ਟੀਆਰਪੀ ਲਈ ਖਬਰਾਂ ਨੂੰ ਸਨਸਨੀਖ਼ੇਜ਼ ਬਣਾਉਣ ਤੋਂ ਬਚਣ ਪੱਤਰਕਾਰ: ਕੋਵਿੰਦ
ਨਵੀਂ ਦਿੱਲੀ, 10 ਜਨਵਰੀ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੱਤਰਕਾਰਾਂ ਨੂੰ ਵੱਧ ‘ਟੀਵੀ ਰੇਟਿੰਗ ਪੁਆਇੰਟਸ’ (ਟੀਆਰਪੀ) ਲਈ ਖਬਰਾਂ ਨੂੰ ਸਨਸਨੀਖੇਜ਼ ਨਾ ਬਣਾਉਣ ਦੀ ਅਪੀਲ ਕੀਤੀ ਹੈ ਤੇ ਕਿਹਾ ਕਿ ਅਜਿਹਾ ਰੁਝਾਨ ਪੱਤਰਕਾਰੀ ਦੇ ਮਿਆਰਾਂ ਲਈ ਨੁਕਸਾਨਦਾਇਕ ਸਾਬਿਤ ਹੋਇਆ ਹੈ। ਕੋਵਿੰਦ ਨੇ ਭਾਰਤੀ ਜਨ ਸੰਚਾਰ ਸੰਸਥਾ (ਆਈਆਈਐਮਸੀ) ਦੇ 55ਵੇਂ ਡਿਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਮੀਡੀਆ ਅੱਗੇ ਬਣੀਆਂ ਫ਼ਰਜੀ ਸਮਾਚਾਰ, ਪੇਡ ਨਿਊਜ਼, ਗਲਤ ਸੂਚਨਾ ਤੇ ‘ਡੀਪਫੇਕ’ ਜਿਹੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਕੋਵਿੰਦ ਨੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠਾ ਕੋਈ ਵੀ ਸ਼ਰਾਰਤੀ ਤੱਤ ਸੋਸ਼ਲ ਮੀਡੀਆ ਉਤੇ ਫਰਜ਼ੀ ਖਬਰਾਂ ਫੈਲਾ ਸਕਦਾ ਹੈ। ਜਦ ਤੱਕ ਪਤਾ ਲੱਗਦਾ ਹੈ ਕਿ ਕੁਝ ਜਾਣਕਾਰੀ ਗਲਤ ਹੈ ਤੇ ਮਾੜੀ ਭਾਵਨਾ ਨਾਲ ਫੈਲਾਈ ਗਈ ਹੈ, ਉਦੋਂ ਤੱਕ ਸਮਾਜ ਨੂੰ ਇਸ ਨਾਲ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣਾ ਪੱਤਰਕਾਰਾਂ ਦਾ ਫਰਜ਼ ਹੈ ਕਿ ਨਾਗਰਿਕਾਂ ਨੂੰ ਸਹੀ ਖਬਰਾਂ ਤੇ ਜਾਣਕਾਰੀ ਮਿਲੇ। ਸਮਾਰੋਹ ਦੌਰਾਨ ਦਿੱਲੀ ਤੇ ਇਸ ਦੇ ਢੇਂਕਨਾਲ, ਅਮਰਾਵਤੀ, ਕੋਟਿਆਮ ਤੇ ਜੰਮੂ ਕੇਂਦਰਾਂ ਤੋਂ 2021-22 ਤੇ 2022-23 ਬੈਚ ਦੇ ਆਈਆਈਐਮਸੀ ਵਿਦਿਆਰਥੀਆਂ ਨੂੰ ਪੋਸਟ-ਗ੍ਰੈਜੂਏਟ ਡਿਪਲੋਮਾ ਸਰਟੀਫਿਕੇਟ ਵੰਡੇ ਗਏ। -ਪੀਟੀਆਈ