ਕਾਹਨੂੰਵਾਨ: ਮੰਡੀਆਂ ’ਚੋਂ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਪ੍ਰੇਸ਼ਾਨ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 27 ਅਪਰੈਲ
ਮਾਰਕੀਟ ਕਮੇਟੀ ਕਾਹਨੂੰਵਾਨ ਅਧੀਨ ਮੰਡੀਆਂ ਵਿੱਚ ਕਣਕ ਦੀ ਚੁਕਾਈ ਬਹੁਤ ਹੌਲੀ ਹੋਣ ਕਾਰਨ ਜਿਣਸ ਦੇ ਅੰਬਾਰ ਲੱਗ ਰਹੇ ਹਨ। ਆੜ੍ਹਤੀ ਸ਼ਮਸ਼ੇਰ ਸਿੰਘ, ਰਜੇਸ਼ ਸਿੰਘ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਸੰਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਬੇਟ ਖੇਤਰ ਵਿੱਚ ਪੈਂਦੀ ਦਾਣਾ ਮੰਡੀ ਭੈਣੀ ਮੀਆਂ ਖਾਂ ਅਤੇ ਨੂੰਨ ਵਿੱਚ ਕਣਕ ਦੀ ਖ਼ਰੀਦ ਦਾ ਕੰਮ ਵੱਡੀ ਪੱਧਰ ਉੱਤੇ ਹੋ ਚੁੱਕਾ ਹੈ ਪਰ ਮੰਡੀਆਂ ਵਿੱਚ ਖ਼ਰੀਦੀ ਜਿਣਸ ਦੀ ਚੁਕਾਈ ਦਾ ਕੰਮ ਬਹੁਤ ਹੌਲੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚੋਂ ਚੁਕਾਈ ਦਾ ਕੰਮ ਠੀਕ ਨਾ ਹੋਣ ਕਾਰਨ ਕੁੱਝ ਆੜ੍ਹਤੀਆਂ ਨੇ ਮਜਬੂਰ ਹੋ ਕੇ ਸਰਕਾਰੀ ਟੈਂਡਰ ਰੱਦ ਕਰਵਾ ਕੇ ਕਣਕ ਦੀ ਚੁਕਾਈ ਆਪ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਦੀ ਖ਼ਰਾਬੀ ਕਾਰਨ ਮੰਡੀਆਂ ਵਿੱਚ ਕਣਕ ਦੇ ਵੱਡੇ ਅੰਬਾਰ ਲੱਗੇ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਸਬੰਧੀ ਮੰਡੀ ਬੋਰਡ ਅਤੇ ਜ਼ਿਲ੍ਹਾ ਫੂਡ ਐਂਡ ਸਪਲਾਈ ਅਫ਼ਸਰ ਨੂੰ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਚੁਕਾਈ ਦਾ ਕੰਮ ਦਰੁਸਤ ਨਹੀਂ ਹੋ ਰਿਹਾ। ਇਸ ਸਬੰਧੀ ਜ਼ਿਲ੍ਹਾ ਫੂਡ ਐਂਡ ਸਪਲਾਈ ਅਫ਼ਸਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਮਿਥੀ ਸਮਰੱਥਾ ਅਨੁਸਾਰ ਉਹ ਰੋਜ਼ਾਨਾ 5 ਤੋਂ 6 ਲੱਖ ਬੋਰੀਆਂ ਦੀ ਚੁਕਾਈ ਕਰਵਾ ਰਹੇ ਹਨ ਜੇ ਫਿਰ ਵੀ ਕਿਤੇ ਸਮੱਸਿਆ ਆ ਰਹੀ ਹੈ ਤਾਂ ਉਹ ਵਿਸ਼ੇਸ਼ ਧਿਆਨ ਦੇ ਕੇ ਕਣਕ ਦੀ ਚੁਕਾਈ ਦਾ ਕੰਮ ਜਲਦੀ ਮੁਕੰਮਲ ਕਰਵਾ ਦੇਣਗੇ।