ਆਜ਼ਾਦੀ ਅੰਦੋਲਨ ’ਚ ਕਬਾਇਲੀਆਂ ਦਾ ਯੋਗਦਾਨ ਅਣਗੌਲਿਆਂ ਕੀਤਾ: ਮੋਦੀ
* ‘ਜਨਜਾਤੀ ਗੌਰਵ ਦਿਵਸ’ ਮੌਕੇ ਕਰਵਾਏ ਸਮਾਰੋਹ ਨੂੰ ਸੰਬੋਧਨ ਕੀਤਾ
ਜਮੂਈ (ਬਿਹਾਰ), 15 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੇਸ਼ ਵਿੱਚ ਕਾਂਗਰਸ ਦੀਆਂ ਪਿਛਲੀਆਂ ਸਰਕਾਰਾਂ ਨੇ ਆਜ਼ਾਦੀ ਅੰਦੋਲਨ ਵਿੱਚ ਕਬਾਇਲੀ ਆਗੂਆਂ ਦੇ ਯੋਗਦਾਨ ਨੂੰ ਘੱਟ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ‘ਇਸ ਦਾ ਸਿਹਰਾ ਸਿਰਫ਼ ਇਕ ਪਾਰਟੀ ਅਤੇ ਇਕ ਪਰਿਵਾਰ ਦੇ ਸਿਰ ਸਜਾਇਆ ਜਾ ਸਕੇ।’’ ਉਨ੍ਹਾਂ ਇਹ ਟਿੱਪਣੀ ਵਿਰੋਧੀ ਪਾਰਟੀ ਜਾਂ ਨਹਿਰੂ-ਗਾਂਧੀ ਪਰਿਵਾਰ ਦਾ ਨਾਮ ਲਏ ਬਿਨਾਂ ਮਹਾਨ ਆਜ਼ਾਦੀ ਘੁਲਾਟੀਏ ਬਿਰਸਾ ਮੁੰਡਾ ਦੀ 150ਵੇਂ ਜਨਮ ਦਿਵਸ ’ਤੇ ਬਿਹਾਰ ਦੇ ਜਮੂਈ ਜ਼ਿਲ੍ਹੇ ਦੇ ਖੈਰਾ ਪਿੰਡ ਵਿੱਚ ‘ਜਨਜਾਤੀ ਗੌਰਵ ਦਿਵਸ’ ਮੌਕੇ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਮੌਕੇ ਭਾਜਪਾ ਦੇ ਭਾਈਵਾਲ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਮੌਜੂਦ ਸਨ।
ਇਸ ਮੌਕੇ ਮੋਦੀ ਨੇ 6640 ਕਰੋੜ ਰੁਪਏ ਦੇ ਕਈ ਕਬਾਇਲੀ ਭਲਾਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ। ਉਨ੍ਹਾਂ ਪੀਐੱਮ ਜਨਜਾਤੀ ਆਦਿਵਾਸੀ ਨਿਆਂ ਮਹਾ ਅਭਿਆਨ (ਪੀਐੱਮ-ਜਨਮਨ) ਤਹਿਤ ਕਬਾਇਲੀ ਪਰਿਵਾਰਾਂ ਲਈ ਬਣਾਏ ਗਏ 11,000 ਘਰਾਂ ਦੇ ਗ੍ਰਹਿ ਪ੍ਰਵੇਸ਼ ਵਿੱਚ ਵੀ ਵਰਚੁਅਲੀ ਹਿੱਸਾ ਲਿਆ। ਮੋਦੀ ਨੇ ਕਿਹਾ ਕਿ ਉਨ੍ਹਾਂ ਵੱਲੋਂ ‘ਆਦਿਵਾਸੀ ਸਮਾਜ’ ਦੀ ਪੂਜਾ ਕੀਤੀ ਗਈ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਮੁੰਡਾ ਦੇ ਜਨਮ ਦਿਵਸ ਨੂੰ ‘ਜਨਜਾਤੀ ਗੌਰਵ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਕਿਉਂਕਿ ਇਸ ਭਾਈਚਾਰੇ ਨੂੰ ਕਦੇ ਵੀ ਬਣਦਾ ਮਾਣ-ਸਨਮਾਨ ਨਹੀਂ ਮਿਲਿਆ। ਸਮਾਰੋਹ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਸੰਬੋਧਨ ਕੀਤਾ। -ਪੀਟੀਆਈ