ਕੌਮੀ ਖੇਡਾਂ ’ਚ ਚਾਂਦੀ ਦਾ ਤਗ਼ਮਾ ਜੇਤੂ ਜੁਆਏ ਬੈਦਵਾਨ ਦਾ ਸਨਮਾਨ
ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 10 ਦਸੰਬਰ
ਕੌਮੀ ਸਕੂਲ ਖੇਡਾਂ ਵਿੱਚ ਸ਼ਾਟਪੁੱਟ ਦੇ ਅੰਡਰ-17 ਵਰਗ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਪਿੰਡ ਮਟੌਰ ਦੀ ਜੰਮਪਲ ਜੁਆਏ ਬੈਦਵਾਨ ਪੁੱਤਰੀ ਪਰਮਦੀਪ ਸਿੰਘ ਬੈਦਵਾਨ ਦਾ ਅੱਜ ਮੁਹਾਲੀ ਅਥਲੈਟਿਕ ਐਸੋਸੀਏਸ਼ਨ ਵੱਲੋਂ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਅਤੇ ਕੋਚ ਸਵਰਨ ਸਿੰਘ ਨੇ ਜੁਆਏ ਨੂੰ ਤਗ਼ਮਾ ਪਹਿਨਾ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਜੁਆਏ ਬੈਦਵਾਨ ਲਗਾਤਾਰ ਉਨ੍ਹਾਂ ਦੀ ਐਸੋਸੀਏਸ਼ਨ ਅਤੇ ਕੋਚ ਸਵਰਨ ਸਿੰਘ ਦੀ ਅਗਵਾਈ ਹੇਠ ਸੈਕਟਰ 78 ਦੇ ਬਹੁ-ਮੰਤਵੀ ਖੇਡ ਭਵਨ ਵਿਖੇ ਕੋਚਿੰਗ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜੁਆਏ ਬੈਦਵਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਮੁਹਾਲੀ ਜ਼ਿਲ੍ਹੇ ਵੱਲੋਂ ਖੇਡਦਿਆਂ ਸੋਨ ਤਗ਼ਮਾ ਜਿੱਤਿਆ ਸੀ। ਉਸ ਦੇ ਪਿਤਾ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਸ਼ਾਟ-ਪੁੱਟ ਦੇ ਅੰਡਰ 14 ਵਰਗ ਵਿੱਚ ਉਹ ਕੌਮੀ ਖੇਡਾਂ ਵਿੱਚ ਨਵਾਂ ਰਿਕਾਰਡ ਵੀ ਸਥਾਪਤ ਕਰ ਚੁੱਕੀ ਹੈ ਤੇ ਕੇਂਦਰੀ ਵਿਦਿਆਲਿਆ ਖੇਡਾਂ ਵਿੱਚ ਕੌਮੀ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ। ਕੇਵੀ ਸਕੂਲ ਦੇ ਪ੍ਰਬੰਧਕਾਂ ਅਤੇ ਕੋਚ ਵੱਲੋਂ ਵੀ ਜੁਆਏ ਬੈਦਵਾਨ ਦਾ ਸਨਮਾਨ ਕੀਤਾ ਗਿਆ।