ਝਾਰਖੰਡ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਪੰਜ ਮਾਓਵਾਦੀ ਹਲਾਕ
ਚਾਈਬਾਸਾ, 17 ਜੂਨ
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿੱਚ ਅੱਜ ਤੜਕੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਦੋ ਮਹਿਲਾਵਾਂ ਸਣੇ ਘੱਟੋ-ਘੱਟ ਪੰਜ ਮਾਓਵਾਦੀ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਗੂਆ ਪੁਲੀਸ ਥਾਣੇ ਅਧੀਨ ਪੈਂਦੇ ਲਿਪੂੰਗਾ ਖੇਤਰ ਨੇੜੇ ਸਵੇਰੇ ਕਰੀਬ ਪੰਜ ਵਜੇ ਸ਼ੁਰੂ ਹੋਇਆ।
ਝਾਰਖੰਡ ਪੁਲੀਸ ਦੇ ਤਰਜਮਾਨ ਅਤੇ ਆਈਜੀ (ਅਪਰੇਸ਼ਨਲ) ਅਮੋਲ ਵੀ ਹੋਮਕਰ ਨੇ ਦੱਸਿਆ, ‘‘ਮੁਕਾਬਲੇ ਮਗਰੋਂ ਹੁਣ ਤੱਕ ਦੋ ਮਹਿਲਾਵਾਂ ਸਣੇ ਪੰਜ ਮਾਓਵਾਦੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।’’
ਉਨ੍ਹਾਂ ਦੱਸਿਆ ਕਿ ਸਵੇਰੇ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ, ਜਦਕਿ ਇੱਕ ਮਹਿਲਾ ਮਾਓਵਾਦੀ ਦੀ ਲਾਸ਼ ਬਾਅਦ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕੀਤੀ ਗਈ। ਹੋਮਕਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇੱਕ ਇਨਸਾਸ ਰਾਈਫ਼ਲ, ਦੋ ਐੱਸਐੱਲਆਰ, ਤਿੰਨ ਰਾਈਫ਼ਲ (.303) ਅਤੇ ਨੌਂ ਐੱਮਐੱਮ ਦੀ ਇੱਕ ਪਿਸਤੌਲ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮਾਰੇ ਗਏ ਮਾਓਵਾਦੀਆਂ ਦੀ ਪਛਾਣ ਜ਼ੋਨਲ ਕਮਾਂਡਰ ਕਾਂਡੇ ਹੋਨਹਾਗਾ, ਸਬਰ-ਜ਼ੋਨਲ ਕਮਾਂਡਰ ਸਿੰਗਰਾਏ ਉਰਫ਼ ਮਨੋਜ, ਏਰੀਆ ਕਮਾਂਡਰ ਸੂਰਿਆ ਉਰਫ਼ ਮੁੰਡਾ ਦੇਵਗਮ ਤੋਂ ਇਲਾਵਾ ਮਹਿਲਾ ਕਾਡਰਜ਼ ਜੁੰਗਾ ਪੁਰਤੀ ਉਰਫ਼ ਮਾਰਲਾ ਅਤੇ ਸਪਨੀ ਹਾਂਸਦਾ ਵਜੋਂ ਹੋਈ ਹੈ। ਪੁਲੀਸ ਸੂਤਰਾਂ ਅਨੁਸਾਰ ਸਿੰਗਾਰਾਏ ’ਤੇ 10 ਲੱਖ ਰੁਪਏ, ਕਾਂਡੇ ’ਤੇ ਪੰਜ ਲੱਖ ਅਤੇ ਸੂਰਿਆ ’ਤੇ ਦੋ ਲੱਖ ਰੁਪਏ ਦਾ ਇਨਾਮ ਸੀ। ਸਿੰਗਾਰਾਏ ਅਤੇ ਕਾਂਡੇ ਸੰਗਠਨ ਵਿੱਚ ਆਈਈਡੀ ਮਾਹਿਰ ਸੀ। ਆਈਜੀ ਨੇ ਦੱਸਿਆ ਕਿ ਸਿੰਗਾਰਾਏ ਨੂੰ ਇਲਾਕੇ ਵਿੱਚ ਧਮਾਕਾਖੇਜ਼ ਸਮੱਗਰੀ ਲਗਾਉਣ ਅਤੇ ਉਸ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮਾਓਵਾਦੀਆਂ ਦੀ ਪਛਾਣ ਏਰੀਆ ਕਮਾਂਡਰ ਟਾਈਗਰ ਉਰਫ਼ ਪਾਂਡੂ ਹਾਂਸਦਾ ਅਤੇ ਬਤਰੀ ਦੇਵਗਮ ਵਜੋਂ ਹੋਈ ਹੈ। -ਪੀਟੀਆਈ