ਜਿੰਦਰ ਬਾਗਪੁਰ ਕਾਰਜਕਾਰੀ ਜਥੇਬੰਦਕ ਮੁਖੀ ਚੁਣੇ ਗਏ
ਪੱਤਰ ਪ੍ਰੇਰਕ
ਸ਼ਾਹਕੋਟ, 17 ਜੂਨ
ਇੱਥੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਦੀ ਮੀਟਿੰਗ ਮਨਜੀਤ ਮਲਸੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਸਬੰਧੀ ਬਿੱਟੂ ਰੂਪੇਵਾਲੀ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਸ ਕੀਤੇ ਪਹਿਲੇ ਮਤੇ ’ਚ ਪੰਜਾਬੀ ਦੇ ਮਹਾਨ ਸ਼ਾਇਰ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੂਜੇ ਮਤੇ ਵਿੱਚ ਲੇਖਕਾ ਅਰੁੰਧਿਤੀ ਰਾਏ ਖਿਲਾਫ਼ ਯੂ.ਏ.ਪੀ.ਏ ਤਹਿਤ ਮੁਕੱਦਮਾ ਦਰਜ ਕਰਵਾਉਣ ਅਤੇ ਪ੍ਰੋ. ਸ਼ੌਕਤ ਹੁਸੈਨ ਵਿਰੁੱਧ ਯੂ.ਏ.ਪੀ.ਏ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੀ ਨਿਖੇਧੀ ਕਰਦਿਆਂ ਮੋਦੀ ਸਰਕਾਰ ਨੂੰ ਅਜਿਹੇ ਫ਼ੈਸਲੇ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਗਈ। ਅਗਲੇ ਮਤੇ ਵਿੱਚ ਪੁਸਤਕ ‘ਇਲਮ ਤੋਂ ਇਖਲਾਕ ਤੱਕ’ ਕਿਤਾਬ ’ਤੇ ਜੁਲਾਈ ਦੇ ਅਖੀਰ ਜਾਂ ਅਗਸਤ ਦੇ ਸ਼ੁਰੂ ਵਿੱਚ ਵਿਚਾਰ ਚਰਚਾ ਕਰਵਾਉਣ ਬਾਰੇ ਦੱਸਿਆ ਗਿਆ। ਵਿਸ਼ੇਸ਼ ਮਤੇ ਰਾਹੀਂ ਇਕਾਈ ਸ਼ਾਹਕੋਟ ਦੇ ਜਥੇਬੰਦਕ ਮੁਖੀ ਪ੍ਰਿੰਸੀਪਲ ਮਨਜੀਤ ਮਲਸੀਆਂ ਦੇ 20 ਜੂਨ ਤੋਂ ਨਵੰਬਰ ਤੱਕ ਕੈਨੇਡਾ ਹੋਣ ਕਾਰਨ ਉਨ੍ਹਾਂ ਦੀ ਥਾਂ ’ਤੇ ਜਿੰਦਰ ਬਾਗਪੁਰ ਨੂੰ ਕਾਰਜਕਾਰੀ ਜਥੇਬੰਦਕ ਮੁਖੀ ਚੁਣਿਆ ਗਿਆ। ਮੀਟਿੰਗ ਵਿੱਚ ਪਾਲ ਬਾਗਪੁਰ, ਗਿਆਨ ਸੈਦਪੁਰੀ, ਦੇਸ ਰਾਜ ਜਾਫਰਵਾਲ, ਗੁਰਦੇਵ ਸਿੰਘ, ਡਾ. ਰੇਸ਼ਮ ਰੂਪੇਵਾਲੀ ਅਤੇ ਸਤਨਾਮ ਸਿੰਘ ਹਾਜ਼ਰ ਸਨ।