ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤਰਕਾਰ ਤੇ ਲੇਖਕ ਸੁਰਜਨ ਜ਼ੀਰਵੀ ਦਾ ਦੇਹਾਂਤ

08:58 AM Oct 26, 2023 IST

ਸਤਬਿੀਰ ਸਿੰਘ/ਪਾਲ ਸਿੰਘ ਨੌਲੀ
ਬਰੈਂਪਟਨ/ਜਲੰਧਰ, 25 ਅਕਤੂਬਰ
ਪੰਜਾਬੀ ਪੱਤਰਕਾਰ ਤੇ ਲੇਖਕ ਸੁਰਜਨ ਸਿੰਘ ਜ਼ੀਰਵੀ (93) ਦਾ ਅੱਜ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਦੇਹਾਂਤ ਹੋ ਗਿਆ। ਉਹ ਰੋਜ਼ਾਨਾ ਪੰਜਾਬੀ ਅਖਬਾਰ ‘ਨਵਾਂ ਜ਼ਮਾਨਾ’ ਦੇ ਨਿਊਜ਼ ਐਡੀਟਰ ਰਹੇ ਹਨ।
ਉਨ੍ਹਾਂ ਸਰਕਾਰੀ ਸਕੂਲ ਜ਼ੀਰਾ ਤੋਂ ਦਸਵੀਂ ਪਾਸ ਕੀਤੀ। ਉਹ ਕੈਨੇਡਾ ਵਿੱਚ ਸੈਟਲਮੈਂਟ ਕਾਊਂਸਲਰ ਵਜੋਂ ਵੀ ਸਰਗਰਮ ਰਹੇ। ਉਨ੍ਹਾਂ ਦੀ ਧੀ ਸੀਰਤ ਅਤੇ ਜਵਾਈ ਨਵਤੇਜ ਸਿੰਘ ਕੈਨੇਡਾ ਰਹਿੰਦੇ ਹਨ। ਉਨ੍ਹਾਂ ਦੇ ਮਿੱਤਰ ਤੇ ਚਿੰਤਕ ਹਰੀਸ਼ ਪੁਰੀ ਨੇ ਆਖਿਆ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਸਮਾਜ, ਸਿਆਸਤ ਅਤੇ ਇਤਿਹਾਸ ਬਾਰੇ ਸਮਝ ਅਦੁੱਤੀ ਸੀ। ਉੱਘੇ ਪੱਤਰਕਾਰ ਜਤਿੰਦਰ ਪੰਨੂ ਨੇ ਉਨ੍ਹਾਂ ਨੂੰ ਆਪਣਾ ਗੁਰੂ ਅਤੇ ਉਸਤਾਦ ਦੱਸਿਆ। ਸੁਰਜਨ ਜ਼ੀਰਵੀ ਪੰਜਾਬੀ ਦੇ ਨਾਮਵਰ ਪੱਤਰਕਾਰਾਂ ਵਿੱਚੋਂ ਚੋਟੀ ’ਤੇ ਸਨ। ਉਨ੍ਹਾਂ ਨੇ 40 ਸਾਲ ‘ਨਵਾਂ ਜ਼ਮਾਨਾ’ ਵਿੱਚ ਕੰਮ ਕੀਤਾ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਸਰਗਰਮ ਕਾਰਕੁਨ ਰਹੇ। ਸਾਲ 1953-54 ਵਿੱਚ ਉਨ੍ਹਾਂ ਨੇ ‘ਲੋਕ ਯੁੱਗ’ ਪਰਚਾ ਕੱਢਿਆ। ਪੰਜਾਬੀ ਸੂਬਾ ਮੋਰਚੇ ਵਿੱਚ ਸ਼ਮੂਲੀਅਤ ਕਰ ਕੇ ਉਨ੍ਹਾਂ ਨੇ ਜੇਲ੍ਹ ਵੀ ਕੱਟੀ। ਉਹ 1990 ਵਿੱਚ ਕੈਨੇਡਾ ਪਰਵਾਸ ਕਰ ਗਏ। ਡਾ. ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਉਹ ਖ਼ਬਰਾਂ ਦੀ ਲੀਡ ਕੱਢਣ ਵਿੱਚ ਮੁਹਾਰਤ ਰੱਖਦੇ ਸਨ। ਸਤਨਾਮ ਚਾਨਾ ਨੇ ਦੱਸਿਆ ਕਿ ਸੁਰਜਨ ਜ਼ੀਰਵੀ ਦਾ ਭਰਾ ਜਗਜੀਤ ਸਿੰਘ ਜ਼ੀਰਵੀ ਇੱਕ ਪੇਸ਼ੇਵਰ ਗਾਇਕ ਰਿਹਾ ਅਤੇ ਉਸ ਨੇ ਸਭ ਤੋਂ ਵੱਧ ਸ਼ਿਵ ਨੂੰ ਗਾਇਆ ਸੀ। ਟੋਰਾਂਟੋ ਵਿੱਚ ਸੁਰਜਨ ਜ਼ੀਰਵੀ ਨੂੰ ਪੱਤਰਕਾਰੀ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ‘ਵਿਰਾਸਤ ਪੀਸ ਸੰਸਥਾ’ ਵੱਲੋਂ ‘ਲਾਈਫ ਟਾਈਮ ਅਚੀਵਮੈਂਟ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸੁਰਜਨ ਜ਼ੀਰਵੀ ਦੀਆਂ ਰਚਨਾਵਾਂ ਵਿੱਚ ਉਨ੍ਹਾਂ ਦੀ ‘ਇਹ ਹੈ ਬਾਰਬੀ ਸੰਸਾਰ’ ਨਾਮ ਦੀ ਪੁਸਤਕ ਬਹੁਤ ਮਸ਼ਹੂਰ ਹੋਈ ਸੀ। ਇਸੇ ਤਰ੍ਹਾਂ ‘ਆਓ ਸੱਚ ਜਾਣੀਏ’ ਵੀ ਚਰਚਾ ’ਚ ਰਹੀ। ‘ਕਾਰਲ ਮਾਰਕਸ: ਇੱਕ ਅਦਭੁੱਤ ਗਾਥਾ’, ‘ਖ਼ਯਾਮ ਦੀਆਂ ਰੁਬਾਈਆਂ ਦਾ ਪੰਜਾਬੀ ਰੂਪ’, ‘ਜਮਹੂਰੀਅਤ: ਕੁਝ ਪ੍ਰਸ਼ਨ’, ‘ਖੂਬਸੂਰਤੀ ਦੇ ਮੁਖੌਟੇ ਪਿੱਛੇ ਲੁਕੀ ਦਰਿੰਦਗੀ’ ਤੇ ‘ਦੋ ਗੱਲਾਂ ਮੇਰੀ ਪੱਤਰਕਾਰੀ ਦੇ ਰੰਗ ਬਾਰੇ’ ਲੇਖ ਉਨ੍ਹਾਂ ਦੇ ਯਾਦਗਾਰੀ ਲੇਖ ਹਨ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸੂਬਾ ਪ੍ਰਧਾਨ ਸੁਰਜੀਤ ਜੱਜ, ਸੂਬਾਈ ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਤੋਂ ਇਲਾਵਾ ਅਮਰ ਸਿੰਘ ਭੁੱਲਰ, ਵਰਿਆਮ ਸੰਧੂ ਅਤੇ ਇਕਬਾਲ ਮਾਹਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਤਰ੍ਹਾਂ ਉੱਘੇ ਪੰਜਾਬੀ ਚਿੰਤਕ ਬਲਦੇਵ ਸਿੰਘ ਮੋਗਾ, ਕਿਰਪਾਲ ਕਜ਼ਾਕ, ਸੁਰਜੀਤ ਬਰਾੜ, ਡਾ. ਸੁਰਜੀਤ ਭੱਟੀ, ਜਸਪਾਲ ਮਾਨਖੇੜਾ ਅਤੇ ਡਾ. ਅਨੂਪ ਸਿੰਘ ਬਟਾਲਾ ਨੇ ਵੀ ਸੰਵੇਦਨਾਵਾਂ ਪ੍ਰਗਟ ਕੀਤੀਆਂ।

Advertisement

Advertisement