ਆਪਣੇ ਹੀ ਦੇਸ਼ ਵਿੱਚ ਘਿਰ ਰਹੇ ਨੇ ਜਸਟਿਨ ਟਰੂਡੋ
ਸੁਰਿੰਦਰ ਮਾਵੀ
ਵਿਨੀਪੈੱਗ, 21 ਦਸੰਬਰ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਆਪਣੇ ਦੇਸ਼ ਦੇ ਲੋਕ ਹੀ ਉਨ੍ਹਾਂ ਦੇ ਹੱਕ ਵਿੱਚ ਨਹੀਂ ਹਨ। ਇਹ ਗੱਲ ਇਕ ਸਰਵੇਖਣ ’ਚ ਸਾਹਮਣੇ ਆਈ ਹੈ। ਸਰਵੇਖਣ ਮੁਤਾਬਕ ਦੋ ਤਿਹਾਈ ਕੈਨੇਡੀਅਨ ਵੋਟਰ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ।
ਸਰਵੇਖਣ ਦੇ ਨਤੀਜੇ ਲੰਘੇ ਐਤਵਾਰ ਜਾਰੀ ਕੀਤੇ ਗਏ ਸਨ। ਰਿਪੋਰਟ ਅਨੁਸਾਰ ਕਰੀਬ 60 ਫ਼ੀਸਦ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਅਗਲੇ ਸਾਲ ਫੈੱਡਰਲ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਦਕਿ ਕੈਨੇਡਾ ਵਿੱਚ 2025 ਵਿੱਚ ਚੋਣਾਂ ਕਰਾਉਣ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ 69 ਫ਼ੀਸਦੀ ਲੋਕ ਚਾਹੁੰਦੇ ਹਨ ਕਿ ਟਰੂਡੋ ਚੋਣਾਂ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ। ਇਕ ਦਿਲਚਸਪ ਗੱਲ ਇਹ ਹੈ ਕਿ 63 ਫ਼ੀਸਦੀ ਲੋਕ ਇਹ ਵੀ ਮੰਨਦੇ ਹਨ ਕਿ ਜਸਟਿਨ ਟਰੂਡੋ ਅਸਤੀਫ਼ਾ ਨਹੀਂ ਦੇਣਗੇ। ਦਰਅਸਲ ਜਸਟਿਨ ਟਰੂਡੋ ਨੇ ਵੀ ਹਾਲ ਹੀ ’ਚ ਇੱਕ ਇੰਟਰਵਿਊ ਵਿੱਚ ਸਪੱਸ਼ਟ ਕੀਤਾ ਸੀ ਕਿ ਉਹ ਕਿਤੇ ਨਹੀਂ ਜਾ ਰਹੇ ਹਨ। ਉਨ੍ਹਾਂ ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਨੂੰ ਕਿਹਾ, ‘ਤੁਸੀਂ ਇਸ ’ਤੇ ਵਿਸ਼ਵਾਸ ਨਹੀਂ ਕਰੋਗੇ, ਪਰ ਮੈਂ ਕਿਸੇ ਝਗੜੇ ਵਿੱਚ ਨਹੀਂ ਪੈਣਾ ਚਾਹੁੰਦਾ।’
ਇਹ ਵੀ ਚਰਚਾ ਹੈ ਕਿ ਕੀ ਜਸਟਿਨ ਟਰੂਡੋ ਦਾ ਅਹੁਦੇ ਤੋਂ ਅਸਤੀਫ਼ਾ ਉਨ੍ਹਾਂ ਦੀ ਲਬਿਰਲ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ। ਇੱਕ ਤਾਜ਼ਾ ਸਰਵੇਖਣ ’ਚ ਲਬਿਰਲ ਪਾਰਟੀ ਚੋਣਾਂ ਦੇ ਮਾਮਲੇ ’ਚ ਕੰਜ਼ਰਵੇਟਿਵ ਪਾਰਟੀ ਤੋਂ ਪੱਛੜਦੀ ਨਜ਼ਰ ਆ ਰਹੀ ਹੈ। ਇਸ ਸਥਿਤੀ ਨੇ ਲਬਿਰਲ ਪਾਰਟੀ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ ਹੈ। ਜੇਕਰ ਉਹ ਟਰੂਡੋ ਦੀ ਥਾਂ ਕੋਈ ਹੋਰ ਚਿਹਰਾ ਅੱਗੇ ਰੱਖਦੀ ਹੈ ਤਾਂ ਉਸ ਲਈ ਇਸ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਇਲਾਵਾ ਜੇਕਰ ਟਰੂਡੋ ਨੂੰ ਬਰਕਰਾਰ ਰੱਖਿਆ ਜਾਂਦਾ ਹੈ ਤਾਂ ਜਨਤਾ ਦੀ ਰਾਏ ਨੂੰ ਦੇਖਦੇ ਹੋਏ ਸੰਕਟ ਦੀ ਸਥਿਤੀ ਬਣ ਜਾਵੇਗੀ। ਇਸ ਤਰ੍ਹਾਂ ਟਰੂਡੋ ਨੂੰ ਲੈ ਕੇ ਲਬਿਰਲ ਪਾਰਟੀ ਦੁਚਿੱਤੀ ਵਿੱਚ ਹੈ।
ਟਰੂਡੋ ਦੀ ਥਾਂ ਲੈਣ ਦੀ ਦੌੜ ਵਿੱਚ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਕੈਬਨਿਟ ਮੰਤਰੀਆਂ ਮੇਲਾਨੀਆ ਜੌਲੀ, ਫਰਾਂਸਿਸ ਫਿਲਿਪ ਸ਼ੈਂਪੇਨ ਤੇ ਭਾਰਤੀ-ਕੈਨੇਡੀਅਨ ਅਨੀਤਾ ਆਨੰਦ ਦੇ ਨਾਂ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਦੋ ਬੈਂਕਾਂ ਦੇ ਗਵਰਨਰ ਮਾਰਕ ਕਾਰਨੇ ਦਾ ਨਾਂ ਵੀ ਪੇਸ਼ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਸਿਆਸੀ ਮਾਹਿਰ ਐਂਡਰਿਊ ਮੈਕਡੌਗਲ ਨੇ ਕਿਹਾ ਕਿ ਅਜਿਹਾ ਲੱਗਦਾ ਨਹੀਂ ਹੈ ਕਿ ਟਰੂਡੋ ਆਸਾਨੀ ਨਾਲ ਅਸਤੀਫ਼ਾ ਦੇਣ ਦੇ ਮੂਡ ਵਿੱਚ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਭਾਵੇਂ ਚੋਣਾਂ ਵਿੱਚ ਸਥਿਤੀ ਥੋੜ੍ਹੀ ਔਖੀ ਹੋਵੇਗੀ ਪਰ ਫਿਰ ਵੀ ਟਰੂਡੋ ਪਾਰਟੀ ਲਈ ਸਭ ਤੋਂ ਮਹੱਤਵਪੂਰਨ ਹਨ।