ਕਾਹਨੂੰਵਾਨ: ਬਿਆਸ ’ਚ ਹੜ੍ਹ ਆਉਣ ਕਾਰਨ ਕਈ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟਣ ਦਾ ਖ਼ਤਰਾ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 16 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਦਰਿਆ ਬਿਆਸ ਵਿੱਚ ਹੜ੍ਹ ਆ ਗਿਆ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਏਨਾ ਵੱਧ ਗਿਆ ਹੈ ਕਿ ਕਈ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਗਿਆ ਅਤੇ ਕਈ ਹੋਰ ਥਾਵਾਂ ਉੱਤੇ ਟੁੱਟਣ ਦੇ ਆਸਾਰ ਹਨ। ਕਾਹਨੂੰਵਾਨ ਬੇਟ ਇਲਾਕੇ ਵਿੱਚ ਦਰਿਆ ਨਾਲ ਲਗਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਕਈ ਥਾਵਾਂ ਤੋਂ ਸੇਮ ਨਾਲੇ ਦਰਿਆ ਬਿਆਸ ਵਿੱਚ ਡਿੱਗਦੇ ਹਨ। ਉਸ ਰਸਤੇ ਰਾਹੀਂ ਦਰਿਆ ਬਿਆਸ ਵਿੱਚ ਆਏ ਹੜ੍ਹ ਦਾ ਪਾਣੀ ਉਲਟੇ ਪਾਸੇ ਚੱਲ ਕੇ ਨਵੀਂ ਇਲਾਕਿਆਂ ਵਿੱਚ ਭਰ ਗਿਆ ਹੈ। ਬੇਟ ਖੇਤਰ ਵਿੱਚ ਧੁੱਸੀ ਨੇੜਲੇ ਪਾਣੀ ਵਿੱਚ ਘਿਰੇ ਪਿੰਡੇ ਤੋਂ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਉਨ੍ਹਾਂ ਅਨੁਸਾਰ ਬੀਤੀ ਰਾਤ ਕਈ ਥਾਵਾਂ ਤੋਂ ਧੁੱਸੀ ਦੇ ਉੱਪਰੋਂ ਦੀ ਪਾਣੀ ਟੱਪਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਥਾਵਾਂ ਤੋਂ ਧੁੱਸੀ ਵਿੱਚ ਪਾੜ ਪੈਣ ਦੇ ਹਾਲਾਤ ਬਣ ਗਏ। ਕਿਸਾਨ ਆਗੂ ਉੱਤਮ ਸਿੰਘ ਬਾਗੜੀਆਂ, ਸੁਖਵਿੰਦਰ ਸਿੰਘ ਮੁਲਾਂਵਾਲ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੇ ਦੱਸਿਆ ਕਿ ਅੱਜ ਦਰਿਆ ਵਿੱਚ ਪਾਣੀ ਘਟਣ ਕਾਰਨ ਦਾਉਵਾਲ ਦੇ ਨੇੜੇ ਤੋਂ ਧੁੱਸੀ ਬੰਨ੍ਹ ਟੁੱਟਣ ਤੋਂ ਬਚਾਅ ਹੋ ਗਿਆ ਹੈ। ਬੀਤੀ ਦੇਰ ਰਾਤ ਧੁਸੀ ਬੰਨ੍ਹ ਵਿੱਚ ਪਏ ਪਾੜ ਨੂੰ ਬੰਨ੍ਹਣ ਵਿੱਚ ਲੱਗੇ ਲੋਕਾਂ ਦੀ ਬੇਬਸੀ ਕਾਰਨ ਰਾਤ ਸਮੇਂ ਕੰਮ ਰੋਕਣਾ ਪੈ ਗਿਆ ਸੀ ਪਰ ਅੱਜ ਸਵੇਰ ਤੋਂ ਪਾਣੀ ਦੇ ਘਟਣ ਬਾਅਦ ਦਾਉਵਾਲ ਨੇੜੇ ਪਏ ਪਾੜ ਨੂੰ ਮੁਰੰਮਤ ਕਰਨ ਵਿੱਚ ਕਾਮਯਾਬੀ ਪ੍ਰਾਪਤ ਹੋ ਗਈ ਹੈ। ਜਗਤਪੁਰ ਨੇੜੇ ਤੋਂ ਪਏ ਵੱਡੇ ਪਾੜ ਨੂੰ ਰੋਕਣ ਲਈ ਪ੍ਰਸ਼ਾਸ਼ਨ ਜਾਂ ਇਲਾਕੇ ਦੇ ਲੋਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਾਹਨੂੰਵਾਨ ਛੰਭ ਦੇ ਬੇਟ ਖੇਤਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਦਾ ਕਹਿਣਾ ਸੀ ਕਿ ਬੇਸ਼ੱਕ ਡੀਸੀ ਗੁਰਦਾਸਪੁਰ, ਤਹਿਸੀਲਦਾਰ ਅਤੇ ਹੋਰ ਅਮਲਾ ਫੈਲਾ ਮੌਕੇ ’ਤੇ ਪਹੁੰਚ ਗਿਆ ਹੈ ਪਰ ਉਹ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਧੁੱਸੀ ਬੰਨ੍ਹ ਦੀ ਮੁਰੰਮਤ ਕਰਨ ਦੀਆਂ ਅਪੀਲਾਂ ਕਰਨ ਤੋਂ ਵੱਧ ਕੁੱਝ ਨਹੀਂ ਕਰ ਰਿਹਾ।
ਪਿੰਡਾਂ ਵਿੱਚ ਮੁਨਿਆਦੀ ਕਾਰਵਾਏ ਜਾਣ ਤੋਂ ਬਾਅਦ ਬੰਨ੍ਹ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਨੌਜਵਾਨ, ਟਰੈਕਟਰ ਟਰਾਲੀਆਂ ਅਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਪ੍ਰਭਾਵਿਤ ਥਾਵਾਂ ਉੱਤੇ ਪਹੁੰਚ ਗਏ। ਇਸ ਮੌਕੇ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪਗੜੀ ਸੰਭਾਲ ਜੱਟਾ ਲਹਿਰ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਅਪੀਲਾਂ ਨੂੰ ਸੁਣਨ ਬਾਅਦ ਸਹਿਮੇ ਲੋਕ ਸਮਰੱਥਾ ਅਨੁਸਾਰ ਲਗਾਤਾਰ ਯੋਗਦਾਨ ਪਾ ਰਹੇ ਹਨ। ਹੜ੍ਹ ਦਾ ਪਾਣੀ ਬੇਟ ਖੇਤਰ ਵਿੱਚ ਭਰਨ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਲਾਕੇ ਦੇ ਲੋਕਾਂ ਅਤੇ ਹੋਰ ਰਾਹਗੀਰਾਂ ਨੂੰ ਮੁਕੇਰੀਆਂ ਪੁਲ ਦੀ ਤਰਫ਼ ਅਤੇ ਪੁਰਾਣਾ ਸਾਹਲਾ ਤੋਂ ਚੱਕ ਸ਼ਰੀਫ ਸੜਕ ਉੱਤੇ ਜਾਣ ਦੀ ਮਨਾਹੀ ਕੀਤੀ ਗਈ ਹੈ। ਡੀਸੀ ਗੁਰਦਾਸਪੁਰ ਹਿਮਾਂਸ਼ੂ ਅਗਸਵਾਲ ਨੇ ਕਿਹਾ ਕਿ ਪੌਂਗ ਡੈਮ ਤੋਂ ਪਾਣੀ ਨੂੰ ਘਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੱਲ ਤੱਕ ਦਰਿਆ ਵਿੱਚ ਪਾਣੀ ਘੱਟ ਜਾਵੇਗਾ ਅਤੇ ਦੋ ਛੋਟੇ ਪਾੜ ਬੰਦ ਕਰ ਲਏ ਗਏ ਹਨ ਅਤੇ ਜਗਤਪੁਰ ਨੇੜੇ ਵੱਡੇ ਪਾੜ ਨੂੰ ਵੀ ਪਾਣੀ ਘੱਟ ਜਾਣ ਬਾਅਦ ਬੰਦ ਕਰ ਲਿਆ ਜਾਵੇਗਾ।