ਜੂਨੀਅਰ ਹਾਕੀ: ਪੰਜਾਬ ਤੇ ਹਰਿਆਣਾ ਕੁਆਰਟਰ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 14 ਸਤੰਬਰ
ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਆਪੋ-ਆਪਣੇ ਮੁਕਾਬਲੇ ਜਿੱਤ ਕੇ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਹਨ। ਹਾਕੀ ਪੰਜਾਬ ਵੱਲੋਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਨੇ ਮਿਜ਼ੋਰਮ ਨੂੰ 7-1 ਅਤੇ ਹਰਿਆਣਾ ਨੇ ਰਾਜਸਥਾਨ ਨੂੰ 6-1 ਨਾਲ ਹਰਾਇਆ। ਪੰਜਾਬ ਵੱਲੋਂ ਉਜਵਲ ਸਿੰਘ, ਹਰਸ਼ਦੀਪ ਸਿੰਘ, ਜਪਨੀਤ ਸਿੰਘ, ਓਮ ਰਜਨੀਸ਼ ਸੈਣੀ, ਲਵਨੂਰ ਸਿੰਘ, ਜਰਮਨ ਸਿੰਘ ਅਤੇ ਅਭਿਸ਼ੇਕ ਗੋਰਖੀ ਨੇ ਗੋਲ ਕੀਤੇ, ਜਦਕਿ ਮਿਜ਼ੋਰਮ ਲਈ ਇਕਲੌਤਾ ਗੋਲ ਆਕਾਸ਼ ਯਾਦਵ ਨੇ ਕੀਤਾ। ਇਸੇ ਤਰ੍ਹਾਂ ਹਰਿਆਣਾ ਵੱਲੋਂ ਨਵਰਾਜ ਸਿੰਘ ਨੇ ਦੋ ਅਤੇ ਰੋਹਿਤ ਰਾਣਾ, ਸੁਨੀਲ ਮਾਨ, ਸਾਹਿਲ ਤੇ ਅਮਿਤ ਖਾਸਾ ਨੇ ਇੱਕ-ਇੱਕ, ਜਦਕਿ ਰਾਜਸਥਾਨ ਵੱਲੋਂ ਇੱਕੋ-ਇੱਕ ਗੋਲ ਅਨੁਰਾਗ ਨੇ ਕੀਤਾ।
ਆਂਧਰਾ ਪ੍ਰਦੇਸ਼ ਅਤੇ ਦਿੱਲੀ ਦੀਆਂ ਟੀਮਾਂ 5-5 ਨਾਲ ਬਰਾਬਰੀ ’ਤੇ ਰਹੀਆਂ ਅਤੇ ਕਰਨਾਟਕ ਨੇ ਕੇਰਲਾ ਨੂੰ 6-1 ਨਾਲ ਮਾਤ ਦਿੱਤੀ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨਾਂ ਵਿੱਚ ਡਾਕਟਰ ਧੀਰਜ ਭਾਟੀਆ (ਗਲੋਬਲ ਹਸਪਤਾਲ), ਕਮਾਂਡੈਂਟ ਜਗਮੋਹਨ ਸਿੰਘ, ਓਲੰਪੀਅਨ ਗੁਰਮੇਲ ਸਿੰਘ, ਅਰਜੁਨ ਐਵਾਰਡੀ ਰਾਜਬੀਰ ਕੌਰ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਓਲੰਪੀਅਨ ਬਹਾਦਰ ਸਿੰਘ, ਖੇਡ ਪ੍ਰਮੋਟਰ ਸੁਰਿੰਦਰ ਸਿੰਘ, ਓਲੰਪੀਅਨ ਹਰਦੀਪ ਸਿੰਘ (ਨੀਟਾ), ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਓਲੰਪੀਅਨ ਸੰਜੀਵ ਕੁਮਾਰ, ਭੁਪਿੰਦਰ ਸਿੰਘ ਤੇ ਹੋਰ ਸ਼ਾਮਲ ਸਨ।