ਜੋਗੀ ਚਲਦੇ ਭਲੇ
ਬਲਜੀਤ ਸਿੱਧੂ
ਮੈਂ ਕਿਸੇ ਥਾਣੇ ਵਿੱਚ ਮੁੱਖ ਅਫਸਰ ਸੀ ਓਦੋਂ। ਸਿਆਲਾਂ ਦੇ ਐਤਵਾਰ ਦਾ ਦਿਨ ਸੀ। ਮੈਂ ਧੁੱਪੇ ਕੁਰਸੀ ਡਾਹ ਕੇ ਲਗਪਗ ਵਿਹਲਾ ਬੈਠਾ ਹੋਇਆ ਸੀ ਕਿ ਗੇਟ ’ਤੇ ਸੰਤਰੀ ਦੀ ਕਿਸੇ ਨਾਲ ਖਹਿਬੜਨ ਦੀ ਆਵਾਜ਼ ਆਈ। ਵੇਖਿਆ ਤਾਂ ਭਗਵੇਂ ਕੱਪੜੇ ਪਾਈ ਇੱਕ ਜੋਗੀ ਮੈਨੂੰ ਮਿਲਣ ਲਈ ਕਹਿ ਰਿਹਾ ਸੀ। ਮੈਂ ਸੰਤਰੀ ਨੂੰ ਇਸ਼ਾਰਾ ਕੀਤਾ ਕਿ ਉਸ ਨੂੰ ਆਉਣ ਦੇਵੇ। ਸੋਚਿਆ ਕਿ ਵਿਹਲੇ ਬੈਠੇ ਚਲੋ ਏਸੇ ਨਾਲ ਹੀ ਸ਼ੁਗਲ ਕਰਦੇ ਆਂ।
ਮੈਂ ਪਹਿਲੀ ਨਜ਼ਰੇ ਹੀ ਭਾਂਪ ਲਿਆ ਕਿ ਜੋਗੀ ਬੜਾ ਚਤੁਰ ਹੈ। ਵੈਸੇ ਚਤੁਰਾਈ ਉਨ੍ਹਾਂ ਦਾ ਕਿੱਤਾ ਹੈ ਜਿਸਦੇ ਸਹਾਰੇ ਉਹ ਸਾਹਮਣੇ ਵਾਲੇ ਨੂੰ ਗੱਲਾਂ ਗੱਲਾਂ ਵਿੱਚ ਆਪਣਾ ਮਾਲ ਵੇਚ ਕੇ ...ਅਹੁ ਜਾਂਦੇ ਨੇ। ਮੈਂ ਚੌਕਸ ਜਿਹਾ ਹੋ ਕੇ ਬੈਠ ਗਿਆ।
ਜੋਗੀ ਨੇ ਸਭ ਤੋਂ ਪਹਿਲਾਂ ਆਪਣੀ ਬਗਲੀ ਵਿੱਚੋਂ ਇੱਕ ਐਲਬਮ ਕੱਢ ਕੇ ਵਿਖਾਈ ਜਿਸ ਵਿੱਚ ਉਸ ਦੀਆਂ ਪੁਲੀਸ ਦੇ ਕਈ ਸੀਨੀਅਰ ਅਫਸਰਾਂ ਨਾਲ ਫੋਟੋਆਂ ਸਨ। ਉਹ ਬੜੇ ਮਾਣ ਨਾਲ ਕਿਸੇ ਨੂੰ ਜੱਫ਼ੀ ਪਾਈ ਖੜਾ ਸੀ, ਕਿਸੇ ਨਾਲ ਹੱਥ ਮਿਲਾ ਰਿਹਾ ਸੀ। ਮੈਂ ਸਮਝ ਗਿਆ ਕਿ ਇਹ ਇੱਕ ਪੁਰਾਣਾ ਦਾਅ ਖੇਡ ਕੇ ਮੇਰੇ ’ਤੇ ਪ੍ਰਭਾਵ ਪਾਉਣ ਦਾ ਯਤਨ ਕਰ ਰਿਹਾ ਹੈ। ਜੋਗੀ ਨੇ ਜਦ ਵੇਖਿਆ ਕਿ ਮੇਰੇ ’ਤੇ ਉਨ੍ਹਾਂ ਫੋਟੋਆਂ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਤਾਂ ਉਸ ਨੇ ਆਪਣਾ ਅਗਲਾ ਪੈਂਤੜਾ ਅਜ਼ਮਾਇਆ।
ਉਸ ਨੇ ਆਪਣਾ ਫੂਕ-ਸ਼ਾਸਤਰ ਖੋਲ੍ਹਿਆ ਅਤੇ ਉਸ ਵਿੱਚੋਂ ਪਹਿਲਾ ਸ਼ਲੋਕ ਪੜਿ੍ਹਆ।
‘‘ਮੋਤੀਆਂ ਆਲਿਆ...! ਨਾਥਾਂ ਨੇ ਅਫਸਰ ਬੜੇ ਵੇਖੇ ਨੇ, ਪਰ ਤੇਰੇ ਵਰਗਾ ਰੋਅਬ ਵਾਲਾ ਅਫਸਰ ਪਹਿਲੀ ਵਾਰ ਵੇਖਿਆ। ਖਾਨਦਾਨੀ ਬੰਦਾ ਜਾਪਦਾ ਏਂ ਸਰਦਾਰਾ। ਪਿਛਲੇ ਜਨਮ ’ਚ ਕੋਈ ਚੰਗੇ ਕਰਮ ਕੀਤੇ ਨੇ ਤੇਰੇ। ਮੈਂ ਤਾਂ ਤੇਰਾ ਚਿਹਰਾ ਈ ਪੜ੍ਹ ਲਿਆ ਸੀ। ਸ਼ੇਰ ਵਾਲਾ ਮੁੱਖ ਐ ਸਰਦਾਰਾ ਤੇਰਾ। ਰਾਜਿਆਂ ਵਾਲਾ ਰੋਅਬ ਦਾਬ ਐ।’’
ਇੱਕ ਵਾਰੀ ਤਾਂ ਸ਼ੇਰ ਅਤੇ ਰਾਜੇ ਨਾਲ ਤੁਲਨਾ ਜਿਹੀ ਸੁਣ ਕੇ ਮੇਰਾ ਦਿਲ ਅੰਦਰੋ-ਅੰਦਰੀ ਖ਼ੁਸ਼ ਹੋ ਗਿਆ ਤੇ ਮੈਨੂੰ ਉਹ ਜੋਗੀ ਚੰਗਾ ਚੰਗਾ ਲੱਗਣ ਲੱਗ ਪਿਆ। ਪਰ ਫੇਰ ਦਿਮਾਗ਼ ਨੇ ਦਿਲ ਨੂੰ ਹੁੱਜ ਮਾਰੀ ਕਿ ‘‘ਐਡਾ ਵੀ ਖ਼ੁਸ਼ ਹੋਣ ਦੀ ਲੋੜ ਨ੍ਹੀਂ... ਇਹ ਜੋਗੀ ਤੇਰੀ ਝੂਠੀ ਤਾਰੀਫ਼ ਕਰਕੇ, ਤੈਨੂੰ ਬੇਵਕੂਫ਼ ਬਣਾ ਕੇ ਪੈਸੇ ਲੂਹਣ ਆਇਆ। ਜੇ ਮੰਨ ਲੈ ... ਉਹ ਤੈਨੂੰ ਸ਼ੇਰ ਦੀ ਬਜਾਏ ਤੇਰੇ ਮੂੰਹ ਮੁਤਾਬਕ ‘ਗਿੱਦੜ ਮੂੰਹਾਂ’ ਜਾਂ ‘ਲੂੰਬੜ ਮੂੰਹਾਂ’ ਕਹਿ ਦੇਵੇ ਤਾਂ ਕੀ ਤੂੰ ਉਹਨੂੰ ਬੇਇੱਜ਼ਤ ਕਰ ਕੇ ਧੱਕੇ ਮਾਰ ਕੇ ਬਾਹਰ ਨਹੀਂ ਕੱਢ ਦੇਵੇਂਗਾ। ਸੋ ਸੰਭਲ ਕੇ ਰਹਿ।’’ ਮੈਂ ਹੋਰ ਚੌਕਸ ਹੋ ਗਿਆ।
ਜੋਗੀ ਦਾ ਅਗਲਾ ਦਾਅ ਸੀ ਜੜੀਆਂ ਬੂਟੀਆਂ ਨਾਲ ਬਣੀਆਂ ਦਵਾਈਆਂ ਤੇ ਸੱਪ ਦੀ ਸਿਰੀ ਵਿੱਚੋਂ ਬਣਿਆ ਸੁਰਮਾ। ਮੈਂ ਦਵਾਈਆਂ ਤੇ ਸੁਰਮੇ ਨੂੰ ਵੀ ਕੋਰੀ ਨਾਂਹ ਕਰ ਦਿੱਤੀ। ਜੋਗੀ ਲਗਪਗ ਹਤਾਸ਼ ਜਿਹਾ ਹੋ ਚੁੱਕਿਆ ਸੀ। ਐਨੀ ਭਕਾਈ ਕਰ ਕੇ ਉਸ ਨੂੰ ਪੈਸਾ ਟਕਾ ਤਾਂ ਕੀ ਇੱਕ ਪਾਣੀ ਦਾ ਗਲਾਸ ਤੱਕ ਵੀ ਨਸੀਬ ਨਹੀਂ ਹੋਇਆ ਸੀ। ਅਖੀਰ ਉਹ ਉੱਠ ਕੇ ਖੜ੍ਹਾ ਹੋ ਗਿਆ ਤੇ ਆਪਣੀ ਬਗਲੀ ਵਿੱਚੋਂ ਖਾਸੀ ਫਰੋਲਾ-ਫਰਾਲੀ ਕਰਕੇ ਇੱਕ ਪਲਾਸਟਿਕ ਦੀ ਸਸਤੀ ਜਿਹੀ ਡੱਬੀ ਕੱਢੀ ਜੋ ਸੰਧੂਰ ਦੀ ਭਰੀ ਹੋਈ ਸੀ। ‘‘ਲੈ ਵਈ ਮੋਤੀਆਂ ਆਲਿਆ... ਤੈਨੂੰ ਜੋਗੀ ਇੱਕ ਐਸੀ ਚੀਜ਼ ਦੇ ਕੇ ਚੱਲੇ ਨੇ ਕਿ ਯਾਦ ਕਰੇਂਗਾ... ਏਸ ਨੂੰ ਚਾਂਦੀ ਦੀ ਡੱਬੀ ਵਿੱਚ ਪਾ ਕੇ ਘਰੇ ਅਲਮਾਰੀ ਵਿੱਚ ਰੱਖ ਲਵੀਂ ਜੇਕਰ ਸਾਲ ਦੇ ਵਿੱਚ ਵਿੱਚ ਤੇਰੀ ਤਰੱਕੀ ਨਾ ਹੋਈ ਤਾਂ ‘ਫਿਟੇ ਮੂੰਹ’ ਕਹਿ ਦੇਈਂ ਨਾਥਾਂ ਨੂੰ।’’ ਮੈਂ ‘ਗਿੱਦੜ ਸਿੰਗੀ’ ਵਾਲੇ ਫਰਾਡ ਤੋਂ ਪਹਿਲਾਂ ਹੀ ਜਾਣੂ ਸੀ ਅਤੇ ਇਹ ਵੀ ਜਾਣਦਾ ਸੀ ਕਿ ਮੇਰੀ ਅਗਲੀ ਪ੍ਰੋਮੋਸ਼ਨ ਵਿੱਚ ਅਜੇ ਘੱਟੋ-ਘੱਟ ਦੋ ਸਾਲ ਲੱਗਣੇ ਸੀ। ਸੋ ਉਸ ਦਾ ਅਖੀਰਲਾ ਬ੍ਰਹਮਅਸਤਰ ਵੀ ਠੁੱਸ ਹੋ ਗਿਆ ਸੀ।
ਉਹ ਹੁਣ ਜਾਣ ਦੀ ਤਿਆਰੀ ਵਿੱਚ ਸੀ। ਉਸ ਨੇ ਆਪਣੀ ਸਾਰੀ ਟਿੰਡ ਫਹੁੜੀ ਇਕੱਠੀ ਕਰਕੇ ਬਗਲੀ ਵਿੱਚ ਪਾ ਲਈ ਅਤੇ ਬਗਲੀ ਵਿੱਚੋਂ ਸਸਤਾ ਜਿਹਾ ਕੈਮਰਾ ਕੱਢ ਲਿਆ (ਉਦੋਂ ਕੈਮਰੇ ਵਾਲੇ ਫੋਨ ਅਜੇ ਪ੍ਰਚੱਲਤ ਨਹੀਂ ਸਨ)।
‘‘ਲੈ ਵੀ ਅਫਸਰਾ... ਇੱਕ ਯਾਦਗਾਰੀ ਫੋਟੋ ਖਿਚਾ ਲੈ ਨਾਥਾਂ ਨਾਲ। ਜੋਗੀਆਂ ਨੂੰ ਤੇਰੇ ਵਰਗੀ ਨੇਕ ਰੂਹ ਦੇ ਦਰਸ਼ਨ ਹੁੰਦੇ ਰਹਿਣਗੇ। ਯਾਦ ਕਰਿਆ ਕਰਾਂਗੇ ਤੈਨੂੰ।’’
ਮੇਰੇ ਮਨ ਵਿੱਚ ਜੋਗੀ ਦੀ ਐਲਬਮ ਘੁੰਮ ਗਈ। ਇਕਦਮ ਉਹ ਦ੍ਰਿਸ਼ ਵੀ ਘੁੰਮ ਗਿਆ ਕਿ ਉਹ ਭਵਿੱਖ ਵਿੱਚ ਕਿਸੇ ਹੋਰ ਅਫਸਰ ਕੋਲ ਹੋਰ ਮੂਰਤਾਂ ਦੇ ਨਾਲ ਨਾਲ ਉਹ ਮੇਰੀ ਫੋਟੋ ਵੀ ਵਿਖਾ ਰਿਹਾ ਹੋਵੇਗਾ। ਜਦੋਂ ਮੇਰੇ ਵੱਲੋਂ ਫੋਟੋ ਤੋਂ ਵੀ ਨਾਂਹ ਹੋ ਗਈ ਤਾਂ ਉਹ ‘ਅਲਖ ਨਿਰੰਜਨ’ ਕਹਿੰਦਾ ਹੋਇਆ ਇੱਕ ਹਾਰੇ ਹੋਈ ਜੁਆਰੀ ਵਾਂਗ ਮਰੀਅਲ ਜਿਹੀ ਤੋਰ ਤੁਰਦਾ ਥਾਣੇ ਤੋਂ ਬਾਹਰ ਹੋ ਗਿਆ। ਮੈਂ ਸੋਚਣ ਲੱਗਿਆ ਕਿ ਜੋਗੀ ਚਲਦੇ ਭਲੇ ਤੇ ਨਗਰੀ ਵਸਦੀ ਭਲੀ।
ਸੰਪਰਕ: 97790-22410