Joint Parliamentary Committee: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਹੈ ਸਾਂਝੀ ਸੰਸਦੀ ਕਮੇਟੀ ’ਚ ਥਾਂ
ਨਵੀਂ ਦਿੱਲੀ, 18 ਦਸੰਬਰ
ਇਕੋ ਵੇਲੇ ਲੋਕ ਸਭਾ ਤੇ ਸੂਬਾਈ ਅਸੈਂਬਲੀਆਂ ਦੀਆਂ ਚੋਣਾਂ ਕਰਵਾਉਣ ਨਾਲ ਸਬੰਧਤ ਦੋ ਸੰਵਿਧਾਨਕ ਸੋਧ ਬਿੱਲਾਂ ਦੀ ਪੜਚੋਲ ਕਰਨ ਵਾਲੀ ਸਾਂਝੀ ਸੰਸਦੀ ਕਮੇਟੀ(ਜੇਪੀਸੀ) ਵਿਚ ਕਾਂਗਰਸ ਦੀ ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਮੈਂਬਰ ਵਜੋਂ ਸ਼ਾਮਲ ਹੋਣਗੇ। ਸੂਤਰਾਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਤੇ ਡੀਐੱਮਕੇ ਦੇ ਪੀ. ਵਿਲਸਨ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੇ ਆਸਾਰ ਹਨ। ਉਂਝ ਭਾਜਪਾ, ਜਿਸ ਦੇ ਜੇਪੀਸੀ ਵਿਚ ਸਭ ਤੋਂ ਵੱਧ ਮੈਂਬਰ ਹੋਣਗੇ, ਨੇ ਮੈਂਬਰਾਂ ਨੂੰ ਲੈ ਕੇ ਚੁੱਪ ਵੱਟੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਪਾਰਟੀ ਆਪਣੇ ਤਜਰਬੇਕਾਰ ਆਗੂਆਂ ਰਵੀਸ਼ੰਕਰ ਪ੍ਰਸਾਦ ਤੇ ਅਨੁਰਾਗ ਠਾਕੁਰ ਦੇ ਨਾਵਾਂ ’ਤੇ ਵਿਚਾਰ ਕਰ ਰਹੀ ਹੈ। ਭਾਜਪਾ ਦੇ ਇਕ ਹੋਰ ਅਹਿਮ ਭਾਈਵਾਲੇ ਸ਼ਿਵ ਸੈਨਾ ਦੇ ਸ਼੍ਰੀਕਾਂਤ ਸ਼ਿੰਦੇ ਤੇ ਜੇਡੀਯੂ ਦੇ ਸੰਜੈ ਝਾਅ ਵੀ ਸਾਂਝੀ ਸੰਸਦੀ ਕਮੇਟੀ ਦੇ ਮੈਂਬਰ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਜੇਪੀਸੀ ਵਿਚ 21 ਮੈਂਬਰ (ਐੱਮਪੀ’ਜ਼) ਲੋਕ ਸਭਾ ਤੋਂ ਅਤੇ 10 ਮੈਂਬਰ ਰਾਜ ਸਭਾ ਤੋਂ ਹੋਣਗੇ। ਉਂਝ ਜ਼ਿਆਦਾਤਰ ਪਾਰਟੀਆਂ ਨੇ ਜੇਪੀਸੀ ਲਈ ਆਪੋ-ਆਪਣੇ ਨਾਮ ਦੇ ਦਿੱਤੇ ਹਨ। ਸਰਕਾਰ ਉਪਰੋਕਤ ਦੋ ਬਿੱਲਾਂ ਨੂੰ ਸਾਂਝੀ ਸੰਸਦੀ ਕਮੇਟੀ ਕੋਲ ਭੇਜਣ ਬਾਰੇ ਜਲਦੀ ਹੀ ਲੋਕ ਸਭਾ ਵਿਚ ਮਤਾ ਪੇਸ਼ ਕਰੇਗੀ। ਸੁਖਦੇਵ ਭਗਤ ਅਤੇ ਰਣਦੀਪ ਸੁਰਜੇਵਾਲਾ ਸੰਸਦ ਦੀ ਸਾਂਝੀ ਕਮੇਟੀ ਲਈ ਕਾਂਗਰਸ ਦੇ ਹੋਰ ਵਿਕਲਪ ਹਨ। ਟੀਐੱਮਸੀ ਦੇ ਸਾਕੇਤ ਗੋਖਲੇ ਅਤੇ ਡੀਐਮਕੇ ਦੇ ਟੀਐਮ ਸੇਲਵਾਗਨਪਤੀ ਦੇ ਵੀ ਪੈਨਲ ਦਾ ਹਿੱਸਾ ਬਣਨ ਦੀ ਉਮੀਦ ਹੈ। -ਪੀਟੀਆਈ