ਜੌਹਨ ਅਬਰਾਹਿਮ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਮੁੰਬਈ:
ਬੌਲੀਵੁੱਡ ਅਦਾਕਾਰ ਜੌਹਨ ਅਬਰਾਹਿਮ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਹੈ। ਉਸ ਨੇ ਬੁੱਧਵਾਰ ਨੂੰ ਇੱਥੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ ਕਰਵਾਏ ਸਮਾਗਮ ਵਿੱਚ ਹਿੱਸਾ ਲਿਆ। ਨਸ਼ਿਆਂ ਦੇ ਖ਼ਾਤਮੇ ਲਈ ਇੱਥੇ ‘ਡਰੱਗ ਫ੍ਰੀ ਫਾਰਐਵਰ ਨਵੀ ਮੁੰਬਈ’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਬੋਲਦਿਆਂ ਅਦਾਕਾਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ’ਚ ਅਨੁਸ਼ਾਸਨ ਨੂੰ ਕਾਇਮ ਰੱਖਦਿਆਂ ਆਪਣੇ ਦੋਸਤਾਂ ਤੇ ਹੋਰਾਂ ਲਈ ਉਦਾਹਰਨ ਬਣਨ। ਇਸ ਦੌਰਾਨ ਸੰਬੋਧਨ ਕਰਦਿਆਂ ਅਦਾਕਾਰ ਨੇ ਕਿਹਾ ਕਿ ਉਸ ਨੇ ਅੱਜ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਹੈ। ਉਸ ਨੇ ਨਾ ਕਦੇ ਸ਼ਰਾਬ ਪੀਤੀ ਹੈ, ਨਾ ਸਿਗਰਟ ਅਤੇ ਨਾ ਹੀ ਹੋ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਕੀਤੀ ਹੈ। ਉਸ ਨੇ ਕਿਹਾ ਕਿ ਮੇਰੀ ਜ਼ਿੰਦਗੀ ’ਚ ਸਭ ਤੋਂ ਅਹਿਮ ਅਨੁਸ਼ਾਸਨ ਹੈ ਜਿਸ ਦੀ ਪਾਲਣਾ ਕਰ ਕੇ ਮੈਂ ਦੂਜਿਆਂ ਲਈ ਉਦਾਹਰਨ ਬਣ ਸਕਦਾ ਹਾਂ। ਉਸ ਨੇ ਕਿਹਾ ਕਿ ਉਹ ਇੱਥੇ ਕੋਈ ਬਹੁਤਾ ਲੰਬਾ ਭਾਸ਼ਣ ਨਹੀਂ ਦੇਵੇਗਾ ਬਸ ਸਭ ਨੂੰ ਇਹ ਸੁਨੇਹਾ ਜ਼ਰੂਰ ਦੇਵੇਗਾ ਕਿ ਨਸ਼ਿਆਂ ਤੋਂ ਰਹਿਤ ਜ਼ਿੰਦਗੀ ਜਿਊਂਦਿਆਂ ਆਪਣੇ ਮੁਲਕ ਦੇ ਚੰਗੇ ਨਾਗਰਿਕ ਬਣਿਆ ਜਾਵੇ। ਅਦਾਕਾਰ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਮੁੱਖ ਮੰਤਰੀ ਅਤੇ ਪੁਲੀਸ ਕਮਿਸ਼ਨਰ ਨੂੰ ਵਧਾਈ ਦਿੱਤੀ ਹੈ। ਅਦਾਕਾਰ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਫਿਲਮ ‘ਵੇਦਾ’ ਵਿੱਚ ਨਜ਼ਰ ਆਇਆ ਸੀ। -ਏਐੱਨਆਈ