ਕਿਸਾਨਾਂ ’ਤੇ ਲਾਠੀਚਾਰਜ ਵਿਰੁੱਧ ਜੇਜੇਪੀ ਵਿਧਾਇਕ ਵੱਲੋਂ ਸ਼ੂਗਰਫੈੱਡ ਦੀ ਚੇਅਰਮੈਨੀ ਤੋਂ ਅਸਤੀਫ਼ਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਜੂਨ
ਹਰਿਆਣਾ ਪੁਲੀਸ ਵੱਲੋਂ ਸ਼ਾਹਬਾਦ ‘ਚ ਸੂਰਜਮੁਖੀ ਫ਼ਸਲ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਸ਼ੁਰੂ ਕਰਨ ਦੀ ਮੰਗ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕੀਤੇ ਜਾਣ ਤੋਂ ਖ਼ਫ਼ਾ ਵਿਧਾਨ ਸਭਾ ਹਲਕਾ ਸ਼ਾਹਬਾਦ ਤੋਂ ਜੇਜੇਪੀ ਦੇ ਵਿਧਾਇਕ ਰਾਮਕਰਨ ਕਾਲਾ ਨੇ ਸ਼ੂਗਰਫੈੱਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਧਾਇਕ ਨੇ ਸੂਬੇ ਦੇ ਉਪ ਮੁੱਖ ਮੰਤਰੀ ਤੇ ਜੇਜੇਪੀ ਆਗੂ ਦੁਸ਼ਿਅੰਤ ਚੌਟਾਲਾ ਦੇ ਨਾਮ ਅਸਤੀਫ਼ਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਸੂਰਜਮੁਖੀ ਦੀ ਖਰੀਦ ਐੱਮਐੱਸਪੀ ‘ਤੇ ਸ਼ੁਰੂ ਕਰਨ ਦੀ ਮੰਗ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕਰਨਾ ਗਲਤ ਹੈ। ਵਿਧਾਇਕ ਰਾਮਕਰਨ ਕਾਲਾ ਨੇ ਮੰਗ ਕੀਤੀ ਕਿ ਹਰਿਆਣਾ ਸਰਕਾਰ ਸੂਰਜਮੁਖੀ ਦੀ ਫ਼ਸਲ ਐੱਮਐੱਸਪੀ ‘ਤੇ ਖਰੀਦੇ, ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕਰੇ ਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ।
ਵਿਧਾਇਕ ਨੇ ਕਿਹਾ ਕਿ ਉਹ ਸੂਰਜਮੁਖੀ ਦੀ ਫ਼ਸਲ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕਰਨ ਲਈ ਤਿੰਨ ਵਾਰ ਮੁੱਖ ਮੰਤਰੀ ਮਨੋਹਰ ਲਾਲ ਵੀ ਮੁਲਾਕਾਤ ਕਰ ਚੁੱਕੇ ਹਨ ਅਤੇ ਕਈ ਉੱਚ ਅਧਿਕਾਰੀਆਂ ਦੇ ਧਿਆਨ ‘ਚ ਵੀ ਉਕਤ ਮਾਮਲੇ ਨੂੰ ਲਿਆ ਚੁੱਕੇ ਹਨ। ਇਸ ਦੇ ਬਾਵਜੂਦ ਮਾਮਲੇ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਸ੍ਰੀ ਰਾਮਕਰਨ ਕਾਲਾ ਨੇ ਕਿਹਾ ਕਿ ਹਰਿਆਣਾ ਪੁਲੀਸ ਨੇ ਵਿਧਾਨ ਸਭਾ ਹਲਕੇ ਸ਼ਾਹਬਾਦ ‘ਚ ਇਹ ਲਾਠੀਆਂ ਕਿਸਾਨਾਂ ‘ਤੇ ਨਹੀਂ ਬਲਕਿ ਉਨ੍ਹਾਂ ਦੇ ਸਿਰ ‘ਤੇ ਚਲਾਈਆਂ ਹਨ। ਇਸੇ ਦੇ ਰੋਸ ‘ਚ ਉਹ ਸ਼ੂਗਰਫੈੱਡ ਹਰਿਆਣਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ।