ਲਿਸਟ ਏ ਕ੍ਰਿਕਟ ’ਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਭਾਰਤੀ ਬਣਿਆ ਅਨਮੋਲਪ੍ਰੀਤ
ਅਹਿਮਦਾਬਾਦ, 21 ਦਸੰਬਰ
ਪੰਜਾਬ ਦੇ ਅਨਮੋਲਪ੍ਰੀਤ ਸਿੰਘ ਨੇ ਅੱਜ ਇੱਥੇ ਵਿਜੈ ਹਜ਼ਾਰੇ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ ਸੀ ਦੇ ਮੈਚ ਵਿੱਚ ਅਰੁਣਾਚਲ ਪ੍ਰਦੇਸ਼ ਖ਼ਿਲਾਫ਼ ਸਿਰਫ 35 ਗੇਂਦਾਂ ’ਚ ਸੈਂਕੜਾ ਜੜ ਦਿੱਤਾ। ਇਹ ਲਿਸਟ ਏ ਕ੍ਰਿਕਟ ਵਿੱਚ ਸਭ ਤੋਂ ਤੇਜ਼ ਸੈਂਕੜਾ ਲਾਉਣ ਦਾ ਭਾਰਤੀ ਰਿਕਾਰਡ ਹੈ। ਅਨਮੋਲਪ੍ਰੀਤ ਦੀ ਇਸ ਤੇਜ਼-ਤਰਾਰ ਪਾਰੀ ਦੀ ਬਦੌਲਤ ਪੰਜਾਬ ਨੇ ਅਰੁਣਾਚਲ ਪ੍ਰਦੇਸ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ।
ਅਨਮੋਲਪ੍ਰੀਤ ਨੂੰ ਪਿਛਲੇ ਮਹੀਨੇ (ਆਈਪੀਐੱਲ) ਦੀ ਨਿਲਾਮੀ ’ਚ ਕੋਈ ਖਰੀਦਦਾਰ ਨਹੀਂ ਮਿਲਿਆ ਪਰ ਅਰੁਣਾਚਲ ਪ੍ਰਦੇਸ਼ ਖ਼ਿਲਾਫ਼ ਖੁੱਲ੍ਹ ਕੇ ਖੇਡਦਿਆਂ ਉਸ ਨੇ 2009-10 ’ਚ ਬੜੌਦਾ ਲਈ ਖੇਡਣ ਵਾਲੇ ਸਾਬਕਾ ਭਾਰਤੀ ਹਰਫਨਮੌਲਾ ਖਿਡਾਰੀ ਯੂਸਫ ਪਠਾਨ ਦਾ ਰਿਕਾਰਡ ਤੋੜ ਦਿੱਤਾ। ਪਠਾਨ ਨੇ ਮਹਾਰਾਸ਼ਟਰ ਖ਼ਿਲਾਫ਼ 40 ਗੇਂਦਾਂ ’ਚ ਸੈਂਕੜਾ ਲਾਇਆ ਸੀ। ਜੇ ਵਿਸ਼ਵ ਰਿਕਾਰਡਾਂ ਦੀ ਗੱਲ ਕਰੀਏ ਤਾਂ ਅਨਮੋਲਪ੍ਰੀਤ ਦੀ ਪਾਰੀ ਲਿਸਟ ਏ ’ਚ ਸਭ ਤੋਂ ਤੇਜ਼ ਸੈਂਕੜਿਆਂ ਦੀ ਸੂਚੀ ’ਚ ਤੀਜੇ ਸਥਾਨ ’ਤੇ ਆਉਂਦੀ ਹੈ। ਇਹ ਰਿਕਾਰਡ ਆਸਟਰੇਲੀਆ ਦੇ ਜੈਕ-ਫ੍ਰੇਜ਼ਰ ਮੈਕਗੁਰਕ ਦੇ ਨਾਂ ਹੈ, ਜਿਸ ਨੇ 2023-24 ’ਚ ਤਸਮਾਨੀਆ ਖ਼ਿਲਾਫ਼ ਦੱਖਣੀ ਆਸਟਰੇਲੀਆ ਲਈ ਸਿਰਫ 29 ਗੇਂਦਾਂ ’ਤੇ ਸੈਂਕੜਾ ਲਾਇਆ ਸੀ। ਉਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਏਬੀ ਡਿਵਿਲੀਅਰਜ਼ ਦਾ ਨੰਬਰ ਆਉਂਦਾ ਹੈ, ਜਿਸ ਨੇ 2014-15 ’ਚ ਵੈਸਟਇੰਡੀਜ਼ ਖ਼ਿਲਾਫ਼ 31 ਗੇਂਦਾਂ ’ਤੇ ਸੈਂਕੜਾ ਲਾਇਆ ਸੀ। ਅਨਮੋਲਪ੍ਰੀਤ ਨੇ 45 ਗੇਂਦਾਂ ’ਤੇ 12 ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ ਨਾਬਾਦ 115 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਮਦਦ ਨਾਲ ਪੰਜਾਬ ਨੇ 165 ਦੌੜਾਂ ਦਾ ਟੀਚਾ ਸਿਰਫ਼ 12.5 ਓਵਰਾਂ ਵਿੱਚ ਹਾਸਲ ਕਰ ਲਿਆ। -ਪੀਟੀਆਈ