ਜਸਟਿਸ ਹਿਮਾ ਕੋਹਲੀ ਮਹਿਲਾ ਹੱਕਾਂ ਦੀ ਬੁਲੰਦ ਆਵਾਜ਼: ਚੀਫ਼ ਜਸਟਿਸ
ਨਵੀਂ ਦਿੱਲੀ, 30 ਅਗਸਤ
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਜਸਟਿਸ ਹਿਮਾ ਕੋਹਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਨਾ ਸਿਰਫ਼ ਇਕ ਮਹਿਲਾ ਜਸਟਿਸ ਹਨ, ਸਗੋਂ ਔਰਤਾਂ ਦੇ ਹੱਕਾਂ ਦੀ ਬੁਲੰਦ ਆਵਾਜ਼ ਵੀ ਹਨ। ਚੀਫ਼ ਜਸਟਿਸ ਨੇ ਜਸਟਿਸ ਕੋਹਲੀ ਦੇ ਸਨਮਾਨ ’ਚ ਰਸਮੀ ਬੈਂਚ ਦੀ ਅਗਵਾਈ ਕਰਦਿਆਂ ਇਹ ਟਿੱਪਣੀ ਕੀਤੀ। ਜਸਟਿਸ ਕੋਹਲੀ ਪਹਿਲੀ ਸਤੰਬਰ ਨੂੰ ਸੇਵਾਮੁਕਤ ਹੋਣਗੇ। ਉਹ ਸੁਪਰੀਮ ਕੋਰਟ ਦੇ ਜੱਜਾਂ ’ਚ ਸੀਨੀਆਰਤਾ ਸੂਚੀ ’ਚ 9ਵੇਂ ਨੰਬਰ ’ਤੇ ਸਨ। ਉਨ੍ਹਾਂ ਦੀ ਰਿਟਾਇਰਮੈਂਟ ਮਗਰੋਂ ਸਿਖਰਲੀ ਅਦਾਲਤ ’ਚ ਸਿਰਫ਼ ਦੋ ਮਹਿਲਾ ਜੱਜ ਜਸਟਿਸ ਬੀਵੀ ਨਾਗਰਤਨਾ ਅਤੇ ਜਸਟਿਸ ਬੇਲਾ ਐੱਮ. ਤ੍ਰਿਵੇਦੀ ਰਹਿ ਜਾਣਗੇ। ਚੀਫ਼ ਜਸਟਿਸ ਚੰਦਰਚੂੜ ਨੇ ਕਿਹਾ ਕਿ ਜਸਟਿਸ ਕੋਹਲੀ ਨਾਲ ਮਿਲ ਕੇ ਕਈ ਗੰਭੀਰ ਵਿਚਾਰ ਅਤੇ ਨਜ਼ਰੀਏ ਸਾਂਝੇ ਕੀਤੇ। ਅਟਾਰਨੀ ਜਨਰਲ ਆਰ. ਵੈਂਕਟਰਮਨੀ ਨੇ ਕਿਹਾ ਕਿ ਜਸਟਿਸ ਕੋਹਲੀ ਨੇ ਆਪਣੀ ਪੂਰੀ ਜ਼ਿੰਦਗੀ ਨਿਆਂ ਲਈ ਸਮਰਪਿਤ ਕਰ ਦਿੱਤੀ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜਸਟਿਸ ਹਿਮਾ ਕੋਹਲੀ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਪਿਲ ਸਿੱਬਲ ਨੇ ਕਿਹਾ ਕਿ ਜਸਟਿਸ ਕੋਹਲੀ ਦੀਆਂ ਨਜ਼ਰਾਂ ਸਖ਼ਤ ਪਰ ਦਿਲ ਨਰਮ ਹੈ। -ਪੀਟੀਆਈ