ਲਾਂਸ ਏਂਜਲਸ ਓਲੰਪਿਕ ਲਈ ਸਫ਼ਰ ਸ਼ੁਰੂ: ਮਨੂ ਭਾਕਰ
ਨਵੀਂ ਦਿੱਲੀ, 7 ਅਗਸਤ
ਪੈਰਿਸ ਓਲੰਪਿਕ ਵਿੱਚ ਦੋ ਕਾਂਸੇ ਦੇ ਤਗ਼ਮੇ ਜਿੱਤਣ ਵਾਲੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਕਿਹਾ ਕਿ ਉਸ ਦੀਆਂ ਨਜ਼ਰਾਂ ਹੁਣ ਤੋਂ 2028 ਵਿੱਚ ਹੋਣ ਵਾਲੇ ਲਾਂਸ ਏਂਜਲਸ ਓਲੰਪਿਕ ’ਤੇ ਟਿਕੀਆਂ ਹੋਈਆਂ ਹਨ ਅਤੇ ਉਹ ਭਵਿੱਖ ਵਿੱਚ ਲਗਾਤਾਰ ਚੰਗੇ ਨਤੀਜੇ ਦੇਣ ਲਈ ਸਖ਼ਤ ਮਿਹਨਤ ਕਰਦੀ ਰਹੇਗੀ।
ਮਨੂ ਭਾਕਰ (22) ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਅਤੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਦੇਸ਼ ਲਈ ਓਲੰਪਿਕ ਇਤਿਹਾਸ ਰਚ ਦਿੱਤਾ। ਦੇਸ਼ ਪਰਤੀ ਮਨੂ ਨੇ ਕਿਹਾ, ‘‘ਇੱਕ ਓਲੰਪਿਕ ਖਤਮ ਹੋਣ ਮਗਰੋਂ ਹੁਣ ਮੇਰੇ ਦਿਮਾਗ ਵਿੱਚ ਅਗਲਾ ਓਲੰਪਿਕ ਚੱਲ ਰਿਹਾ ਹੈ ਅਤੇ ਇਸ ਲਈ ਸਫ਼ਰ ਸ਼ੁਰੂ ਹੋ ਚੁੱਕਿਆ ਹੈ। ਹੁਣ ਪੈਰਿਸ ਮਗਰੋਂ ਲਾਂਸ ਏਂਜਲਸ ਓਲੰਪਿਕ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਤੇ ਥੋੜ੍ਹੇ ਸਮੇਂ ਦੀ ਬਰੇਕ ਮਗਰੋਂ ਮੈਂ ਇਸ ਦੀ ਤਿਆਰੀ ਸ਼ੁਰੂ ਕਰ ਦੇਵਾਂਗੀ।’’ ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਮੇਰਾ ਪ੍ਰਦਰਸ਼ਨ ਇਸ ਵਾਰ ਵਾਂਗ ਚੰਗਾ ਰਹੇਗਾ। ਮੈਂ ਸਖ਼ਤ ਮਿਹਨਤ ਕਰਕੇ ਚੰਗਾ ਪ੍ਰਦਰਸ਼ਨ ਕਰਦੀ ਰਹਾਂਗੀ।’’
ਮਨੂ ਆਜ਼ਾਦੀ ਮਗਰੋਂ ਇੱਕ ਹੀ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਉਹ 25 ਮੀਟਰ ਪਿਸਟਲ ਵਿੱਚ ਤੀਜਾ ਕਾਂਸੇ ਦਾ ਤਗ਼ਮਾ ਜਿੱਤਣ ਦੇ ਨੇੜੇ ਵੀ ਪਹੁੰਚ ਗਈ ਸੀ ਪਰ ਇਸ ਵਿੱਚ ਖੁੰਝ ਕੇ ਚੌਥੇ ਸਥਾਨ ’ਤੇ ਰਹੀ। ਉਸ ਨੇ ਕਿਹਾ, ‘‘ਅਗਲੇ ਤਿੰਨ ਮਹੀਨਿਆਂ ਵਿੱਚ ਬਹੁਤ ਸਾਰੇ ਲੋਕ ਮੈਨੂੰ ਮਿਲਣਾ ਚਾਹੁਣਗੇ ਅਤੇ ਫਿਰ ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਵਾਂਗੀ। ਥੋੜ੍ਹਾ ਆਰਾਮ ਕਰਾਂਗੀ ਅਤੇ ਆਪਣੀ ਫਿਟਨੈੱਸ ’ਤੇ ਕੰਮ ਕਰਕੇ ਫਿਰ ਨਿਸ਼ਾਨੇਬਾਜ਼ੀ ਸਿਖਲਾਈ ਸ਼ੁਰੂ ਕਰਾਂਗੀ।’’ ਪਰਿਵਾਰ, ਰਿਸ਼ਤੇਦਾਰਾਂ ਅਤੇ ਸੈਂਕੜੇ ਪ੍ਰਸ਼ੰਸਕਾਂ ਨੇ ਮਨੂ ਦਾ ਸ਼ਾਨਦਾਰ ਸਵਾਗਤ ਕੀਤਾ। ਇਹ ਖਿਡਾਰਨ ਸ਼ਨਿਚਰਵਾਰ ਨੂੰ ਮੁੜ ਪੈਰਿਸ ਜਾਵੇਗੀ ਅਤੇ ਐਤਵਾਰ ਨੂੰ ਓਲੰਪਿਕ ਸਮਾਪਨ ਸਮਾਰੋਹ ਵਿੱਚ ਭਾਰਤ ਦੀ ਝੰਡਾਬਰਦਾਰ ਹੋਵੇਗੀ। -ਪੀਟੀਆਈ