ਜੀਜੇੇ ਨੇ ਸਾਲੇ ਦੀ ਕੁੱਟਮਾਰ ਕੀਤੀ
ਪੱਤਰ ਪ੍ਰੇਰਕ
ਜਲੰਧਰ, 27 ਅਕਤੂਬਰ
ਇੱਥੋਂ ਦੇ ਗਾਂਧੀ ਕੈਂਪ ਦੇ ਰਾਮਨਗਰ ’ਚ ਇੱਕ ਨੌਜਵਾਨ ’ਤੇ ਉਸ ਦੇ ਜੀਜੇ ਨੇ ਘਰ ’ਚ ਦਾਖਲ ਹੋ ਕੇ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਦੀਆਂ ਕੁਝ ਵੀਡੀਓਜ਼ ਪੀੜਤ ਨੌਜਵਾਨ ਦੀ ਭੈਣ ਨੇ ਰਿਕਾਰਡ ਕੀਤੀਆਂ ਹਨ ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੀੜਤਾ ਨੇ ਪੰਜ ਕਥਿਤ ਦੋਸ਼ੀਆਂ ਦੇ ਨਾਂ ਦੱਸੇ ਹਨ ਜਨਿ੍ਹਾਂ ਵਿੱਚ ਬੰਟੀ, ਸ਼ਾਂਤੀ, ਨੀਰਜ, ਰੌਕੀ ਅਤੇ ਜੋਤੀ ਦੇ ਨਾਂ ਸ਼ਾਮਲ ਹਨ। ਰਾਮਨਗਰ ਵਾਸੀ ਜਿੰਮੀ ਨੇ ਦੱਸਿਆ ਕਿ ਉਸ ਦਾ ਵਿਆਹ 10 ਸਾਲ ਪਹਿਲਾਂ ਗਾਂਧੀ ਕੈਂਪ ਵਾਸੀ ਇੱਕ ਔਰਤ ਨਾਲ ਹੋਇਆ ਸੀ ਅਤੇ ਕੁਝ ਕਾਰਨਾਂ ਕਰਕੇ ਉਸ ਦਾ ਆਪਣੀ ਪਤਨੀ ਤੋਂ ਤਲਾਕ ਹੋ ਗਿਆ। ਉਸ ਨੇ ਦੱਸਿਆ ਕਿ ਤਲਾਕ ਦਾ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਉਹ ਆਪਣੀ ਪਤਨੀ ਨੂੰ ਖਰਚਾ ਵੀ ਦੇ ਰਿਹਾ ਹੈ। ਉਸਨੇ ਦੋਸ਼ ਲਾਇਆ ਕਿ ਫਿਰ ਵੀ ਉਸ ਦੇ ਜੀਜਾ ਨੇ ਰੰਜਿਸ਼ ਰੱਖੀ ਹੋਈ ਸੀ।
ਜਾਣਕਾਰੀ ਮੁਤਾਬਕ ਕੱਲ੍ਹ ਮੁਲਜ਼ਮਾਂ ਨੇ ਉਸ ਦੇ ਘਰ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਘਟਨਾ ਸਮੇਂ ਘਰ ’ਚ ਔਰਤਾਂ ਵੀ ਮੌਜੂਦ ਸਨ। ਘਟਨਾ ਤੋਂ ਬਾਅਦ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਪੀੜਤਾ ਦੀ ਭੈਣ ਵੱਲੋਂ ਬਣਾਈ ਵੀਡੀਓ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।