ਭਾਰਤ ’ਚ 7 ਫੀਸਦੀ ਵਿਕਾਸ ਦਰ ਨਾਲ ਵੀ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ: ਰਾਜਨ
ਨਵੀਂ ਦਿੱਲੀ, 29 ਸਤੰਬਰ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕਿਹਾ ਕਿ ਸੱਤ ਫੀਸਦੀ ਦੀ ਆਰਥਿਕ ਵਿਕਾਸ ਦਰ ਦੇ ਬਾਵਜੂਦ ਭਾਰਤ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਕਰ ਰਿਹਾ। ਇਸ ਦਾ ਅੰਦਾਜ਼ਾ ਕੁੱਝ ਸੂਬਿਆਂ ਵਿੱਚ ਖ਼ਾਲੀ ਅਸਾਮੀਆਂ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਤੋਂ ਲਾਇਆ ਜਾ ਸਕਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਰੁਜ਼ਗਾਰ ਪੈਦਾ ਕਰਨ ਲਈ ਕਿਰਤ ਨਾਲ ਜੁੜੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨ ’ਤੇ ਧਿਆਨ ਦੇਣ ਦੀ ਲੋੜ ਹੈ।
ਰਾਜਨ ਨੇ ਕਿਹਾ ਕਿ ਕੁੱਝ ਭਾਰਤੀ ਖਾਸ ਕਰ ਉੱਚ ਪੱਧਰ ’ਤੇ ਵਧੀਆ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦੀ ਆਮਦਨੀ ਵੱਧ ਹੈ ਪਰ ਹੇਠਲੇ ਅੱਧੇ ਹਿੱਸੇ ਵਿੱਚ ਖਪਤ ਦਾ ਵਾਧਾ ਹਾਲੇ ਵੀ ਨਹੀਂ ਸੁਧਰਿਆ ਅਤੇ ਇਹ ਕਰੋਨਾ ਤੋਂ ਪਹਿਲਾਂ ਵਾਲੇ ਪੱਧਰ ਤੱਕ ਵੀ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ। ਅਸੀਂ ਸੋਚਾਂਗੇ ਕਿ ਸੱਤ ਫੀਸਦੀ ਦੇ ਵਿਕਾਸ ਦਰ ਨਾਲ ਅਸੀਂ ਬਹੁਤ ਸਾਰੀਆਂ ਨੌਕਰੀਆਂ ਪੈਦਾ ਕਰਾਂਗੇ। ਪਰ ਜੇ ਅਸੀਂ ਸਾਡੀ ਮੈਨੂਫੈਕਚਰਿੰਗ ਵਿਕਾਸ ਦਰ ਨੂੰ ਦੇਖੀਏ ਤਾਂ ਇਹ ਬਹੁਤ ਜ਼ਿਆਦਾ ਪੂੰਜੀ ਨਾਲ ਜੁੜੀ ਹੋਈ ਹੈ।’’ ਰਾਜਨ ਤੋਂ ਪੁੱਛਿਆ ਗਿਆ ਸੀ ਕਿ ਕੀ ਸੱਤ ਫੀਸਦੀ ਨਾਲ ਵਧ ਰਿਹਾ ਭਾਰਤੀ ਅਰਥਚਾਰਾ ਲੋੜੀਂਦਾ ਰੁਜ਼ਗਾਰ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂੰਜੀ ਨਾਲ ਜੁੜੀ ਸਨਅਤਾਂ ਵੱਧ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ ਪਰ ਕਿਰਤ ਨਾਲ ਜੁੜੀਆਂ ਸਨਅਤਾਂ ਸਬੰਧੀ ਅਜਿਹੀ ਗੱਲ ਨਹੀਂ ਹੈ। ਆਰਬੀਆਈ ਦੇ ਸਾਬਕਾ ਗਵਰਨਰ ਨੇ ਕਿਹਾ, ‘‘ਹੇਠਲੇ ਪੱਧਰ ’ਤੇ ਸਭ ਠੀਕ ਨਹੀਂ ਚੱਲ ਰਿਹਾ। ਮੈਨੂੰ ਲਗਦਾ ਹੈ ਕਿ ਨੌਕਰੀਆਂ ਦੀ ਬਹੁਤ ਲੋੜ ਹੈ। -ਪੀਟੀਆਈ