ਝਾਰਖੰਡ: ਹੇਮੰਤ ਸੋਰੇਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼
* ਹੇਮੰਤ ਨੂੰ ਜੇਐੱਮਐੱਮ ਵਿਧਾਇਕ ਦਲ ਦਾ ਨੇਤਾ ਚੁਣਿਆ
ਰਾਂਚੀ, 3 ਜੁਲਾਈ
ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਵੱਲੋਂ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਪਹਿਲਾਂ ਅੱਜ ਦਿਨੇ ਗੱਠਜੋੜ ਦੇ ਆਗੂਆਂ ਅਤੇ ਵਿਧਾਇਕਾਂ ਨੇ ਇੱਥੇ ਚੰਪਈ ਸੋਰੇਨ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਅਤੇ ਹੇਮੰਤ ਸੋਰੇਨ ਨੂੰ ਸਰਬਸੰਮਤੀ ਨਾਲ ਜੇਐੱਮਐੱਮ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਫ਼ੈਸਲਾ ਕੀਤਾ।
ਰਾਜ ਭਵਨ ਤੋਂ ਬਾਹਰ ਨਿਕਲਣ ਮਗਰੋਂ ਚੰਪਈ ਸੋਰੇਨ ਨੇ ਕਿਹਾ, ‘‘ਜੇਐੱਮਐੱਮ ਦੀ ਅਗਵਾਈ ਵਾਲੇ ਗੱਠਜੋੜ ਦੇ ਫ਼ੈਸਲੇ ਤਹਿਤ ਮੈਂ ਅਸਤੀਫ਼ਾ ਦੇ ਦਿੱਤਾ ਹੈ। ਸਾਡਾ ਗੱਠਜੋੜ ਮਜ਼ਬੂਤ ਹੈ।’’ ਉਨ੍ਹਾਂ ਕਿਹਾ, ‘‘ਹੇਮੰਤ ਸੋਰੇਨ ਜੀ ਨਾਲ ਜੋ ਹੋਇਆ ਸਭ ਜਾਣਦੇ ਹਨ। ਮੈਂ ਗੱਠਜੋੜ ਸਹਿਯੋਗੀਆਂ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਈ ਹੈ। ਹੁਣ ਗੱਠਜੋੜ ਨੇ ਹੇਮੰਤ ਸੋਰੇਨ ਜੀ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ।’’ ਹਾਈ ਕੋਰਟ ਨੇ ਕਥਿਤ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਹੇਮੰਤ ਸੋਰੇਨ ਨੂੰ ਜ਼ਮਾਨਤ ਦੇ ਦਿੱਤੀ ਸੀ। ਉਨ੍ਹਾਂ ਨੂੰ ਗ੍ਰਿਫ਼ਤਾਰੀ ਤੋਂ ਲਗਪਗ ਪੰਜ ਮਹੀਨਿਆਂ ਮਗਰੋਂ 28 ਜੂਨ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਹੇਮੰਤ ਨੇ ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ 31 ਜਨਵਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਹੁਣ ਝਾਰਖੰਡ ਦੇ 13ਵੇਂ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਮੀਟਿੰਗ ਵਿੱਚ ਕਾਂਗਰਸ ਦੇ ਝਾਰਖੰਡ ਇੰਚਾਰਜ ਗ਼ੁਲਾਮ ਅਹਿਮਦ ਮੀਰ ਅਤੇ ਸੂਬਾ ਪ੍ਰਧਾਨ ਰਾਜੇਸ਼ ਠਾਕੁਰ ਤੋਂ ਇਲਾਵਾ ਹੇਮੰਤ ਸੋਰੇਨ ਦਾ ਭਰਾ ਬਸੰਤ ਅਤੇ ਪਤਨੀ ਕਲਪਨਾ ਸੋਰੇਨ ਵੀ ਮੌਜੂਦ ਸਨ। -ਪੀਟੀਆਈ
ਝਾਰਖੰਡ ਵਿੱਚ ਚੰਪਈ ਸੋਰੇਨ ਯੁੱਗ ਖ਼ਤਮ: ਭਾਜਪਾ
ਮੁੱਖ ਮੰਤਰੀ ਚੰਪਈ ਸੋਰੇਨ ਦੇ ਅਹੁਦੇ ਤੋਂ ਅਸਤੀਫ਼ੇ ਦੇਣ ਦੇ ਘਟਨਾਕ੍ਰਮ ਦੇ ਮੱਦੇਨਜ਼ਰ ਭਾਜਪਾ ਦੇ ਸੰਸਦ ਮੈਂਬਰ ਨਿਸ਼ਕਾਂਤ ਦੂਬੇ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਝਾਰਖੰਡ ਵਿੱਚ ਚੰਪਈ ਸੋਰੇਨ ਯੁੱਗ ਖ਼ਤਮ ਹੋ ਗਿਆ ਹੈ। ਪਰਿਵਾਰਵਾਦੀ ਪਾਰਟੀ ਵਿੱਚ ਪਰਿਵਾਰ ਤੋਂ ਬਾਹਰ ਦੇ ਲੋਕਾਂ ਦਾ ਕੋਈ ਸਿਆਸੀ ਭਵਿੱਖ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਭਗਵਾਨ ਬਿਰਸਾ ਮੁੰਡਾ ਤੋਂ ਪ੍ਰੇਰਣਾ ਲੈਣ ਅਤੇ ਭ੍ਰਿਸ਼ਟ ਹੇਮੰਤ ਸੋਰੇਨ ਜੀ ਖਿਲਾਫ਼ ਖੜ੍ਹੇ ਹੋ ਜਾਣ।’’