ਜਜਪਾ ਤੇ ਭਾਜਪਾ ਦੇ ਆਗੂ ਕਾਂਗਰਸ ਵਿੱਚ ਸ਼ਾਮਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 28 ਜੂਨ
ਜਨਨਾਇਕ ਜਨਤਾ ਪਾਰਟੀ ਦੇ ਸੂਬਾ ਕਾਰਜਕਾਰਨੀ ਮੈਂਬਰ ਸਣੇ ਕਈ ਸੈੱਲਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਤੋਂ ਇਲਾਵਾ ਕਈ ਭਾਜਪਾ ਕਾਰਕੁਨਾਂ ਨੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਵਿਚ ਕਾਂਗਰਸ ਦਾ ਪੱਲਾ ਫੜਿਆ ਹੈ। ਇਸ ਦੌਰਾਨ ਜਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਰਮੇਸ਼ ਬੂਰਾ, ਜਜਪਾ ਖੇਡ ਸੈੱਲ ਦੇ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਮੰਡਲ ਖਜ਼ਾਨਚੀ ਰਾਜਿੰਦਰ ਸਿੰਘ, ਗੁਲਾਬ ਸਿੰਘ, ਪ੍ਰਹਿਲਾਦ ਸ਼ਰਮਾ, ਰਾਜ ਪਾਲ ਸਿੰਘ, ਡਾ. ਛੋਟੂ ਰਾਮ ਤੇ ਭਾਜਪਾ ਕਾਰਕੁਨ ਰਾਕੇਸ਼ ਬੂਰਾ, ਸਤਪਾਲ ਸਿੰਘ, ਰਾਜ ਕੁਮਾਰ, ਬਲਵਾਨ ਸਿੰਘ, ਕ੍ਰਿਸ਼ਨ ਸ਼ਰਮਾ, ਗੌਰਵ ਬੂਰਾ, ਰਾਜੀਵ, ਪ੍ਰਵੀਣ, ਡਾ. ਜਸਵੰਤ ਸਿੰਘ, ਅੰਕਿਤ, ਅਕਾਸ਼, ਸਾਹਿਲ, ਬਲਜਿੰਦਰ ਸਿੰਘ ਸਣੇ ਕਈ ਭਾਜਪਾ ਤੇ ਜਜਪਾ ਕਾਰਕੁਨ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਵਿੱਚ ਕਾਂਗਰਸ ਵਿਚ ਸ਼ਾਮਲ ਹੋਏ ਹਨ। ਸ੍ਰੀ ਅਰੋੜਾ ਨੇ ਦੂਜੀਆਂ ਪਾਰਟੀਆਂ ਛੱਡ ਕੇ ਆਏ ਸਾਰੇ ਆਗੂਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵਿਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਮਿਲੇਗਾ। ਸ੍ਰੀ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸੂਬਾ ਬਹੁਤ ਬੁਰੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਛੋਟੇ-ਛੋਟੇ ਕੰਮਾਂ ਲਈ ਵੀ ਲੋਕਾਂ ਨੂੰ ਇਧਰ ਉਧਰ ਭਟਕਣਾ ਪੈ ਰਿਹਾ ਹੈ। ਥਾਨੇਸਰ ਨਗਰ ਪਰਿਸ਼ਦ ਦਾ ਜ਼ਿਕਰ ਕਰਦੇ ਅਰੋੜਾ ਨੇ ਕਿਹਾ ਕਿ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਸੀ ਕਿ 8 ਦਿਨ ਦੇ ਅੰਦਰ ਨਗਰ ਪਰਿਸ਼ਦ ਵਿਚ ਦਲਾਲੀ ਕਰਨ ਵਾਲੇ ਅਧਿਕਾਰੀਆਂ ਦਾ ਨਾਂ ਉਜਾਗਰ ਕਰਨਗੇ ਪਰ ਮਹੀਨੇ ਬੀਤਣ ‘ਤੇ ਵੀ ਅੱਜ ਤੱਕ ਨਾ ਤਾਂ ਉਨ੍ਹਾਂ ਦਲਾਲ ਅਧਿਕਾਰੀਆਂ ਦੇ ਨਾਂ ਉਜਾਗਰ ਕੀਤੇ ਗਏ ਹਨ ਤੇ ਨਾ ਹੀ ਉਨ੍ਹਾਂ ਦੇ ਜਿਨ੍ਹਾਂ ਲਈ ਅਧਿਕਾਰੀ ਦਲਾਲੀ ਕਰਦੇ ਹਨ।
ਰਾਮਪੁਰਾ ਦਾ ਸਰਪੰਚ ਸਮਰਥਕਾਂ ਸਣੇ ਭਾਜਪਾ ਵਿੱਚ ਸ਼ਾਮਲ
ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਤੇ ਸਾਬਕਾ ਵਿਧਾਇਕ ਡਾ. ਪਵਨ ਸੈਣੀ ਦੀ ਅਗਵਾਈ ਵਿਚ ਪਿੰਡ ਰਾਮਪੁਰਾ ਦਾ ਸਰਪੰਚ ਆਪਣੇ ਸਮਰਥਕਾਂ ਸਣੇ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ। ਇਸ ਮੌਕੇ ਸੂਬਾ ਮਹਾਮੰਤਰੀ ਪਵਨ ਸੈਣੀ ਨੇ ਕਿਹਾ ਕਿ ਸਰਪੰਚ ਨਵਾਬ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਮਨੋਹਰ ਲਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਡਾ. ਸੈਣੀ ਨੇ ਕਿਹਾ ਕਿ ਪਿੰਡ ਰਾਮਪੁਰਾ ਦੇ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਰਪੰਚ ਨਵਾਬ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਵਿਸ਼ਵ ਵਿਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਤੇ ਰਾਸ਼ਟਰਵਾਦ ਨੂੰ ਵਧਾਇਆ ਹੈ। ਉਨ੍ਹਾਂ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਭਾਜਪਾ ਵਿਚ ਕਾਰਕੁਨ ਦੇ ਰੂਪ ਵਿਚ ਸ਼ਾਮਲ ਹੋਏ ਹਨ ਤੇ ਪਾਰਟੀ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ।