ਕਬੱਡੀ: ਸੰਦੀਪ ਨੰਗਲ ਅੰਬੀਆਂ ਸਪੋਰਟਸ ਕਲੱਬ ਦੀ ਟੀਮ ਜੇਤੂ
ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 19 ਸਤੰਬਰ
ਸ਼ਤਾਬਦੀ ਸਮਾਗਮਾਂ ਦੇ ਅਖ਼ੀਰਲੇ ਦਿਨ ਗੁਰੂ ਅਮਰਦਾਸ ਸਪੋਰਟਸ ਕਲੱਬ ਵੱਲੋਂ ਕਬੱਡੀ ਦਾ ਮਹਾਕੁੰਭ ਕਰਵਾਇਆ ਗਿਆ। ਇਸ ਕਬੱਡੀ ਕੱਪ ਵਿੱਚ ਪੰਜਾਬ ਦੀਆਂ ਕਬੱਡੀ ਟੀਮਾਂ ਨੇ ਭਾਗ ਲਿਆ। ਇਸ ਕਬੱਡੀ ਮਹਾਕੁੰਭ ਦੀ ਸ਼ੁਰੂਆਤ ਕਲੱਬ ਦੇ ਪ੍ਰਧਾਨ ਫਤਿਹ ਸਿੰਘ ਬਾਠ ਅਤੇ ਹੋਰ ਪਤਵੰਤਿਆ ਵੱਲੋਂ ਕੀਤੀ ਗਈ। ਗੁਰੂ ਅਮਰਦਾਸ ਸਪੋਰਟਸ ਕਲੱਬ ਦੇ ਮੈਂਬਰ ਦਿਲਬਾਗ ਸਿੰਘ ਤੁੜ ਤੇ ਰਸ਼ਪਾਲ ਸਿੰਘ ਬਾਠ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਰੌਚਕ ਮੁਕਾਬਲਿਆਂ ਵਿੱਚ ਮਾਤਾ ਪੰਜਾਬ ਕੌਰ ਸੰਦੀਪ ਨੰਗਲ ਅੰਬੀਆਂ ਸਪੋਰਟਸ ਕਲੱਬ ਨੇ ਪ੍ਰਉਪਕਾਰੀ ਭਾਈ ਲੱਧੂ ਜੀ ਸਪੋਰਟਸ ਕਲੱਬ ਨੂੰ ਹਰਾ ਕੇ ਕਬੱਡੀ ਦੇ ਜੇਤੂ ਕੱਪ ’ਤੇ ਕਬਜ਼ਾ ਕੀਤਾ ਹੈ ਜਦਕਿ ਯੂਨੀਅਨ ਵਰਗ ਵਿੱਚ ਖਡੂਰ ਸਾਹਿਬ ਸਪੋਰਟਸ ਕਲੱਬ ਨੂੰ ਹਰਾ ਕੇ ਗੁਰੂ ਅਮਰਦਾਸ ਸਪੋਰਟਸ ਕਲੱਬ ਗੋਇੰਦਵਾਲ ਸਾਹਿਬ ਜੇਤੂ ਰਿਹਾ ਹੈ।
ਪ੍ਰਧਾਨ ਫਤਿਹ ਸਿੰਘ ਨੇ ਦੱਸਿਆ ਕਿ ਇਸ ਕਬੱਡੀ ਕੱਪ ਦੇ ਪਹਿਲੇ ਜੇਤੂ ਨੂੰ ਇੱਕ ਲੱਖ ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ ਜਦਕਿ ਉੱਪ ਜੇਤੂ ਟੀਮ ਨੂੰ 81 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਕਬੱਡੀ ਕੱਪ ਨੂੰ ਪ੍ਰਮੋਟ ਕਰਨ ਵਾਲੀਆਂ ਸ਼ਖ਼ਸੀਅਤਾਂ ਕੁਲਦੀਪ ਸਿੰਘ ਔਲਖ, ਦੇਸ਼ਵੀਰ ਸਿੰਘ ਪਵਾਰ, ਸਰਪੰਚ ਕੁਲਦੀਪ ਸਿੰਘ ਲਾਹੌਰੀਆ, ਹਰਦਿਆਲ ਸਿੰਘ ਕੰਗ, ਹਰਭਜਨ ਸਿੰਘ, ਰੂੜ ਸਿੰਘ ਤੇ ਬਿੱਕਾ ਲਹੌਰੀਆ ਆਦਿ ਦਾ ਕਲੱਬ ਵੱਲੋਂ ਸਨਮਾਨ ਕੀਤਾ ਗਿਆ।
ਖੇਡ ਮੁਕਾਬਲਿਆਂ ’ਚ ਲੜਕੀਆਂ ਨੇ ਮੱਲਾਂ ਮਾਰੀਆਂ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਦੀ ਸ਼ੁਰੂਆਤ ਸਥਾਨਕ ਆਊਟਡੋਰ ਸਟੇਡੀਅਮ ’ਚ ਹੋਈ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਅੰਡਰ-14 ਦੇ ਫਾਈਨਲ ਮੁਕਾਬਲਿਆਂ ਵਿੱਚ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿੱਚ ਬਾਗਪੁਰ ਸਤੌਰ ਦੀ ਗਗਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਫ੍ਰੀ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦੀ ਮਨਮੀਤ ਕੌਰ ਅਤੇ ਅੰਡਰ-17 ਲੜਕੀਆਂ ਦੇ ਸਿੰਗਲ ਸੋਟੀ ਵਿਅਕਤੀਗਤ ਵਿਚ ਗਰਨਾ ਸਾਹਿਬ ਦੀ ਏਕਮਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।