For the best experience, open
https://m.punjabitribuneonline.com
on your mobile browser.
Advertisement

ਟਿੱਬਿਆਂ ਦੀ ਜੂਨ

08:29 AM Jun 03, 2024 IST
ਟਿੱਬਿਆਂ ਦੀ ਜੂਨ
Advertisement

ਮੋਹਰ ਗਿੱਲ ਸਿਰਸੜੀ

ਪੰਜਾਬ ਦੇ ਮਾਲਵਾ ਖਿੱਤੇ ਨੂੰ ਕਿਸੇ ਸਮੇਂ ਰੇਤਲੇ ਟਿੱਬਿਆਂ ਦੀ ਧਰਤੀ ਕਰ ਕੇ ਜਾਣਿਆ ਜਾਂਦਾ ਸੀ। ਇਹ ਟਿੱਬੇ ਕੁਦਰਤੀ ਸਨ। ਤੇਜ਼ ਹਵਾਵਾਂ, ਨ੍ਹੇਰੀਆਂ ਜਿੱਥੇ ਇਨ੍ਹਾਂ ਉਪਰੋਂ ਰੇਤ ਉਡਾ ਕੇ ਲਿਜਾਣ ਦਾ ਕੰਮ ਕਰਦੀਆਂ, ਉੱਥੇ ਰੇਤ ਜਮ੍ਹਾਂ ਕਰਨ ਦਾ ਕੰਮ ਵੀ ਕਰਦੀਆਂ। ਇਨ੍ਹਾਂ ਨੇੜੇ ਸਰ, ਕਾਈ ਤੋਂ ਇਲਾਵਾ ਮਲ੍ਹੇ, ਬੇਰੀਆਂ ਵਗੈਰਾ ਦਰੱਖ਼ਤ ਉਗਦੇ। ਝਾਇਆ, ਸੱਪ, ਚੂਹੇ, ਚੰਨਣਗੀਰੀ, ਨਿਓਲੇ, ਗੋਹ ਅਤੇ ਕਈ ਤਰ੍ਹਾਂ ਦੇ ਪੰਛੀ ਇਨ੍ਹਾਂ ਟਿੱਬਿਆਂ ਨੇੜੇ ਅਵਾਸ ਕਰਦੇ ਅਤੇ ਆਪਣੀ ਅੰਸ਼ ਵਧਾਉਂਦੇ। ਮਈ-ਜੂਨ ਮਹੀਨੇ ਰੇਤ ਤਪ ਜਾਂਦੀ, ਇਸ ਨਾਲ਼ ਨੰਗੇ ਪੈਰ ਮੱਚਦੇ। ਤੱਤੀਆਂ ਲੋਆਂ ਵਗਦੀਆਂ ਤਾਂ ਕਾਮੇ ਆਪਣੇ ਮੂੰਹ-ਸਿਰ ’ਤੇ ਪਰਨਾ ਲਪੇਟਦੇ।
ਉਦੋਂ ਟਿਊਬਵੈੱਲਾਂ ਦਾ ਪਾਣੀ ਰੇਤਲੇ ਵਾਹਣਾਂ (ਖੇਤਾਂ) ਨੂੰ ਛੋਟੇ-ਛੋਟੇ ਕਿਆਰੇ ਬਣਾ ਕੇ ਲਾਇਆ ਜਾਂਦਾ ਸੀ। ਰੇਤਲੇ ਵਾਹਣ ਹੋਣ ਕਾਰਨ ਫ਼ਸਲਾਂ ਦਾ ਝਾੜ ਮਸਾਂ ਗੁਜ਼ਾਰੇ ਜੋਗਾ ਹੁੰਦਾ। ਰੇਤਲੀਆਂ ਜ਼ਮੀਨਾਂ ਉਪਰ ਆਮ ਕਰ ਕੇ ਕਿਸਾਨ ਤਾਰਾਮੀਰਾ, ਸਰੋਂ, ਬਾਜਰਾ, ਗੁਆਰਾ ਆਦਿ ਘੱਟ ਪਾਣੀ ਨਾਲ ਪੈਦਾ ਹੋਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਦੇ। ਟਿੱਬਿਆਂ ਨੇੜੇ ਆਪ-ਮੁਹਾਰੇ ਹੀ ਚਿੱਬੜਾਂ ਦੀਆਂ ਵੇਲਾਂ ਉਗਦੀਆਂ। ਵੇਲ ਨਾਲੋਂ ਆਪਣੇ ਆਪ ਟੁੱਟ ਕੇ ਡਿੱਗੇ ਚਿੱਬੜਾਂ ਨੂੰ ਪੱਕਿਆ ਸਮਝਿਆ ਜਾਂਦਾ ਸੀ। ਇਨ੍ਹਾਂ ਦੀ ਚਟਣੀ ਲੋਕ ਸ਼ੌਕ ਨਾਲ ਖਾਂਦੇ। ਕਈ ਸੁਘੜ ਸੁਆਣੀਆਂ ਤਾਂ ਚਿੱਬੜ ਧਾਗੇ ਵਿੱਚ ਹਾਰ ਵਾਂਗ ਪਰੋ ਕੇ ਸੁਕਾ ਲੈਂਦੀਆਂ ਅਤੇ ਚਿੱਬੜਾਂ ਦੀ ਰੁੱਤ ਲੰਘਣ ਤੋਂ ਬਾਅਦ ਇਨ੍ਹਾਂ ਸੁਕਾਏ ਚਿੱਬੜਾਂ ਦੀ ਚਟਣੀ ਬਣਾਉਂਦੀਆਂ। ਜਦ ਖੇਤ ਜਾਂਦੇ ਤਾਂ ਟਿੱਬਿਆਂ ਦੀ ਰੇਤ ’ਤੇ ਛੋਟੇ-ਛੋਟੇ ਬੱਚੇ ਖੇਡਦੇ, ਤਿਲਕਦੇ, ਦੌੜਦੇ।
ਫਿਰ ਖੇਤੀ ਵਿੱਚ ਟਰੈਕਟਰ ਦੀ ਆਮਦ ਨਾਲ ਬੰਜਰ ਪਈਆਂ ਰੇਤਲੀਆਂ ਜ਼ਮੀਨਾਂ ਪੱਧਰ ਕਰ ਕੇ ਵਾਹੀਯੋਗ ਬਣਾਉਣ ਦਾ ਸਿਲਸਿਲਾ ਚੱਲ ਪਿਆ। ਮੇਰੇ ਪਿੰਡ ਚੜ੍ਹਦੇ ਵਾਲੇ ਪਾਸੇ ਪੰਜ-ਛੇ ਕਿੱਲਿਆਂ ਵਿੱਚ ਟਿੱਬੀ ਹੁੰਦੀ ਸੀ ਅਤੇ ਛਿਪਦੇ ਪਾਸੇ ਵੀ ਕਈ ਟਿੱਬੇ ਹੁੰਦੇ ਸਨ।
ਜਦ ਸ਼ਹਿਰ ਨੇੜਿਓਂ ਮਿੱਟੀ ਚੁੱਕੀ ਗਈ ਤਾਂ ਪਿੰਡ ਦੇ ਚੜ੍ਹਦੇ ਪਾਸੇ ਵਾਲੀ ਟਿੱਬੀ ਲੰਮਾ ਸਮਾਂ ਸ਼ਹਿਰ ਦੀਆਂ ਕੋਠੀਆਂ ਵਿੱਚ ਖ਼ਪਤ ਹੁੰਦੀ ਰਹੀ। ਫਿਰ ਇਸ ਟਿੱਬੀ ਦੇ ਨਾਲ ਦੇ ਖੇਤਾਂ ਵਿੱਚ ਟੱਕ ਸ਼ੁਰੂ ਹੋ ਗਿਆ। ਰੇਤਲੀ ਮਿੱਟੀ ਚੁੱਕੇ ਜਾਣ ਨਾਲ ਧਰਤੀ ਦੀ ਉਪਜਾਊ ਤਹਿ ਨਿਕਲ ਆਈ ਅਤੇ ਖਾਲਿਆਂ ਰਾਹੀਂ ਸੂਏ ਦਾ ਪਾਣੀ ਖੇਤਾਂ ਨੂੰ ਲੱਗਣ ਲੱਗਾ। ਇਸ ਨਾਲ਼ ਫ਼ਸਲਾਂ ਦਾ ਝਾੜ ਵਧਿਆ ਅਤੇ ਆਰਥਿਕ ਖ਼ੁਸ਼ਹਾਲੀ ਆਈ।
ਕਿਸੇ ਸਮੇਂ ਇਲਾਕੇ ਵਿੱਚ ਹਿੰਮਤਪੁਰੇ ਦੇ ਬਣੇ ਕਰਾਹ ਬੜੇ ਪ੍ਰਸਿੱਧ ਸਨ। ਇਨ੍ਹਾਂ ਨੂੰ ਟਰੈਕਟਰਾਂ ਮਗਰ ਪਾ ਕੇ ਕਿਸਾਨਾਂ ਨੇ ਬੜੇ ਉਚੇ-ਉਚੇ ਟਿੱਬੇ ਲਗਾ ਦਿੱਤੇ ਤਾਂ ਜੋ ਜ਼ਮੀਨ ਦਾ ਥੋੜ੍ਹਾ ਹਿੱਸਾ ਟਿੱਬਿਆਂ ਲਈ ਵਰਤ ਕੇ ਜ਼ਿਆਦਾ ਹਿੱਸੇ ਉਪਰ ਚੰਗੀ ਕਾਸ਼ਤ ਕੀਤੀ ਜਾ ਸਕੇ। ਇਸ ਤਰ੍ਹਾਂ ਫਿਰ ਸਮਾਂ ਅਜਿਹਾ ਆਇਆ ਜਦ ਪਿੰਡ-ਪਿੰਡ ਰੇਤ ਦੇ ਵੱਡੇ ਅਤੇ ਬੜੇ ਉਚੇ-ਉਚੇ ਟਿੱਬੇ ਨਜ਼ਰ ਆਉਣ ਲੱਗ ਪਏ। ਜ਼ਿਆਦਾ ਉਚਾਈ ’ਤੇ ਟਰੈਕਟਰ ਨਾਲ ਟਿੱਬੇ ਲਗਾਉਂਦਿਆਂ ਟਰੈਕਟਰ ਪਲਟ ਜਾਣ ਕਾਰਨ ਕਈ ਹਾਦਸੇ ਵੀ ਵਾਪਰੇ। ਫਿਰ ਦੌਰ ਸ਼ੁਰੂ ਹੋਇਆ ਇਨ੍ਹਾਂ ਟਿੱਬਿਆਂ ਨੂੰ ਖ਼ਤਮ ਕਰਨ ਦਾ। ਪਹਿਲੋ-ਪਹਿਲ ਖੇਤਾਂ ਵਿੱਚ ਝਰੀ ਲਗਾ ਕੇ ਲੋਕਾਂ ਦੇ ਘਰਾਂ ਵਿੱਚ ਮੁਫ਼ਤ ਵਾਂਗ ਮਿੱਟੀ ਪਾਈ ਜਾਂਦੀ ਸੀ। ਸ਼ਹਿਰ ਵਾਸਤੇ ਵੀ ਮੁਫ਼ਤ ਭਰਾਈ ਹੁੰਦੀ, ਸਿਰਫ਼ ਟਰੈਕਟਰ ਦਾ ਆਉਣ-ਜਾਣ ਦਾ ਖ਼ਰਚਾ ਪੈਂਦਾ ਸੀ। ਸਮਾਂ ਬਦਲਿਆ, ਭਰਾਈ ਮੁੱਲ ਦੀ ਹੋ ਗਈ।
ਪਿਛਲੇ ਕੁਝ ਸਾਲਾਂ ਤੋਂ ਮਿੱਟੀ ਦੀ ਭਰਾਈ ਜੇਸੀਬੀ ਜਾਂ ਹੋਰ ਮਸ਼ੀਨਾਂ ਨਾਲ ਖ਼ਰਚੇ ਉਪਰ ਕੀਤੀ ਜਾਣ ਲੱਗ ਪਈ ਹੈ। 5-7 ਸਾਲ ਪਹਿਲਾਂ ਸਾਡੇ ਇਲਾਕੇ ਵਿੱਚ ਕੌਮੀ ਮਾਰਗ ਬਠਿੰਡਾ-ਅੰਮ੍ਰਿਤਸਰ ਨਿਕਲਿਆ ਤਾਂ ਇਸ ਦੇ ਨਿਰਮਾਣ ਨੇ ਇਲਾਕੇ ਵਿੱਚ ਟਿੱਬੇ ਖ਼ਤਮ ਕਰ ਦਿੱਤੇ।
ਮੇਰੇ ਪਿੰਡ ਦੇ ਜੋ ਲੋਕ ਆਪਣੀ ਜ਼ਬਾਨੋਂ ਇਹ ਕਹਿੰਦੇ ਸਨ ਕਿ ਸਾਡੀ ਉਮਰ ਵਿੱਚ ਤਾਂ ਆਪਣੇ ਪਿੰਡੋਂ ਮਿੱਟੀ ਨਹੀਂ ਮੁੱਕ ਸਕਦੀ, ਉਹ ਤਾਜ਼ਾ ਪੈਦਾ ਹੋਏ ਹਾਲਾਤ ਅੱਗੇ ਹੈਰਾਨ ਹਨ। ਹੁਣ ਟਿੱਬੇ ਕਿਤੇ ਨਜ਼ਰ ਨਹੀਂ ਆਉਂਦੇ; ਹਾਂ, ਹੁਣ ਸਾਡੇ ਪਿੰਡ ਮਿੱਟੀ ਦੀ ਟਰਾਲੀ 6-7 ਸੌ ਰੁਪਏ ’ਚ ਲਹਿੰਦੀ ਹੈ।

Advertisement

ਸੰਪਰਕ: 98156-59110

Advertisement
Author Image

sukhwinder singh

View all posts

Advertisement
Advertisement
×