ਜੂਨੀਅਰ ਹਾਕੀ ਏਸ਼ੀਆ ਕੱਪ: ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਖ਼ਿਤਾਬੀ ਮੁਕਾਬਲਾ
ਮਸਕਟ, 3 ਦਸੰਬਰ
ਮੌਜੂਦਾ ਚੈਂਪੀਅਨ ਭਾਰਤ ਅੱਜ ਇੱਥੇ ਪੁਰਸ਼ਾਂ ਦੇ ਜੂਨੀਅਰ ਹਾਕੀ ਏਸ਼ੀਆ ਕੱਪ ਦੇ ਸੈਮੀਫਾਈਨਲ ’ਚ ਮਲੇਸ਼ੀਆ ਨੂੰ 3-1 ਗੋਲਾਂ ਨਾਲ ਹਰਾ ਕੇ ਇਸ ਮਹਾਂਦੀਪੀ ਟੂਰਨਾਮੈਂਟ ਦੇ ਫਾਈਨਲ ’ਚ ਪਹੁੰਚ ਗਿਆ। ਟੂਰਨਾਮੈਂਟ ’ਚ ਹੁਣ ਤੱਕ ਅਜੇਤੂ ਭਾਰਤ ਵੱਲੋਂ ਅੱਜ ਦਿਲਰਾਜ ਸਿੰਘ, ਰੋਹਿਤ ਅਤੇ ਸ਼ਾਰਦਾ ਨੰਦ ਤਿਵਾੜੀ ਨੇ ਕ੍ਰਮਵਾਰ 10ਵੇਂ, 45ਵੇਂ ਤੇ 52ਵੇਂ ਮਿੰਟ ’ਚ ਇੱਕ-ਇਕ ਗੋਲ ਦਾਗਿਆ। ਮਲੇਸ਼ੀਆ ਵੱਲੋਂ ਇਕਲੌਤਾ ਗੋਲ ਅਜ਼ੀਮਉਦਦੀਨ ਕਮਰਉਦਦੀਨ ਨੇ ਪੈਨਲਟੀ ਕਾਰਨਰ ’ਤੇ 57ਵੇਂ ਮਿੰਟ ’ਚ ਕੀਤਾ। ਫਾਈਨਲ ’ਚ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ, ਜਿਸ ਨੇ ਸੈਮੀਫਾਈਨਲ ’ਚ ਜਪਾਨ ਨੂੰ 4-2 ਗੋਲਾਂ ਦੇ ਫਰਕ ਨਾਲ ਹਰਾ ਖ਼ਿਤਾਬੀ ਮੁਕਾਬਲੇ ’ਚ ਜਗ੍ਹਾ ਬਣਾਈ।
ਮਲੇਸ਼ੀਆ ਖਿਲਾਫ਼ ਸੈਮੀਫਾਈਨਲ ਦੌਰਾਨ ਭਾਰਤੀ ਟੀਮ ਕੋਲ ਪਹਿਲੇ ਕੁਆਰਟਰ ’ਚ ਲੀਡ ਹਾਸਲ ਕਰਨ ਦਾ ਮੌਕਾ ਸੀ ਪਰ ਖਰਾਬ ਪ੍ਰਦਰਸ਼ਨ ਕਾਰਨ ਅਜਿਹਾ ਨਹੀਂ ਹੋ ਸਕਿਆ। ਮਲੇਸ਼ੀਆ ਨੇ ਸ਼ੁਰੂ ’ਚ ਹਮਲਾਵਰ ਖੇਡ ਦਿਖਾਉਂਦਿਆਂ ਪਹਿਲੇ ਛੇ ਮਿੰਟਾਂ ’ਚ ਹੀ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਖਿਡਾਰੀਆਂ ਨੇ ਵਧੀਆ ਢੰਗ ਨਾਲ ਬਚਾਅ ਕੀਤਾ। ਮਲੇਸ਼ੀਆ ਨੂੰ ਛੇਵੇਂ ਮਿੰਟ ’ਚ ਦੂਜਾ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਗੋਲਕੀਪਰ ਬਿਕਰਮਜੀਤ ਸਿੰਘ ਤੇ ਅੰਕਿਤ ਪਾਲ ਨੇ ਵਿਰੋਧੀ ਟੀਮ ਦੀ ਗੋਲ ਦੀ ਕੋਸ਼ਿਸ਼ ਨਾਕਾਮ ਬਣਾ ਦਿੱਤੀ। ਵਿਰੋਧੀ ਟੀਮ ਨੂੰ 37ਵੇਂ ਮਿੰਟ ’ਚ ਮਿਲਿਆ ਪੈਨਲਟੀ ਕਾਰਨ ਵੀ ਬੇਕਾਰ ਗਿਆ। ਇਸ ਮਗਰੋਂ ਭਾਰਤ ਵੱਲੋਂ ਦਿਲਰਾਜ ਸਿੰਘ ਨੇ 10ਵੇਂ ਮਿੰਟ ਅਰੀਜੀਤ ਸਿੰਘ ਵੱਲੋਂ ਮਿਲੇ ਪਾਸ ਨੂੰ ਗੋਲ ’ਚ ਤਬਦੀਲ ਕੀਤਾ। ਟੀਮ ਨੂੰ 17ਵੇਂ ਮਿੰਟ ’ਚ ਪੈਨਲਟੀ ਕਾਰਨ ਮਿਲਿਆ ਪਰ ਭਾਰਤੀ ਖਿਡਾਰੀ ਮਲੇਸ਼ਿਆਈ ਰੱਖਿਆ ਪੰਕਤੀ ’ਚ ਸੰਨ੍ਹ ਨਾ ਲਾ ਸਕੇ। -ਪੀਟੀਆਈ