ਜੂਨੀਅਰ ਹਾਕੀ: ਹਰਿਆਣਾ ਨੂੰ ਹਰਾ ਕੇ ਪੰਜਾਬ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 18 ਸਤੰਬਰ
ਪੰਜਾਬ ਨੇ ਅੱਜ ਇੱਥੇ ਹਰਿਆਣਾ ਨੂੰ ਸਡਨ ਡੈੱਥ ਰਾਹੀਂ 10-9 ਨਾਲ ਹਰਾ ਕੇ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ, ਜਿੱਥੇ ਉਸ ਦਾ ਸਾਹਮਣਾ ਉੱਤਰ ਪ੍ਰਦੇਸ਼ ਨਾਲ ਹੋਵੇਗਾ। ਉੱਤਰ ਪ੍ਰਦੇਸ਼, ਕਰਨਾਟਕ ਨੂੰ 3-1 ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ। ਫਾਈਨਲ ਮੁਕਾਬਲਾ 19 ਸਤੰਬਰ ਨੂੰ 3 ਵਜੇ ਸ਼ੁਰੂ ਹੋਵੇਗਾ।
ਪਹਿਲੇ ਤਿੰਨ ਕੁਆਰਟਰਾਂ ਵਿੱਚ ਹਰਿਆਣਾ ਦੀ ਟੀਮ ਨੇ ਪੰਜਾਬ ’ਤੇ ਪੂਰਾ ਦਬਦਬਾ ਰੱਖਿਆ। ਹਰਿਆਣਾ ਦੇ ਮਨੀਸ਼ ਕੁਮਾਰ ਨੇ 9ਵੇਂ, 21ਵੇਂ ਅਤੇ 36ਵੇਂ ਮਿੰਟ ਵਿੱਚ ਤਿੰਨ ਗੋਲ ਕਰਕੇ ਹੈਟ੍ਰਿਕ ਕੀਤੀ। ਮਗਰੋਂ 43ਵੇਂ ਮਿੰਟ ਵਿੱਚ ਪੰਜਾਬ ਦੇ ਜਪਨੀਤ ਸਿੰਘ, 50ਵੇਂ ਮਿੰਟ ਵਿੱਚ ਕਪਤਾਨ ਉਜਵਲ ਸਿੰਘ ਅਤੇ 53ਵੇਂ ਮਿੰਟ ਵਿੱਚ ਲਵਨੂਰ ਸਿੰਘ ਨੇ ਗੋਲ ਕਰਕੇ ਸਕੋਰ 3-3 ਕਰ ਦਿੱਤਾ। 54ਵੇਂ ਮਿੰਟ ਵਿੱਚ ਹਰਿਆਣਾ ਦੇ ਨਵਰਾਜ ਸਿੰਘ ਨੇ ਗੋਲ ਕਰਕੇ ਲੀਡ ਲਈ ਪਰ 59ਵੇਂ ਮਿੰਟ ਵਿੱਚ ਪੰਜਾਬ ਦੇ ਜਪਨੀਤ ਸਿੰਘ ਨੇ ਗੋਲ ਕਰਕੇ ਸਕੋਰ ਮੁੜ ਬਰਾਬਰ ਕਰ ਦਿੱਤਾ। ਪੈਨਲਟੀ ਸ਼ੂਟ ਆਊਟ ਵਿੱਚ ਵੀ ਦੋਵੇਂ ਟੀਮਾਂ ਬਰਾਬਰੀ ’ਤੇ ਰਹੀਆਂ ਪਰ ਸਡਨ ਡੈੱਥ ਰਾਹੀਂ ਪੰਜਾਬ ਜੇਤੂ ਰਿਹਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਅਸ਼ੋਕ ਮਿੱਤਲ (ਲਵਲੀ ਗਰੁੱਪ), ਵਿਧਾਇਕ ਰਮਨ ਅਰੋੜਾ, ਓਲੰਪੀਅਨ ਅਕਾਸ਼ਦੀਪ ਸਿੰਘ, ਰਾਜਬੀਰ ਕੌਰ, ਅਮਨਦੀਪ ਕੌਰ, ਯੋਗਿਤਾ ਬਾਲੀ, ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਓਲੰਪੀਅਨ ਸੰਜੀਵ ਕੁਮਾਰ, ਗੁਰਮੀਤ ਸਿੰਘ, ਓਲੰਪੀਅਨ ਹਰਦੀਪ ਸਿੰਘ, ਓਲੰਪੀਅਨ ਬਲਵਿੰਦਰ ਸ਼ੰਮੀ, ਓਲੰਪੀਅਨ ਸਮੀਰ ਦਾਦ ਸਨ।