For the best experience, open
https://m.punjabitribuneonline.com
on your mobile browser.
Advertisement

ਸ਼ਹੀਦੀ ਸਭਾ: ਆਮ ਖ਼ਾਸ ਬਾਗ਼ ਵਿੱਚ ‘ਜਿੰਦਾਂ ਨਿੱਕੀਆਂ’ ਸਾਈਟ ਐਂਡ ਸਾਊਂਡ ਸ਼ੋਅ

05:13 AM Dec 27, 2024 IST
ਸ਼ਹੀਦੀ ਸਭਾ  ਆਮ ਖ਼ਾਸ ਬਾਗ਼ ਵਿੱਚ ‘ਜਿੰਦਾਂ ਨਿੱਕੀਆਂ’ ਸਾਈਟ ਐਂਡ ਸਾਊਂਡ ਸ਼ੋਅ
ਨਾਟਕ ‘ਜਿੰਦਾਂ ਨਿੱਕੀਆਂ’ ਪੇਸ਼ ਕਰਦੇ ਹੋਏ ਕਲਾਕਾਰ।
Advertisement

ਡਾ. ਹਿਮਾਂਸ਼ੂ ਸੂਦ
ਫਤਹਿਗੜ੍ਹ ਸਾਹਿਬ, 26 ਦਸੰਬਰ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਆਰਟ ਥੀਏਟਰ ਦੇ ਸਹਿਯੋਗ ਨਾਲ ਆਮ ਖਾਸ ਬਾਗ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸਾਲਾਨਾ ਸ਼ਹੀਦੀ ਸਭਾ ਦੀ ਪਹਿਲੀ ਸ਼ਾਮ ਮੌਕੇ ਕਰਵਾਏ ਮਹਾਂ ਨਾਟਕ ‘ਜਿੰਦਾਂ ਨਿੱਕੀਆਂ’ ਦੀ ਵਿਲੱਖਣ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ। ਮਰਹੂਮ ਡਾ. ਹਰਚਰਨ ਸਿੰਘ ਲਾਟਾ ਵੱਲੋਂ ਲਿਖੇ ਨਾਟਕ ’ਤੇ ਆਧਾਰਿਤ ਅਤੇ ਪ੍ਰਸਿੱਧ ਨਿਰਦੇਸ਼ਕ ਤੇ ਨਿਰਮਾਤਾ ਹਰਬਖ਼ਸ਼ ਸਿੰਘ ਲਾਟਾ ਦੀ ਨਿਰਦੇਸ਼ਨਾਂ ਹੇਠ ਸਾਈਟ ਐਂਡ ਸਾਊਂਡ ਸ਼ੋਅ ‘ਜਿੰਦਾਂ ਨਿੱਕੀਆਂ’ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਸਮੇਤ ਪਰਿਵਾਰ ਵਿਛੋੜੇ ਤੋਂ ਲੈ ਕੇ ਚੱਪੜ ਚਿੜੀ ਤੱਕ ਦੇ ਇਤਿਹਾਸ ਨੂੰ ਦਿਲਕਸ਼ ਤੇ ਖੂਬਸੂਰਤੀ ਨਾਲ ਰੂਪਮਾਨ ਕੀਤਾ ਗਿਆ।
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਅਜਿਹੇ ਇਤਿਹਾਸਕ ਨਾਟਕ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਵਰਗੀ ਮਿਸਾਲ ਦੁਨੀਆ ਭਰ ਵਿੱਚ ਹੋਰ ਕਿਤੇ ਨਹੀਂ ਮਿਲਦੀ। ਹਰਬਖ਼ਸ਼ ਸਿੰਘ ਲਾਟਾ ਨੇ ਦੱਸਿਆ ਕਿ ਇਸ ਸ਼ੋਅ ਵਿੱਚ 25 ਉਘੇ ਤੇ ਨਿਪੁੰਨ ਕਲਾਕਾਰਾਂ ਨੇ ਹਿੱਸਾ ਲਿਆ ਅਤੇ ਇਸ ਹੁਣ ਤੱਕ 200 ਤੋਂ ਵਧੇਰੇ ਸ਼ੋਅ ਹੋ ਚੁੱਕੇ ਹਨ।
