ਜੂਨੀਅਰ ਵੇਟਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ: ਮਾਰਟਿਨਾ ਨੇ ਸੀਨੀਅਰ ਕੌਮੀ ਰਿਕਾਰਡ ਤੋੜਿਆ
ਲੀਓਨ (ਸਪੇਨ), 27 ਸਤੰਬਰ
ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਰਹੀ ਭਾਰਤੀ ਯੂਥ ਵੇਟਲਿਫਟਰ ਮਾਰਟਿਨਾ ਦੇਵੀ ਨੇ ਅੱਜ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੇ 87 ਕਿੱਲੋ ਤੋਂ ਵੱਧ ਭਾਰ ਵਰਗ ਵਿੱਚ ਕਲੀਨ ਐਂਡ ਜਰਕ ਨਾਲ ਕੁੱਲ ਵਜ਼ਨ ਵਰਗ ਵਿੱਚ ਸੀਨੀਅਰ ਕੌਮੀ ਰਿਕਾਰਡ ਤੋੜ ਦਿੱਤਾ। ਮਨੀਪੁਰ ਦੀ 18 ਸਾਲਾ ਖਿਡਾਰਨ ਨੇ ਸਨੈਚ ਵਿੱਚ ਆਪਣਾ ਜੂਨੀਅਰ ਕੌਮੀ ਰਿਕਾਰਡ ਵੀ ਬਿਹਤਰ ਕੀਤਾ। ਹਾਲਾਂਕਿ, ਉਹ ਤਿੰਨੋਂ ਵਰਗਾਂ ਵਿੱਚ ਪੋਡੀਅਮ ’ਤੇ ਨਹੀਂ ਪਹੁੰਚ ਸਕੀ। ਮਾਰਟਿਨਾ ਨੇ ਸਨੈਚ ਵਿੱਚ 101 ਕਿੱਲੋ ਭਾਰ ਉਠਾ ਕੇ ਸੱਤ ਮਹਿਲਾਵਾਂ ਦੀ ਸ਼੍ਰੇਣੀ ਵਿੱਚ ਛੇਵਾਂ ਸਥਾਨ ਹਾਸਲ ਕੀਤਾ ਅਤੇ ਪਿਛਲੇ ਸਾਲ 95 ਕਿੱਲੋ ਦੇ ਆਪਣੇ ਹੀ ਜੂਨੀਅਰ ਕੌਮੀ ਰਿਕਾਰਡ ਨੂੰ ਬਿਹਤਰ ਕੀਤਾ। ਉਹ ਸਨੈਚ ਵਿੱਚ 104 ਕਿੱਲੋ ਦੇ ਸੀਨੀਅਰ ਕੌਮੀ ਰਿਕਾਰਡ ਤੋਂ ਤਿੰਨ ਕਿੱਲੋ ਤੋਂ ਖੁੰਝ ਗਈ ਜੋ ਅਜੇ ਪੂਰਨਿਮਾ ਪਾਂਡੇ ਦੇ ਨਾਮ। ਇਸ ਤੋਂ ਬਾਅਦ ਉਸ ਨੇ ਕਲੀਨ ਐਂਡ ਜਰਕ ਵਿੱਚ 136 ਕਿੱਲੋ ਭਾਰ ਉਠਾਇਆ ਅਤੇ ਉਸ ਦਾ ਇਹ ਪ੍ਰਦਰਸ਼ਨ 128 ਕਿੱਲੋ ਦੇ ਸੀਨੀਅਰ ਕੌਮੀ ਰਿਕਾਰਡ ਨਾਲੋਂ ਅੱਠ ਕਿੱਲੋ ਬਿਹਤਰ ਸੀ ਜੋ ਕਿ ਪੰਜਾਬ ਦੀ ਮਨਪ੍ਰੀਤ ਕੌਰ ਦੇ ਨਾਮ ਸੀ। ਉਹ ਇਸ ਵਿੱਚ ਪੰਜਵੇਂ ਸਥਾਨ ’ਤੇ ਰਹੀ। ਮਾਰਟਿਨਾ ਦਾ ਇਸ ਤੋਂ ਪਹਿਲਾਂ ਦਾ ਕਲੀਨ ਐਂਡ ਜਰਕ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ 123 ਕਿੱਲੋ ਹੈ ਜੋ ਕਿ ਜੂਨੀਅਰ ਕੌਮੀ ਰਿਕਾਰਡ ਵੀ ਹੈ। -ਪੀਟੀਆਈ