ਹਥਿਆਰਾਂ ਦੀ ਨੋਕ ’ਤੇ ਪੈਟਰੌਲ ਪੰਪ ਦੇ ਕਰਿੰਦੇ ਤੋਂ ਪੰਜ ਲੱਖ ਲੁੱਟੇ
ਸ਼ਗਨ ਕਟਾਰੀਆ
ਬਠਿੰਡਾ, 2 ਸਤੰਬਰ
ਜੋਧਪੁਰ ਰੋਮਾਣਾ ਅਤੇ ਜੱਸੀ ਪੌ ਵਾਲੀ ਪਿੰਡਾਂ ਦੇ ਵਿਚਕਾਰਲੇ ਰਸਤੇ ’ਤੇ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਪੈਟਰੋਲ ਪੰਪ ਦੇ ਇੱਕ ਕਰਿੰਦੇ ਕੋਲੋਂ ਕਥਿਤ ਤੌਰ ’ਤੇ ਤਕਰੀਬਨ ਪੰਜ ਲੱਖ ਰੁਪਏ ਲੁੱਟ ਲਏ। ਮੁੱਢਲੀ ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦਾ ਕਰਿੰਦਾ ਤਰਜਿੰਦਰ ਸਿੰਘ ਇਹ ਰਕਮ ਜੱਸੀ ਪੌ ਵਾਲੀ ਦੇ ਆਪਣੇ ਪੈਟਰੋਲ ਪੰਪ ਤੋਂ ਆਪਣੇ ਮਾਲਕਾਂ ਦੇ ਜੋਧਪੁਰ ਰੋਮਾਣਾ ਸਥਿਤ ਦੂਸਰੇ ਪੰਪ ’ਤੇ ਲਿਜਾ ਰਿਹਾ ਸੀ। ਰਸਤੇ ਵਿੱਚ ਘਾਤ ਲਾ ਕੇ ਦੋ ਖੜ੍ਹੇ ਮੋਟਰਸਾਈਕਲਾਂ ’ਤੇ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਨੇ ਉਸ ਨੂੰ ਹਥਿਆਰਾਂ ਦੀ ਨੋਕ ’ਤੇ ਘੇਰ ਕੇ ਇਹ ਨਗਦੀ ਖੋਹ ਲਈ ਅਤੇ ਫ਼ਰਾਰ ਹੋ ਗਏ। ਦੱਸਿਆ ਜਾਂਦਾ ਹੈ ਕਿ ਵਾਰਦਾਤ ਕਰਨ ਵਾਲਿਆਂ ਨੇ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ।
ਉੱਧਰ, ਘਟਨਾ ਬਾਰੇ ਪਤਾ ਲੱਗਣ ਸਾਰ ਥੋੜ੍ਹੀ ਦੇਰ ਬਾਅਦ ਹੀ ਘਟਨਾ ਸਥਾਨ ’ਤੇ ਪੁਲੀਸ ਪਹੁੰਚ ਗਈ ਪਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਲੁਟੇਰੇ ਪੁਲੀਸ ਦੇ ਹੱਥ ਨਹੀਂ ਲੱਗ ਸਕੇ। ਡੀਐੱਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿੱਚ ਅਧੀਨ ਧਾਰਾ 310 (2) ਬੀਐੱਨਐੱਸ ਕੇਸ ਦਰਜ ਕਰ ਕੇ, ਵਾਰਦਾਤਕਾਰਾਂ ਦਾ ਖੁਰਾ ਨੱਪਣ ਲਈ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।