ਇਸੇ ਦੌਰਾਨ ਰੋਟਰੀ ਕਲੱਬ ਸਰਹਿੰਦ ਵੱਲੋਂ ਪ੍ਰਧਾਨ ਡਾ. ਹਿਤੇਂਦਰ ਸੂਰੀ, ਸਕੱਤਰ ਵਿਨੀਤ ਸ਼ਰਮਾ, ਖਜ਼ਾਨਚੀ ਸੁਨੀਲ ਬੈਕਟਰ ਦੀ ਅਗਵਾਈ ਹੇਠ ਸ਼ਹੀਦੀ ਸਭਾ ਦੌਰਾਨ ਸਾਫ਼-ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ। ਇਸ ਸਮਾਗਮ ਦੌਰਾਨ ਵੱਖ-ਵੱਖ ਸੰਸਥਾਵਾਂ, ਪਿੰਡਾਂ ਅਤੇ ਭਾਈਚਾਰਿਆਂ ਵੱਲੋਂ ਲਗਾਏ ਗਏ ਲੰਗਰਾਂ (ਕਮਿਊਨਿਟੀ ਰਸੋਈਆਂ) ਨੂੰ ਮਾਨਤਾ ਦਿੰਦੇ ਹੋਏ, ਕਲੱਬ ਨੇ ਕੂੜੇ ਦੇ ਢੁਕਵੇਂ ਪ੍ਰਬੰਧਨ ਯਕੀਨੀ ਬਣਾਉਣ ਲਈ ਸਫਾਈ ਮੁਹਿੰਮ ਚਲਾਈ। ਇਸ ਮੌਕੇ ਨਕੇਸ਼ ਜਿੰਦਲ ਤੇ ਦਲਜੀਤ ਬੱਤਰਾ ਹਾਜ਼ਰ ਸਨ।
ਇਸੇ ਦੌਰਾਨ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਵਿਕਾਸ ਅਤੇ ਆਪਣੀਆਂ ਗਤੀਵਿਧੀਆਂ ਨੂੰ ਦਰਸਾਉਂਦੀਆਂ ਅਤੇ ਸ਼ਹੀਦੀ ਸਭਾ ਨੂੰ ਸਮਰਪਿਤ ਵਿਕਾਸ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ। ਇਸ ਦੌਰਾਨ ਖੇਤੀਬਾੜੀ, ਮੱਛੀ ਪਾਲਣ, ਬਾਗਬਾਨੀ, ਡੇਅਰੀ ਵਿਕਾਸ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਵਣ ਵਿਭਾਗ, ਸਿਹਤ ਵਿਭਾਗ, ਪਸ਼ੂ ਪਾਲਣ, ਪੇਡਾ, ਜੰਗਲਾਤ, ਸਹਿਕਾਰਤਾ, ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸਮੇਤ ਬੈਂਕਾਂ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਸਟਾਲ ਲਗਾਏ।

Advertisement

ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਪੈਦਲ ਯਾਤਰਾ

ਰਣਜੀਤ ਸਿੰਘ ਜੀਤੀ ਪਡਿਆਲਾ ਪੈਦਲ ਯਾਤਰਾ ’ਤੇ ਰਵਾਨਾ ਹੋਣ ਮੌਕੇ ਸਾਥੀਆਂ ਨਾਲ।

ਕੁਰਾਲੀ (ਮਿਹਰ ਸਿੰਘ):

Advertisement

ਜ਼ਿਲ੍ਹਾ ਕਾਂਗਰਸ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਤੇ ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਅੱਜ ਸਾਥੀਆਂ ਸਮੇਤ ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਪੈਦਲ ਯਾਤਰਾ ਕੀਤੀ। ਪਡਿਆਲਾ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ 9ਵੀਂ ਪੈਦਲ ਯਾਤਰਾ ’ਤੇ ਰਵਾਨਾ ਹੋਣ ਤੋਂ ਪਹਿਲਾਂ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਸੰਗਤ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ, ਕੌਂਸਲਰ ਰਮਾਂਕਾਤ ਕਾਲੀਆ, ਜਸਕੀਰਤ ਸਿੰਘ ਰਤੀਆ,ਸਾਬਕਾ ਸਰਪੰਚ ਮਨਮੋਹਣ ਸਿੰਘ ਮਾਵੀ ਅਤੇ ਗੁਰਸ਼ਰਨ ਸਿੰਘ ਬਿੰਦਰਖੀਆ ਹਾਜ਼ਰ ਸਨ।

ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲੰਗਰ

ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਲੰਗਰ ਵਿੱਚ ਸੇਵਾ ਕਰਦੇ ਹੋਏ। -ਫੋਟੋ: ਰੂਬਲ

ਡੇਰਾਬੱਸੀ (ਹਰਜੀਤ ਸਿੰਘ):

ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿੱਚ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੇ ਐਕਸਿਸ ਬੈਂਕ ਨੇੜੇ ਲੇਬਰ ਚੌਕ ’ਤੇ ਲੰਗਰ ਲਾਇਆ ਗਿਆ। ਇਸ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੰਗਰ ਦੇ ਸੇਵਾ ਨਿਭਾਈ। ਇਸ ਦੌਰਾਨ ਕਾਂਗਰਸੀ ਆਗੂ ਅੰਕਿਤ ਜੈਨ, ਕੁਲਵੰਤ ਸਿੰਘ, ਸੁਨੀਲ ਪੁੰਡੀਰ ਅਤੇ ਸਤੀਸ਼ ਕੁਮਾਰ ਹਾਜ਼ਰ ਸਨ।

ਗੁਰਦੁਆਰਾ ਸਿੰਘ ਸ਼ਹੀਦਾਂ ’ਚ ਸਫ਼ਰ-ਏ-ਸ਼ਹਾਦਤ ਸਮਾਗਮ

ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ):

ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਫ਼ਰ-ਏ-ਸ਼ਹਾਦਤ ਸਮਾਗਮ ਕਰਵਾਇਆ ਗਿਆ। ਸਵੇਰੇ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਗੁਰਮਤਿ ਸਮਾਗਮ ਜਾਰੀ ਰਿਹਾ। ਭਾਈ ਪਰਵੀਨ ਸਿੰਘ ਪ੍ਰੀਤ ਨਾਰਾਇਣਗੜ੍ਹ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਢਾਡੀ ਵਾਰਾਂ ਗਾਈਆਂ। ਭਾਈ ਸਤਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸ-ਭਿੰਨੇ ਕੀਰਤਨ ਕੀਤਾ। ਭਾਈ ਜਰਨੈਲ ਸਿੰਘ ਲੁਧਿਆਣਾ ਨੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਮੌਕੇ ਭਾਈ ਗੁਰਦਿੱਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ, ਸ਼ੇਰੇ-ਪੰਜਾਬ ਕਵੀਸ਼ਰੀ ਜਥਾ, ਬਾਬਾ ਦੀਪ ਸਿੰਘ ਕਵੀਸ਼ਰੀ ਜਥਾ, ਭਾਈ ਗੁਰਦੀਪ ਸਿੰਘ, ਹਰਜੱਸ ਕੀਰਤਨੀ ਜਥਾ, ਅਕਾਲ ਕਵੀਸ਼ਰੀ ਜਥਾ, ਬੀਬੀ ਉੱਤਮਜੀਤ ਕੌਰ, ਭਾਈ ਅਮਰਜੀਤ ਸਿੰਘ ਖਾਲਸਾ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਭਾਈ ਜਸਵੰਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਂਝ ਪਾਈ। ਸਾਰਾ ਦਿਨ ਗੁਰੂ ਲੰਗਰ ਅਤੁੱਟ ਵਰਤਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 28 ਦਸੰਬਰ ਨੂੰ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ।

