਇਸੇ ਮੇਲੇ ਵਿੱਚ ਇੱਕ ਵਾਰ ਸਾਡੇ ਪਿੰਡ ਬਗਿਆਣੇ ਦੇ ਨਾਮੀ ਪਹਿਲਵਾਨ ਗੁਰਦਿੱਤ ਸਿੰਘ ਦਾ ਜੋੜ ਬਾਜ ਸਿੰਘ ਲਲਿਆਣੀ ਵਾਲੇ ਨਾਲ ਪਿਆ। ਜੋਰ ਵਿੱਚ ਗੁਰਦਿੱਤ ਸਿੰਘ ਦਾ ਕੋਈ ਸਾਨੀ ਨਹੀਂ ਸੀ। ਕਹਿੰਦੇ ਹਨ ਕਿ ਗੁਰਦਿੱਤ ਸਿੰਘ ਖੂਹ ਦੇ ਬੈੜ ਨੂੰ ਸਮੇਤ ਮਾਹਲ ਚੁੱਕ ਦਿਆ ਕਰਦਾ ਸੀ। ਅੰਨ੍ਹਾ ਜੋਰ ਸੀ ਉਹਦੇ ਵਿੱਚ। ਲਲਿਆਣੀ ਪਿੰਡ ਦਾ ਬਾਜ ਸਿੰਘ ਵੀ ਚੜ੍ਹਦੀ ਮਾਲੀ 7 ਫੁੱਟ ਲੰਬਾ ਦਰਸ਼ਨੀ ਜਵਾਨ ਸੀ। ਇਹ ਲਲਿਆਣੀ ਉਹੋ ਹੀ ਪਿੰਡ ਏ ਜਿਹਦੇ ਬਾਰੇ ਸਾਡੀਆਂ ਕਈ ਲੋਕ ਬੋਲੀਆਂ ਹਨ ‘ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਲਲਿਆਣੀ’। ਜਿਵੇਂ ਇਸ ਇਲਾਕੇ ਦਾ ਲਲਿਆਣੀ ਪਿੰਡ ਮਸ਼ਹੂਰ ਸੀ ਉਸੇ ਤਰ੍ਹਾਂ ਬਗਿਆਣਾ ਪਿੰਡ ਦੀ ਵੀ ਦੂਰ ਦੂਰ ਤੱਕ ਚਰਚਾ ਸੀ, ਇਹ ਬੜਾ ਵੱਡਾ ਪਿੰਡ ਸੀ। ਕਹਿੰਦੇ ਹਨ ਕਿ ਉੱਥੇ ਚੋਰੀ ਹੋਇਆ ਬਲਦ ਇਸੇ ਪਿੰਡ ਵਿੱਚ ਹੀ ਛੇ ਮਹੀਨੇ ਵਗਦਾ ਰਿਹਾ ਸੀ ਤੇ ਪਤਾ ਨਹੀਂ ਸੀ ਲੱਗਾ। ਗੁਰਦਿੱਤ ਸਿੰਘ ਦੀ ਪਿੰਡ ਵਿੱਚ ਹੀ ਨਹੀਂ, ਇਲਾਕੇ ਵਿੱਚ ਵੀ ਪੂਰੀ ਧਾਂਕ ਸੀ। ਇੱਕ ਸਾਲ ਮੇਲੇ ਦੌਰਾਨ ਬਾਜ ਸਿੰਘ ਲਲਿਆਣੀ ਤੇ ਗੁਰਦਿੱਤ ਸਿੰਘ ਬਗਿਆਣਾ ਦਾ ਜੋੜ ਪਿਆ। ਲੰਬੀ ਜਦੋਜਹਿਦ ਤੋਂ ਬਾਅਦ ਬਾਜ ਸਿੰਘ ਲਲਿਆਣੀ ਨੇ ਗੁਰਦਿੱਤ ਸਿੰਘ ਦੀ ਕੰਡ ਲਾ ਦਿੱਤੀ ਤੇ ਨਾਲ ਹੀ ਬੋਲੀ ਮਾਰੀ ਕਿ ਖਾਣੇ ਬਗਿਆਣੇ ਦੇ ਗੋਂਗਲੂ ਤੇ ਘੁਲਣਾ ਆ ਕੇ ਬਾਜ ਸਿਹੁੰ ਲਲਿਆਣੀ ਨਾਲ?’’ ਕਰਮ ਸਿੰਘ ਨੇ ਸਮਝ ਲਿਆ ਕਿ ਥੜ੍ਹੇ ’ਤੇ ਬੈਠੇ ਬਜ਼ੁਰਗਾਂ ਸਮੇਤ ਨੌਜਵਾਨਾਂ ਦੀ ਵੀ ਗੱਲ ਵਿੱਚ ਦਿਲਚਸਪੀ ਬਣ ਗਈ।
ਉਹ ਅਗਾਂਹ ਬੋਲਿਆ, ‘‘ਲਓ ਜੀ ਅਖਾੜੇ ਵਿੱਚ ਲਾਲਾ ਲਾਲਾ ਹੋ ਗਈ, ਰੌਲਾ ਪੈ ਗਿਆ। ਚਾਮ੍ਹਲੇ ਤਮਾਸ਼ਬੀਨਾਂ ਨੇ ਹੋ ਹੋ ਕਰ ਦਿੱਤੀ। ਬਗਿਆਣੇ ਦੇ ਲੋਕ, ਸਾਡੇ ਵੱਡੇ ਵਡੇਰੇ ਮੂੰਹ ਨੀਵੇਂ ਕਰ ਕੇ ਘਰਾਂ ਨੂੰ ਪਰਤ ਆਏ। ਬਗਿਆਣੇ ਦੇ ਗੋਂਗਲੂ ਪਹਿਲਾਂ ਵੀ ਮਸ਼ਹੂਰ ਸਨ ਤੇ ਹੁਣ ਲੋਕਾਂ ਨੇ ਪਿੰਡ ਵਾਲਿਆਂ ਨੂੰ ਟਿੱਚਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਲਾਕੇ ਭਰ ਦੇ ਲੋਕਾਂ ਗੱਲ ਬਣਾ ਲਈ ‘ਖਾਣੇ ਬਗਿਆਣੇ ਦੇ ਗੋਂਗਲੂ ਤੇ ਘੁਲਣਾ ਆ ਕੇ ਕੱਕਾ ਸਿੰਘ ਨਾਲ’।
ਪਿੰਡ ਲਈ ਇਹ ਬੜੀ ਨਮੋਸ਼ੀ ਵਾਲੀ ਗੱਲ ਸੀ। ਫਿਰ ਇੱਕ ਦਿਨ ਪਿੰਡ ਦੇ ਮੋਹਤਬਰ ਬੰਦਿਆਂ ਦਾ ਇਕੱਠ ਹੋਇਆ। ਬਹੁਤ ਸੋਚ ਵਿਚਾਰ ਕਰਨ ਤੋਂ ਬਾਅਦ ਗੁਰਦਿੱਤ ਸਿੰਘ ਦੇ ਛੋਟੇ ਭਰਾ ਕੱਕਾ ਸਿੰਘ ਨੂੰ ਬਾਜ ਸਿੰਘ ਨਾਲ ਆਢਾ ਲਾਉਣ ਲਈ ਤਿਆਰ ਕਰਨ ਦਾ ਫ਼ੈਸਲਾ ਕੀਤਾ ਗਿਆ। ਕੱਕਾ ਸਿੰਘ ਨੂੰ ਪਿੰਡ ਵਾਲੇ ਕੱਕੂ ਕਿਹਾ ਕਰਦੇ ਸਨ। ਉਦੋਂ ਉਹ ਭਰ ਜਵਾਨ ਤੇ ਤਕੜੇ ਜੁੱਸੇ ਵਾਲਾ ਸੀ। ਪਰ ਕਦੇ ਉਹ ਕਿਤੇ ਘੁਲਣ ਨਹੀਂ ਸੀ ਗਿਆ। ਕੱਕਾ ਸਿੰਘ ਹੋਰਾਂ ਦਾ ਟੱਬਰ ਪੈਲੀ ਦੱਥੇ ਵੱਲੋਂ ਠੀਕ ਠਾਕ ਹੀ ਸੀ। ਸਾਰੇ ਪਿੰਡ ਨੇ ਮਤਾ ਪਕਾਇਆ ਕਿ ਪਹਿਲਵਾਨ ਨੂੰ ਸਾਰਾ ਪਿੰਡ ਖੁਰਾਕ ਦੇਵੇਗਾ ਤੇ ਇਹਦੀ ਤਿਆਰੀ ’ਤੇ ਜਿਹੜਾ ਖਰਚ ਆਵੇਗਾ ਉਹ ਪਿੰਡ ਝੱਲੇਗਾ। ਬਸ ਫਿਰ ਕੀ ਸੀ ਕੱਕਾ ਸਿੰਘ ਦੀ ਤਿਆਰੀ ਹੋਣ ਲੱਗ ਪਈ। ਪਿੰਡੋਂ ਬਾਹਰਵਾਰ ਇੱਕ ਖੂਹ ’ਤੇ ਉਹਦਾ ਅਤੇ ਉਹਦੇ ਨਾਲ ਜੋਰ ਕਰਨ ਵਾਲਿਆਂ ਦੇ ਰਹਿਣ ਦਾ ਪੱਕਾ ਪ੍ਰਬੰਧ ਕਰ ਦਿੱਤਾ ਗਿਆ। ਹਰ ਰੋਜ਼ ਦਾ ਇੱਕ ਮੁਰਗਾ, ਕਿੱਲੋ ਦੇਸੀ ਘਿਉ ਅਤੇ ਕਈ ਕਿੱਲੋ ਦੁੱਧ ਉਹਦੀ ਰੋਜ਼ਾਨਾ ਦੀ ਖੁਰਾਕ ਸੀ। ਪਿੰਡ ਦੇ ਚਾਰ ਚਾਰ ਗੱਭਰੂ ਮੁੰਡੇ ਉਹਨੂੰ ਜੋਰ ਕਰਵਾਉਂਦੇ ਇੱਕੋ ਵੇਲੇ ਉਹਦੇ ਨਾਲ ਦਸਤਪੰਜਾ ਲੈਂਦੇ। ਪਾਜੀਆਂ ਪਿੰਡ ਦਾ ਬਜ਼ੁਰਗ ਹੋ ਚੁੱਕਾ ਪਹਿਲਵਾਨ ਅਜੀਤ ਸਿੰਘ ਪਾਜੀ ਉਹਨੂੰ ਘੁਲਣ ਦੇ ਗੁਰ ਸਿਖਾਉਂਦਾ। ਉਹ ਹੱਥ ਵਿੱਚ ਸਦਾ ਸੋਟੀ ਰੱਖਦਾ। ਜੇ ਕਿਤੇ ਨਿੱਕੀ ਮੋਟੀ ਗ਼ਲਤੀ ਹੁੰਦੀ ਤਾਂ ਪਾਜੀ ਦੀ ਸੋਟੀ ਕੱਕੂ ਦੇ ਗਿੱਟੇ ਸੇਕਦੀ। ਕਹਿੰਦੇ ਹਨ ਕਿ ਕੱਕਾ ਸਿੰਘ ਦਿਨਾਂ ਵਿੱਚ ਹੀ ਪਹਿਲਵਾਨੀ ਦੇ ਸਾਰੇ ਦਾਅ ਪੇਚ ਸਿੱਖ ਗਿਆ ਤੇ ਚੰਗੀ ਖੁਰਾਕ ਨਾਲ ਉਹਦੇ ਵਿੱਚ ਅੰਨ੍ਹੀ ਤਾਕਤ ਆ ਗਈ। ਉਹ ਦੋਹਾਂ ਝੋਟਿਆਂ ਦੀ ਥਾਂ ਖੂਹ ਦੀ ਗਾਧੀ ਫੜ ਕੇ ਸਾਰਾ ਸਾਰਾ ਦਿਨ ਤੁਰਦਾ। ਕਿੰਨੀ ਕਿੰਨੀ ਜ਼ਮੀਨ ਪਾਣੀ ਨਾਲ ਭਰ ਦਿੰਦਾ। ਇੱਕੋ ਸਮੇਂ ਚਾਰ ਬੰਦਿਆਂ ਦੇ ਹੇਠੋਂ ਨਿਕਲ ਜਾਂਦਾ। ਚਾਰ ਬੰਦੇ ਉਹਨੂੰ ਇਕੱਠੇ ਘਸੁੰਨਾਂ ਮੁੱਕੀਆਂ ਨਾਲ ਕੁੱਟਦੇ ਪਰ ਉਹ ਚਹੁੰਆਂ ’ਤੇ ਹੀ ਕਈ ਵਾਰ ਭਾਰੀ ਪੈਂਦਾ। ਸਾਲ ਭਰ ਦੀ ਮਿਹਨਤ ਤੋਂ ਬਾਅਦ ਫਿਰ ਇੱਕ ਦਿਨ ਅਜੀਤ ਸਿੰਘ ਪਾਜੀ ਅਖਾੜੇ ਤੋਂ ਪਿੰਡ ਆਇਆ ਤੇ ਉਸ ਪਿੰਡ ਦੇ ਬੰਦਿਆਂ ਅੱਗੇ ਕੱਕਾ ਸਿੰਘ ਬਾਰੇ ਭਵਿੱਖਬਾਣੀ ਕੀਤੀ ‘ਇਹ ਤੂਫ਼ਾਨ ਬਣ ਗਿਆ ਜੇ, ਜਾਓ ਲਿਜਾ ਕੇ ਜਿੱਥੇ ਮਰਜੀ ਡਾਹ ਦਿਓ, ਹੁਣ ਇਹਦੇ ਸਾਹਵੇਂ ਕੋਈ ਅੜੇਗਾ ਨਹੀਂ। ਨੇੜੇ-ਨੇੜੇ ਲਾਹੌਰ ਦੇ ਜ਼ਿਲ੍ਹੇ ਵਿੱਚ ਇਹਦਾ ਕੋਈ ਮੁਕਾਬਲਾ ਕਰਨ ਵਾਲਾ ਨਹੀਂ ਮਿਲੇਗਾ’।’’ ਕਰਮ ਸਿੰਘ ਦਾ ਝੁਰੜੀਆਂ ਵਾਲਾ ਚਿਹਰਾ ਭਖ ਪਿਆ ਸੀ।
ਉਸ ਗੱਲ ਅਗਾਂਹ ਤੋਰੀ, ‘‘ਲਓ ਜੀ ਪਿੰਡ ਦੇ ਸਿਆਣੇ ਬੰਦਿਆਂ ਨੇ ਕਾਫ਼ੀ ਸੋਚ ਵਿਚਾਰ ਕਰ ਕੇ ਅਜੀਤ ਸਿੰਘ ਪਾਜੀ ਦੀ ਗੱਲ ’ਤੇ ਵਿਸ਼ਵਾਸ ਕਰਦਿਆਂ ਲਲਿਆਣੀ ਬੰਦਾ ਭੇਜ ਕੇ ਬਾਜ ਸਿੰਘ ਨੂੰ ਇਤਲਾਹ ਦਿੱਤੀ ਕਿ ਤਿਆਰ ਰਹੀਂ, ਇਸ ਵਾਰ ਮੇਲੇ ’ਤੇ ਸਾਡੇ ਪਿੰਡ ਦਾ ਪਹਿਲਵਾਨ ਤੇਰੇ ਨਾਲ ਦੋ ਹੱਥ ਕਰੇਗਾ। ਤਾਕਤ ਦੇ ਨਸ਼ੇ ਵਿੱਚ ਲੋਹੇ ਦੀ ਲੱਠ ਵਰਗੇ ਬਾਜ ਸਿੰਘ ਨੇ ਫਿਰ ਕਿਹਾ ਕਿ ‘ਬਗਿਆਣੇ ਵਾਲਿਓ ਕਿਉਂ ਕਿਸੇ ਗ਼ਰੀਬ ਨੂੰ ਮਰਵਾਉਣ ਦੀ ਪੱਕੀ ਠਾਣ ਲਈ ਜੇ?’ ਬਾਜ ਸਿੰਘ ਨੇ ਸੱਦਾ ਪ੍ਰਵਾਨ ਕਰ ਲਿਆ ਤੇ ਪਿੰਡ ਵਾਲੇ ਵਾਪਸ ਆ ਗਏ। ਪੰਜਾਬੀ ਵਿੱਚ ਇੱਕ ਅਖਾਣ ਹੈ ‘ਲਾਦ੍ਹ ਹੋਵੇ ਕਰਮਾਂ ਵਾਲਿਆਂ ਨੂੰ’ ਜਿਹਦਾ ਅਰਥ ਹੈ ਕਿ ਕਿਸੇ ਲੁਕੀ ਗੱਲ ਦਾ ਪਤਾ ਉਸ ਕੰਮ ਦੇ ਹੋ ਜਾਣ ਤੋਂ ਪਹਿਲਾਂ ਕਰਮਾਂ ਵਾਲਿਆਂ ਨੂੰ ਚਲਦਾ ਹੈ। ਬਾਜ ਸਿੰਘ ਨੇ ਵੀ ਅੰਦਰੇ ਅੰਦਰ ਉਸ ਦਿਨ ਤੋਂ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਦੱਸਣ ਵਾਲੇ ਦੱਸਦੇ ਸਨ ਕਿ ਬਾਜ ਸਿੰਘ ਚੜ੍ਹਦੀ ਮਾਲੀ ਦਰਸ਼ਨੀ ਜਵਾਨ ਸੀ, ਮਾੜੇ ਧੀੜੇ ਬੰਦੇ ਦੇ ਤਾਂ ਉਹਨੂੰ ਵੇਖ ਕੇ ਸਾਹ ਸੁੱਕ ਜਾਂਦੇ ਸਨ। ਆਮ ਬੰਦਾ ਉਹਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜੁਅੱਰਤ ਨਹੀਂ ਸੀ ਕਰਦਾ। ਪਹਿਲਵਾਨੀ ਦੇ ਸ਼ੌਕੀਨ ਦੂਰੋਂ ਦੂਰੋਂ ਉਹਨੂੰ ਕੇਵਲ ਵੇਖਣ ਆਇਆ ਕਰਦੇ ਸਨ। ਦੋਹਾਂ ਦੇ ਜੋੜ ਪੈਣ ਦੀਆਂ ਗੱਲਾਂ ਘਰਾਂ, ਸੱਥਾਂ, ਪਿੰਡਾਂ ਤੇ ਲਾਹੌਰ ਸ਼ਹਿਰ ਵਿੱਚ ਵੀ ਹੋਣ ਲੱਗੀਆਂ। ਲੋਕ ਬੜੀ ਬੇਸਬਰੀ ਨਾਲ ਮੇਲੇ ਦੀ ਉਡੀਕ ਕਰਨ ਲੱਗੇ।
ਅਖੀਰ ਸਮੇਂ ਨੇ ਵਾਟਾਂ ਮਾਰੀਆਂ ਤੇ ਮੇਲੇ ਵਾਲਾ ਦਿਨ ਵੀ ਆ ਗਿਆ। ਕਹਿੰਦੇ ਨੇ ਮੇਲਾ ਪਹਿਲਾਂ ਨਾਲੋਂ ਦੁੱਗਣਾ ਭਰ ਗਿਆ। ਸਾਰਾ ਦਿਨ ਸਵੇਰ ਤੋਂ ਲਾਹੌਰ, ਕਸੂਰ ਤੇ ਹੋਰ ਇਲਾਕਿਆਂ ਤੋਂ ਆਏ ਪਹਿਲਵਾਨ ਆਪਣੇ ਕਰਤੱਬ ਵਿਖਾਉਂਦੇ ਰਹੇ। ਅਖੀਰ ਢੋਲ ’ਤੇ ਡਗਾ ਲੱਗਾ ਤੇ ਢੋਲ ਵਾਲੇ ਨੇ ਉੱਚੀ ਹੇਕ ਵਿੱਚ ਕਿਹਾ ‘ਸੁਣੋ ਬਈ ਸੁਣੋ... ਹੁਣ ਬਈ ਉਏ... ਬਗਿਆਣੇ ਦੇ ਕੱਕਾ ਸਿੰਘ ਤੇ ਲਲਿਆਣੀ ਦੇ ਬਾਜ ਸਿੰਘ ਪਹਿਲਵਾਨ ਦਾ ਅਖਾੜੇ ਵਿੱਚ ਘੋਲ ਹੋਵੇਗਾ ਬਈ ਓ... ਸੁਣੋ ਬਈ ਸੁਣੋ...।’ ਲੋਕਾਂ ਨੇ ਸਾਹ ਰੋਕ ਲਏ। ਮੇਲੇ ਵਿੱਚ ਇੱਧਰ ਉਧਰ ਫਿਰਦੇ ਲੋਕਾਂ ਨੇ ਇੱਕ ਦੂਜੇ ਤੋਂ ਉੱਤੋਂ ਦੀ ਹੋ ਕੇ ਇਹ ਨਜ਼ਾਰਾ ਵੇਖਣਾ ਸ਼ੁਰੂ ਕੀਤਾ। ਰੇਹੜੀਆਂ, ਕੜਾਹੀਆਂ ਵਾਲੇ ਆਪਣੇ ਕੰਮ ਵਿੱਚੇ ਛੱਡ ਕੇ ਮੇਲੇ ਵਿੱਚ ਆ ਖੜ੍ਹੇ ਹੋਏ। ਦੋਹੇ ਪਹਿਲਵਾਨ ਕੱਪੜੇ ਉਤਾਰ ਕੇ ਅਖਾੜੇ ਵਿੱਚ ਆ ਗਏ। ਧਰਤੀ ਮਾਂ ਨੂੰ ਮੱਥਾ ਟੇਕਿਆ, ਘੋਲ ਸ਼ੁਰੂ ਹੋਇਆ। ਕਿੰਨਾਂ ਸਮਾਂ ਦੋਹੇ ਪਹਿਲਵਾਨ ਬਰਾਬਰ ਚੱਲਦੇ ਰਹੇ। ਅਖਾੜੇ ਵਿੱਚ ਤਿਲ ਸੁੱਟਣ ਨੂੰ ਥਾਂ ਨਾ ਬਚੀ। ਅਖਾੜੇ ’ਚੋਂ ਕੂਕਾਂ ਚੀਕਾਂ ਵੱਜਣੀਆਂ ਸ਼ੁਰੂ ਹੋ ਗਈਆਂ। ਆਖ਼ਰ ਲੰਬੀ ਕਸ਼ਮਕਸ਼ ਤੋਂ ਬਾਅਦ ਪਹਿਲਵਾਨੀ ਦੇ ਗੁਰ ਦੇ ਮਾਹਰ ਬਾਜ ਸਿੰਘ ਨੇ ਕੱਕਾ ਸਿੰਘ ਨੂੰ ਵੀ ਹੇਠਾਂ ਰੱਖ ਲਿਆ। ਲੋਕਾਂ ਵਿੱਚ ਰੌਲਾ ਪੈ ਗਿਆ। ਬਾਜ ਸਿੰਘ ਕੱਕੇ ਦੇ ਮੌਰਾਂ ’ਤੇ ਬਹਿ ਕੇ ਲੱਗਾ ਉਹਦੀ ਧੋਣ ਮਰੋੜਣ। ਅਖਾੜੇ ਵਿੱਚ ਰੌਲਾ ਪੈ ਗਿਆ। ਬਗਿਆਣੇ ਦੇ ਲੋਕਾਂ ਦੇ ਚਿਹਰੇ ਉਤਰ ਗਏ ਤੇ ਲਲਿਆਣੀ ਦੇ ਚੋਬਰਾਂ ਨੇ ਫਿਰ ਚਾਂਗਰਾ ਮਾਰਨੀਆਂ ਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਹੋ-ਹੋ ਹੋਣ ਲੱਗ ਪਈ। ਕੁਸ਼ਤੀ ਦੀ ਦੇਖ ਰੇਖ ਕਰ ਰਹੇ ਨੇੜੇ ਖੜ੍ਹੇ ਉਸਤਾਦ ਅਜੀਤ ਸਿਉਂ ਪਾਜੀ ਨੇ ਬਾਹਾਂ ਉਤਾਂਹ ਕਰ ਕੇ ਭੀੜ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਭੀੜ ਕਿੱਥੇ ਰੁਕਦੀ ਸੀ। ਬਾਜ ਸਿੰਘ ਹੇਠਾਂ ਪਏ ਕੱਕਾ ਸਿੰਘ ਨੂੰ ਅਜੀਤ ਸਿਉਂ ਪਾਜੀ ਨੇ ਉੱਚੀ ਆਵਾਜ਼ ਵਿੱਚ ਮਿਹਣਾ ਮਾਰਿਆ ‘ਉੱਏ ਕੱਕੂ! ਸਾਰੇ ਪਿੰਡ ਦਾ ਘਿਉ ਖਾ ਕੇ ਇਹਦੇ ਬੋਕ ਜਿਹੇ ਦੇ ਹੇਠਾਂ ਆ ਪਿਆ ਏਂ? ਸ਼ਰਮ ਕਰ ਉਏ ਕੁਝ।’ ਕਹਿੰਦੇ ਹਨ ਕਿ ਬੋਲੀ ਮਾਰਨ ਦੀ ਦੇਰ ਸੀ ਕੱਕਾ ਸਿੰਘ ਨੂੰ ਲਾਲੀਆਂ ਚੜ੍ਹੀਆਂ, ਉਹਦੇ ਸਰੀਰ ਵਿੱਚ ਝਰਨਾਟਾਂ ਛਿੜੀਆਂ। ਉਹ ਕਹਿੰਦੇ ਕਹਾਉਂਦੇ ਪਹਿਲਵਾਨ ਬਾਜ ਦੇ ਹੇਠੋਂ ਨਿਕਲ ਕੇ ਸ਼ੇਰ ਵਾਂਗ ਸਿੱਧਾ ਖੜ੍ਹਾ ਹੋ ਗਿਆ ਤੇ ਫੁਰਤੀ ਨਾਲ ਭੌਂ ਕੇ ਬਾਜ ਦੇ ਗਲ ਜਾ ਪਿਆ। ਬਾਜ ਸਿੰਘ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਬੱਸ ਹੁਣ। ਬਾਜ ਸਿੰਘ ਬਾਰੇ ਮਸ਼ਹੂਰ ਸੀ ਕਿ ਅੱਜ ਤਕ ਉਹਦੇ ਹੇਠੋਂ ਕੋਈ ਪਹਿਲਵਾਨ ਕਦੇ ਉੱਠ ਨਹੀਂ ਸੀ ਸਕਿਆ। ਕੱਕੂ ਨੇ ਸੱਤ ਫੁੱਟੇ ਟਾਹਲੀ ਦੀ ਗੇਲੀ ਵਰਗੇ ਬਾਜ ਪਹਿਲਵਾਨ ਦੀ ਧੌਣ ਮਰੋੜ ਕੇ ਧਰਤੀ ’ਤੇ ਪਟਕਾ ਕੇ ਮਾਰਿਆ ਤੇ ਕੰਡ ਲਾ ਕੇ ਚਿੱਤ ਕਰ ਦਿੱਤਾ। ਦੋ ਮਿੰਟ ਵੀ ਨਹੀਂ ਲੱਗੇ ਹੋਣੇ। ਬਗਿਆਣੇ ਦੇ ਲੋਕਾਂ ਨੇ ਲਲਕਾਰੇ ਮਾਰੇ। ਵਹੀਰਾਂ ਨੇ ਕੱਕਾ ਸਿੰਘ ਨੂੰ ਮੋਢਿਆਂ ’ਤੇ ਚੁੱਕ ਲਿਆ। ਲੋਕਾਂ ਨੇ ਉਹਦੇ ’ਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ। ਕੱਕਾ ਸਿੰਘ ਨੇ ਪਿੰਡ ਦੀ ਰੱਖ ਵਿਖਾਈ ਸੀ। ਮੇਲੇ ਵਿੱਚ ਪੱਟ ’ਤੇ ਥਾਪੀ ਮਾਰ ਕੇ ਉਸ ਲਲਕਾਰਾ ਮਾਰਿਆ, ‘ਓ ਖਾਣੀਆਂ ਲਲਿਆਣੀ ਦੀਆਂ ਛੱਲੀਆਂ ਤੇ ਘੁਲਣਾ ਆ ਕੇ ਕੱਕਾ ਸਿੰਘ ਨਾਲ...?’ ਜਿਵੇਂ ਬਗਿਆਣੇ ਦੇ ਗੋਂਗਲੂ ਮਸ਼ਹੂਰ ਸਨ ਉਸੇ ਤਰ੍ਹਾਂ ਲਲਿਆਣੀ ਦੀਆਂ ਛੱਲੀਆਂ ਵੀ ਬੜੀਆਂ ਮਸ਼ਹੂਰ ਹੁੰਦੀਆਂ ਸਨ। ਬਾਅਦ ਵਿੱਚ ਵੀ ਕੱਕਾ ਸਿੰਘ ਪੰਜਾਬ ਦੇ ਦੂਰ ਦੂਰਾਡੇ ਪਿੰਡ ਵਿੱਚ ਲੱਗਦੇ ਅਖਾੜਿਆਂ ਵਿੱਚ ਘੁਲਣ ਜਾਂਦਾ ਤੇ ਬਗਿਆਣੇ ਪਿੰਡ ਦਾ ਨਾਮ ਰੌਸ਼ਨ ਕਰਦਾ ਰਿਹਾ।’’
ਗੱਲ ਖ਼ਤਮ ਹੋਈ ਤੇ ਕਿੰਨੀ ਦੇਰ ਖ਼ਾਮੋਸ਼ੀ ਛਾਈ ਰਹੀ।
‘‘ਸ਼ੇਰਾਂ ਦੀ ਕੌਮ ਹੋਣ ਦਾ ਭਰਮ ਪਾਲੀ ਬੈਠੇ ਅਸੀਂ ਪੰਜਾਬੀ, ਸ਼ਰਾਬਾਂ ਦੀਆਂ ਨਹਿਰਾਂ ਵਿੱਚ ਨਹਾਉਣ ਲੱਗ ਪਏ। ਬਿਨਾਂ ਕੋਈ ਮੱਲ ਮਾਰਿਆਂ ਆਪਣੇ ਆਪ ਨੂੰ ਦੁੱਲੇ, ਜੱਗੇ ਅਤੇ ਕੱਕਾ ਸਿੰਘ ਵਰਗਿਆਂ ਦੇ ਵਾਰਸ ਸਮਝਣ ਲੱਗ ਪਏ। ਸਰੀਰਾਂ ਨੂੰ ਸਾਂਭਣ ਅਤੇ ਜ਼ੋਰ ਅਜ਼ਮਾਇਸ਼ਾਂ ਦੇ ਸ਼ੌਕ ਵੱਸ ਹੈਲਥ ਕਲੱਬਾਂ ਵਿੱਚ ਡੌਲੇ ਬਣਾ ਕੇ ਬਜ਼ਾਰਾਂ ਗਲੀਆਂ ਵਿੱਚ ਗੇੜੇ ਲਾਉਣ ਤੱਕ ਸੀਮਤ ਹੋ ਕੇ ਰਹਿ ਗਏ। ਟੀਕਿਆਂ ਆਦਿ ਦੇ ਬਣਾਉਟੀ ਜੋਸ਼ ਤੇ ਜ਼ੋਰ ਨਾਲ ਖੇਡੀਆਂ ਕਬੱਡੀਆਂ ਦਾ ਭਲਾ ਕੀ ਫ਼ਾਇਦਾ?’’ ਮਾਸਟਰ ਜੀ ਨੇ ਗੱਲ ਖ਼ਤਮ ਕਰਨ ਦੇ ਲਹਿਜੇ ਨਾਲ ਕਿਹਾ ਪਰ ਸੱਥ ਦੇ ਕੁਝ ਬੰਦੇ ਕਰਮ ਸਿੰਘ ਤੋਂ ਕੱਕਾ ਸਿੰਘ ਦੀ ਕਹਾਣੀ ਸੁਣ ਕੇ ਕਿਸੇ ਹੇਰਵੇ ਜਿਹੇ ਵਿੱਚ ਅਜੇ ਵੀ ਬੁੱਤ ਬਣੇ ਬੈਠੇ ਸਨ।
ਸੰਪਰਕ: 98550-51099
* * *
ਸ਼ੋਰ
ਬਰਜਿੰਦਰ ਕੌਰ ਬਿਸਰਾਓ
