ਪੱਤਰਕਾਰ ਛਤਰਪਤੀ ਨੇ ਸੱਚ, ਇਨਸਾਫ਼ ਅਤੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ: ਆਰਫ਼ਾ
ਪ੍ਰਭੂ ਦਿਆਲ/ਭੁਪਿੰਦਰ ਪੰਨੀਵਾਲੀਆ
ਸਿਰਸਾ/ਕਾਲਾਂਵਾਲੀ, 19 ਨਵੰਬਰ
ਸੰਸਥਾ ‘ਸੰਵਾਦ ਸਿਰਸਾ’ ਵੱਲੋਂ ਅੱਜ ਸਿਰਸਾ ਦੇ ਪੰਚਾਇਤ ਭਵਨ ਵਿੱਚ ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ‘ਦਿ ਵਾਇਰ’ ਦੀ ਸੀਨੀਅਰ ਸੰਪਾਦਕ ਆਰਫਾ ਖ਼ਾਨਮ ਸ਼ੇਰਵਾਨੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਦੇ ਕੋ-ਕਨਵੀਨਰ ਡਾ. ਹਰਵਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਛਤਰਪਤੀ ਸਨਮਾਨ 2023 ਨਾਲ ਸਨਮਾਨਿਤ ਕੀਤਾ। ਸ਼ੇਰਵਾਨੀ ਨੇ ਕਿਹਾ ਕਿ ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਆਪਣੀ ਸ਼ਹਾਦਤ ਤੋਂ 21 ਸਾਲ ਬਾਅਦ ਵੀ ਜ਼ਿੰਦਾ ਹੈ ਕਿਉਂਕਿ ਉਨ੍ਹਾਂ ਨੇ ਸੱਚ, ਇਨਸਾਫ਼ ਅਤੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ। ਸ਼ੇਰਵਾਨੀ ਨੇ ਕਿਹਾ ਕਿ ਛਤਰਪਤੀ ਸਨਮਾਨ ਪ੍ਰਾਪਤ ਕਰ ਕੇ ਉਹ ਖ਼ੁਦ ਨੂੰ ਭਾਗਸ਼ਾਲੀ ਤੇ ਮਾਣਮੱਤੀ ਮਹਿਸੂਸ ਕਰਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਿਆਸੀ ਮਾਹੌਲ ਅਨੁਸਾਰ ਮੀਡੀਆ ਵਿੱਚੋਂ ਦਲਿਤਾਂ, ਮਜ਼ਲੂਮਾਂ, ਘੱਟ ਗਿਣਤੀਆਂ, ਔਰਤਾਂ ਅਤੇ ਹਾਸ਼ੀਏ ’ਤੇ ਪਏ ਲੋਕਾਂ ਦੇ ਸਾਰੇ ਮੁੱਦੇ ਗਾਇਬ ਹਨ।
ਸਮਾਗਮ ਦੌਰਾਨ ਮੁੱਖ ਬੁਲਾਰੇ ਵਜੋਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਗੁਰਿੰਦਰ ਪਾਲ ਸਿੰਘ ਐਡਵੋਕੇਟ ਨੇ ‘ਭਾਰਤੀ ਨਿਆਂ ਪ੍ਰਣਾਲੀ ਅੱਗੇ ਚੁਣੌਤੀਆਂ’ ਵਿਸ਼ੇ ’ਤੇ ਗੱਲ ਕਰਦਿਆਂ ਕਿਹਾ ਕਿ ਜਦੋਂ ਸਮੁੱਚਾ ਸਿਸਟਮ ਹੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਅੱਖੋਂ ਪਰੋਖੇ ਕਰਦਾ ਹੈ ਤਾਂ ਇਨਸਾਫ਼ ਦੀ ਕੋਈ ਉਮੀਦ ਨਹੀਂ ਬਚਦੀ। ਉਨ੍ਹਾਂ ਕਿਹਾ ਕਿ ਨਿਆਂ ਮਿਲਣ ਵਿਚ ਦੇਰੀ ਲਈ ਸਿਸਟਮ ਜ਼ਿੰਮੇਵਾਰ ਹੈ। ਸ਼ਹੀਦ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਆਪਣੇ ਕਿਹਾ ਕਿ ਰਾਮਚੰਦਰ ਛਤਰਪਤੀ ਨੇ ਆਮ ਲੋਕਾਂ ਦੀ ਆਵਾਜ਼ ਬਣਨ ਲਈ ‘ਪੂਰਾ ਸੱਚ’ ਸ਼ੁਰੂ ਕਰਨ ਸਮੇਂ ਜੋ ਸੰਕਲਪ ਲਿਆ ਸੀ, ਉਸ ਨੂੰ ਪੂਰਾ ਕੀਤਾ ਹੈ। ਪ੍ਰਧਾਨਗੀ ਭਾਸ਼ਣ ਵਿੱਚ ਸੰਵਾਦ ਸਿਰਸਾ ਦੇ ਕਨਵੀਨਰ ਪਰਮਾਨੰਦ ਸ਼ਾਸਤਰੀ ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।
ਹਰਿਆਣਾ ਦੇ ਅਗਾਂਹਵਧੂ ਲੇਖਕ, ਜੁਝਾਰੂ ਸਮਾਜ ਸੇਵੀ ਤੇ ਸੰਵੇਦਨਸ਼ੀਲ ਅਧਿਆਪਕ ਡਾ. ਰਵਿੰਦਰ ਗਾਸੋ ਦੀ ਯਾਦ ਨੂੰ ਸਮਰਪਿਤ ਇਸ ਪ੍ਰੋਗਰਾਮ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰੋਗਰਾਮ ਦੌਰਾਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਪ੍ਰੋ. ਸੇਵਾ ਸਿੰਘ ਬਾਜਵਾ ਦੇ ਤਿੰਨ ਪੰਜਾਬੀ ਕਾਵਿ ਸੰਗ੍ਰਹਿ ‘ਅਧੂਰੇ ਆਦਮੀ’, ‘ਸੁਲਘਦੇ ਅਹਿਸਾਸ’ ਅਤੇ ‘ਕਲਮਕੱਲਾ’ ਦਾ ਲੋਕ ਅਰਪਣ ਵੀ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਸੀਨੀਅਰ ਕਵੀ, ਕਹਾਣੀਕਾਰ ਅਤੇ ਸਿੱਖਿਆ ਸ਼ਾਸਤਰੀ ਪ੍ਰੋ. ਹਰਭਗਵਾਨ ਚਾਵਲਾ ਨੇ ਕੀਤਾ।