ਸੁਖਮਨੀ ਸਾਹਿਬ ਦੇ ਭੋਗ ਪਾਏ

ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ):

ਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ ਨਰਸਿੰਗ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ, ਚੇਅਰਮੈਨ ਡਾ. ਸੰਦੀਪ ਸਿੰਘ ਅਤੇ ਵਾਈਸ ਚੇਅਰਮੈਨ ਡਾ. ਹਰਸ਼ ਸਦਾਵਰਤੀ ਨੇ ਸ਼ਿਰਕਤ ਕੀਤੀ। ਸਕੂਲ ਆਫ਼ ਨਰਸਿੰਗ ਦੀ ਪ੍ਰਿੰਸੀਪਲ ਡਾ. ਲਵਸੰਪੂਰਨਜੋਤ ਕੌਰ ਅਤੇ ਵਿਭਾਗ ਮੁਖੀ ਡਾ. ਪ੍ਰਭਜੋਤ ਸਿੰਘ ਨੇ ਗੁਰਬਾਣੀ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਚਾਂਸਲਰ ਦੇ ਸਲਾਹਕਾਰ ਡਾ. ਵਰਿੰਦਰ ਸਿੰਘ ਅਤੇ ਡਾ. ਸੁਰਜੀਤ ਕੌਰ ਪਥੇਜਾ, ਡਾ. ਕੰਵਲਜੀਤ ਸਿੰਘ ਤੇ ਬੀਬੀ ਰਜਿੰਦਰ ਕੌਰ ਮੁੰਬਈ ਨੇ ਹਾਜ਼ਰੀ ਲਵਾਈ।

‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਨਾਟਕ ਭਲਕੇ

ਖਰੜ (ਪੱਤਰ ਪ੍ਰੇਰਕ):

ਸਿੱਖ ਯੂਥ ਕਮੇਟੀ ਖਰੜ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੇ ਅਧਾਰਿਤ ਨਾਟਕ ‘ਨਿੱਕੀਆਂ ਜਿੰਦਾਂ ਵੱਡੇ ਸਾਕੇ’ ਸਾਕਾ ਏ ਸਰਹੰਦ 28 ਦਸੰਬਰ ਨੂੰ ਨੇੜੇ ਗੁਰਦੁਆਰਾ ਸਿੰਘ ਸਭਾ ਜਨਤਾ ਚੌਕ ਖਰੜ ਵਿੱਚ ਕਰਵਾਇਆ ਜਾ ਰਿਹਾ ਹੈ। ਨਾਟਕ ਦਾ ਸਮਾਂ ਰਾਤੀ 7.30 ਵਜੇ ਤੋਂ 10 ਵਜੇ ਤੱਕ ਹੋਵੇਗਾ। ਇਸ ਵਿੱਚ ਗੁਰਦੁਆਰਾ ਸਿੰਘ ਸਭਾ ਖਰੜ ਬਾਬਾ ਜੁਝਾਰ ਸਿੰਘ ਕਲੱਬ ਚੌਗਿਆ ਵਾਲਾ ਮੁਹੱਲਾ ਖਰੜ, ਇਸਤਰੀ ਸਭਾ ਸਤਸੰਗ ਖਰੜ ਅਤੇ ਗੁਰੂਘਰ ਦੇ ਦਾਸ ਸੇਵਾ ਸੁਸਾਇਟੀ ਖਰੜ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।

Advertisement
Author Image

Charanjeet Channi

View all posts

Advertisement