ਰਾਮਰੱਖੇ ਦਾ ਇਕਲੌਤਾ ਪੁੱਤਰ ਤੇ ਨੂੰਹ ਵਿਦੇਸ਼ ਵਿੱਚ ਰਹਿੰਦੇ ਸਨ ਤੇ ਉਹ ਆਪਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਬੁਢਾਪੇ ਕਾਰਨ ਰਾਮਰੱਖੇ ਨੂੰ ਕਈ ਬਿਮਾਰੀਆਂ ਨੇ ਘੇਰਾ ਪਾਇਆ ਹੋਇਆ ਸੀ। ਉਹ ਰਾਤ ਨੂੰ ਦਵਾਈ ਲੈ ਕੇ ਸੌਂ ਜਾਂਦਾ ਤਾਂ ਸਵੇਰ ਨੂੰ ਸਰੀਰ ਹਲਕਾ ਹਲਕਾ ਮਹਿਸੂਸ ਹੁੰਦਾ। ਫਿਰ ਧਰਮ ਕਰਮ ਦੇ ਕੰਮਾਂ ਵਿੱਚ ਉਸ ਦਾ ਸਾਰਾ ਦਿਨ ਲੰਘ ਜਾਂਦਾ। ਉਸ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਘਰ ਵਿੱਚ ਛੋਟੀ ਜਿਹੀ ਬਗੀਚੀ ਦੀ ਦੇਖਭਾਲ ਕਰਦਾ ਤਾਂ ਨਵੇਂ ਖਿੜਦੇ ਫੁੱਲਾਂ ਨੂੰ ਤੱਕ ਕੇ ਉਸ ਦੀ ਰੂਹ ਖਿੜੀ ਖਿੜੀ ਰਹਿੰਦੀ। ਉਹ ਸਵੇਰੇ ਸਵੇਰੇ ਪੰਛੀਆਂ ਨੂੰ ਚੋਗ਼ਾ ਪਾਉਂਦਾ ਤਾਂ ਤੜਕੇ ਤੜਕੇ ਚਿੜੀਆਂ ਦੀ ਚੀਂ ਚੀਂ ਉਸ ਨੂੰ ਮਧੁਰ ਸੰਗੀਤ ਵਰਗੀ ਲੱਗਦੀ। ਜਦ ਆਵਾਰਾ ਕੁੱਤਿਆਂ ਨੂੰ ਰੋਟੀ ਪਾਉਂਦਾ ਤਾਂ ਉਹ ਉਸ ਨੂੰ ਸਬਰ ਸੰਤੋਖ ਦੀਆਂ ਮੂਰਤੀਆਂ ਜਾਪਦੇ। ਇਸ ਤਰ੍ਹਾਂ ਕਰਨ ਨਾਲ ਉਸ ਦੇ ਮਨ ਨੂੰ ਸੰਤੁਸ਼ਟੀ ਮਿਲਦੀ ਤੇ ਉਸ ਦੇ ਅੱਧੇ ਰੋਗ ਦੂਰ ਹੋ ਜਾਂਦੇ।
ਦੀਵਾਲੀ ਹੋਣ ਕਰਕੇ ਸ਼ਾਮ ਹੁੰਦੇ ਹੀ ਪਟਾਕਿਆਂ ਦੀ ਆਵਾਜ਼ ਆਉਣ ਲੱਗੀ ਸੀ। ਉਸ ਨੂੰ ਪਤਾ ਸੀ ਕਿ ਸਰਕਾਰੀ ਹੁਕਮਾਂ ਅਨੁਸਾਰ ਲੋਕਾਂ ਨੂੰ ਦਸ ਵਜੇ ਤੱਕ ਪਟਾਖੇ ਚਲਾਉਣ ਲਈ ਇਜਾਜ਼ਤ ਦਿੱਤੀ ਗਈ ਸੀ। ਇਸ ਕਰਕੇ ਉਸ ਨੇ ਰਾਤ ਨੂੰ ਦਸ ਵਜੇ ਤੋਂ ਬਾਅਦ ਸੌਣ ਦਾ ਸੋਚਿਆ। ਪਰ ਸਾਡੇ ਦੇਸ਼ ਵਿੱਚ ਤਾਂ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਰਾਮਰੱਖੇ ਦੇ ਗੁਆਂਢੀ ਆਪਣੇ ਬੱਚਿਆਂ ਅਤੇ ਉਨ੍ਹਾਂ ਦੇ ਦੋਸਤਾਂ ਨੂੰ ਇਕੱਠੇ ਕਰ ਕੇ ਰਾਤ ਗਿਆਰਾਂ ਕੁ ਵਜੇ ਉੱਚੀ ਉੱਚੀ ਗੀਤ ਚਲਾ ਕੇ ਵੱਡੇ ਵੱਡੇ ਪਟਾਕੇ ਚਲਾਉਣ ਲੱਗੇ ਤੇ ਹੁੱਲੜਬਾਜ਼ੀ ਕਰਦੇ ਰਹੇ। ਉਨ੍ਹਾਂ ਦਾ ਜਸ਼ਨ ਰਾਤ ਨੂੰ ਦੋ ਢਾਈ ਵਜੇ ਤੱਕ ਚਲਦਾ ਰਿਹਾ। ਸ਼ੋਰ ਸ਼ਰਾਬੇ ਕਾਰਨ ਰਾਮਰੱਖੇ ਨੇ ਸਾਰੀ ਰਾਤ ਬੇਆਰਾਮੀ ਵਿੱਚ ਹੀ ਕੱਟੀ। ਸਵੇਰੇ ਉੱਠ ਕੇ ਵੀ ਉਸ ਨੇ ਆਪਣੇ ਕੰਮ ਬੇਆਰਾਮੀ ਜਿਹੀ ਵਿੱਚ ਹੀ ਕੀਤੇ। ਉਸ ਨੂੰ ਵਾਰ ਵਾਰ ਖੰਘ ਛਿੜ ਰਹੀ ਸੀ। ਸਵੇਰੇ ਦਸ ਕੁ ਵਜੇ ਅਚਾਨਕ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਤਾਂ ਗੁਆਂਢੀਆਂ ਦਾ ਮੁੰਡਾ ਉੱਪਰੋਂ ਬਾਲਕੋਨੀ ਵਿੱਚੋਂ ਹੀ ਕੁੱਤਿਆਂ ਨੂੰ ਦਬਕਾ ਦੇ ਕੇ ਭਜਾਉਂਦਾ ਬੋਲਿਆ, ‘‘ਸਵੇਰੇ ਸਵੇਰੇ ਇਨ੍ਹਾਂ ਲੋਕਾਂ ਨੇ ਸਾਡਾ ਸੌਣਾ ਹਰਾਮ ਕੀਤਾ ਹੋਇਆ ਹੈ... ਕਦੇ ਬੁੱਢਾ ਖੰਘਣ ਲੱਗਦਾ ਹੈ ਤੇ ਕਦੇ ਕੁੱਤੇ ਭੌਂਕਣ ਲੱਗਦੇ ਹਨ... ਇਨ੍ਹਾਂ ਲੋਕਾਂ ਨੇ ਸ਼ੋਰ ਮਚਾ ਰੱਖਿਆ ਹੈ...!’’ ਕਹਿ ਕੇ ਨੀਂਦ ਨਾਲ ਭਰੀਆਂ ਅੱਖਾਂ ਮਲਦਾ ਆਪਣੇ ਬੈੱਡਰੂਮ ਵਿੱਚ ਚਲਾ ਗਿਆ।
ਸੰਪਰਕ: 99889-01324
* * *
ਵੱਡੀ ਜੰਗ
ਪਿਆਰਾ ਸਿੰਘ ਗੁਰਨੇ ਕਲਾਂ
ਜਿਉਂ ਜਿਉਂ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਸਨ ਉਵੇਂ ਉਵੇਂ ਉਹਦੇ ਅੰਦਰ ਉੱਥਲ ਪੁੱਥਲ ਦਾ ਖੌਰੂ ਵਧ ਰਿਹਾ ਸੀ। ਉਹਨੂੰ ਲੱਗ ਰਿਹਾ ਸੀ ਕਿ ਅੱਜ ਉਹਨੂੰ ਦੁਨੀਆ ਦਾ ਸਭ ਤੋਂ ਵੱਡਾ ਘਾਟਾ ਪੈ ਜਾਣਾ ਹੈ। ਉਹਦਾ ਕਿਸੇ ਵੀ ਕੰਮ ਵਿੱਚ ਦਿਲ ਨਹੀਂ ਲੱਗ ਰਿਹਾ ਸੀ। ਉਹਦਾ ਉੱਖੜਿਆ ਮਨ ਸਕੂਲ ਮੁਖੀ ਲਗਾਤਾਰ ਵਾਚ ਰਿਹਾ ਸੀ। ਅੱਜ ਸਾਲ ਅਤੇ ਸਰਦੀਆਂ ਦੀਆਂ ਛੁੱਟੀਆਂ ਦਾ ਆਖ਼ਰੀ ਦਿਨ ਸੀ। ਉਹਦੀ ਇੱਕ ਤਿਹਾਈ ਅਚਨਚੇਤ ਛੁੱਟੀ ਬਾਕੀ ਸੀ। ਉਹਦੀ ਉੱਥਲ ਪੁੱਥਲ ਨੇ ਸਕੂਲ ਦਾ ਮਾਹੌਲ ਅਪਸੈੱਟ ਕਰ ਰੱਖਿਆ ਸੀ। ਸਕੂਲ ਮੁਖੀ ਨੇ ਸੇਵਾਦਾਰ ਰਾਹੀਂ ਉਹਦੇ ਕੋਲ ਸੁਨੇਹਾ ਭੇਜ ਦਿੱਤਾ ਕਿ ਇੱਕ ਤਿਹਾਈ ਛੁੱਟੀ ਮਨਜ਼ੂਰ ਹੋ ਗਈ ਹੈ। ਇਹ ਸੁਣ ਕੇ ਉਹ ਸਥਿਰ ਹੋ ਗਿਆ। ਉਹਦੀ ਜੇਤੂ ਮੁਸਕਾਨ ਕਹਿ ਰਹੀ ਸੀ ਜਿਵੇਂ ਉਹਨੇ ਅੱਜ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ।
ਸੰਪਰਕ: 99156-21188