ਜੂਨੀਅਰ ਹਾਕੀ: ਪੰਜਾਬ, ਹਰਿਆਣਾ, ਕਰਨਾਟਕ ਤੇ ਯੂਪੀ ਸੈਮੀ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 16 ਸਤੰਬਰ
ਪੰਜਾਬ ਦੀ ਟੀਮ ਨੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਉੜੀਸਾ ਦੀ ਟੀਮ ਨੂੰ ਸ਼ੂਟ ਆਊਟ ਰਾਹੀਂ 7-6 ਨਾਲ ਹਰਾ ਕੇ ਅੱਜ ਇੱਥੇ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਇਸ ਤੋਂ ਇਲਾਵਾ ਹਰਿਆਣਾ ਨੇ ਝਾਰਖੰਡ ਨੂੰ ਸ਼ੂਟ ਆਊਟ ਰਾਹੀਂ 5-4, ਕਰਨਾਟਕ ਨੇ ਮੱਧ ਪ੍ਰਦੇਸ਼ ਨੂੰ ਸਡਨ ਡੈੱਥ ਰਾਹੀਂ 5-4 ਅਤੇ ਉਤਰ ਪ੍ਰਦੇਸ਼ ਨੇ ਮਨੀਪੁਰ ਨੂੰ 3-2 ਨਾਲ ਹਰਾ ਕੇ ਆਖਰੀ ਚਾਰ ਵਿੱਚ ਜਗ੍ਹਾ ਬਣਾਈ ਹੈ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਇਸ ਚੈਂਪੀਅਨਸ਼ਿਪ ਦੌਰਾਨ ਅੱਜ ਕੁਆਰਟਰ ਫਾਈਨਲ ਦੇ ਚਾਰ ਮੁਕਾਬਲੇ ਖੇਡੇ ਗਏ। ਪਹਿਲੇ ਕੁਆਰਟਰ ਫਾਈਨਲ ਵਿੱਚ ਕਰਨਾਟਕ ਨੇ ਮੱਧ ਪ੍ਰਦੇਸ਼ ਨੂੰ ਹਰਾਇਆ। ਨਿਰਧਾਰਤ ਸਮੇਂ ਵਿੱਚ ਦੋਵੇਂ ਟੀਮਾਂ 2-2 ਨਾਲ ਬਰਾਬਰੀ ’ਤੇ ਰਹੀਆਂ। ਕਰਨਾਟਕ ਵੱਲੋਂ ਡੀ ਆਰ ਪਵਨ ਅਤੇ ਵਿਵੇਕ ਰਵੀ ਨੇ ਗੋਲ ਕੀਤੇ, ਜਦਕਿ ਅਲੀ ਅਹਿਮਦ ਅਤੇ ਮੁਹੰਮਦ ਅਨਸ ਨੇ ਮੱਧ ਪ੍ਰਦੇਸ਼ ਵੱਲੋਂ ਗੋਲ ਕੀਤੇ। ਮਗਰੋਂ ਕਰਨਾਟਕ ਨੇ ਮੱਧ ਪ੍ਰਦੇਸ਼ ਨੂੰ ਸਡਨ ਡੈੱਥ ਰਾਹੀਂ 5-4 ਨਾਲ ਹਰਾ ਦਿੱਤਾ।
ਦੂਜੇ ਕੁਆਰਟਰ ਫਾਈਨਲ ਵਿੱਚ ਉੱਤਰ ਪ੍ਰਦੇਸ਼ ਨੇ ਮਨੀਪੁਰ ਨੂੰ 3-2 ਨਾਲ ਹਰਾਇਆ। ਉੱਤਰ ਪ੍ਰਦੇਸ਼ ਵੱਲੋਂ ਆਸ਼ੂ ਮੋਰਿਆ, ਰਾਹੁਲ ਰਾਜਭਰ ਅਤੇ ਅਜੀਤ ਯਾਦਵ ਨੇ ਜਦਕਿ ਮਨੀਪੁਰ ਵੱਲੋਂ ਸਿਲੀਬਬਾ ਲਿਸਮ ਅਤੇ ਵਾਈ ਬਿੰਦੀਆ ਸਿੰਘ ਨੇ ਗੋਲ ਕੀਤੇ। ਤੀਜੇ ਕੁਆਰਟਰ ਫਾਈਨਲ ਵਿੱਚ ਹਰਿਆਣਾ ਨੇ ਝਾਰਖੰਡ ਨੂੰ ਸ਼ੂਟ ਆਊਟ ਰਾਹੀਂ 5-4 ਨਾਲ ਹਰਾਇਆ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 2-2 ਨਾਲ ਬਰਾਬਰੀ ’ਤੇ ਸਨ। ਹਰਿਆਣਾ ਵੱਲੋਂ ਨਵਰਾਜ ਸਿੰਘ ਅਤੇ ਅਮਿਤ ਖਾਸਾ ਜਦਕਿ ਝਾਰਖੰਡ ਵੱਲੋਂ ਰੋਸ਼ਨ ਇੱਕਾ ਅਤੇ ਨਮਿਤ ਨੇ ਗੋਲ ਕੀਤੇ।
ਚੌਥੇ ਕੁਆਰਟਰ ਫਾਈਨਲ ਦਾ ਨਤੀਜਾ ਵੀ ਸ਼ੂਟ ਆਊਟ ਰਾਹੀਂ ਨਿਕਲਿਆ। ਇਸ ਦੌਰਾਨ ਪੰਜਾਬ ਉੜੀਸਾ ਨੂੰ ਸ਼ੂਟ ਆਊਟ ਰਾਹੀਂ 7-6 ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਿਆ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ’ਤੇ ਸਨ। ਪੰਜਾਬ ਦੇ ਕਪਤਾਨ ਉਜਵਲ ਸਿੰਘ ਨੇ ਹੈਟ੍ਰਿਕ ਕੀਤੀ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਕਰਨਲ ਬਲਬੀਰ ਸਿੰਘ, ਓਲੰਪੀਅਨ ਸ਼ਮਸ਼ੇਰ ਸਿੰਘ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਡਾਕਟਰ ਸੌਰਵ ਲਖਨਪਾਲ, ਮਨਜੀਤ ਸਿੰਘ ਦਿਓਲ ਅਤੇ ਜਸਵਿੰਦਰ ਸਿੰਘ ਖਹਿਰਾ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।