Jharkhand Assembly: ਨਵੀਂ ਝਾਰਖੰਡ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ, ਸੋਰੇਨ ਤੇ ਹੋਰ ਮੈਂਬਰਾਂ ਨੇ ਸਹੁੰ ਚੁੱਕੀ
ਰਾਂਚੀ, 9 ਦਸੰਬਰ
ਨਵੀਂ ਚੁਣੀ ਗਈ ਛੇਵੀਂ ਝਾਰਖੰਡ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਨੂੰ ਇਥੇ ਸ਼ੁਰੂ ਹੋਇਆ, ਜਿਸ ਦੌਰਾਨ ਪ੍ਰੋਟੈਮ ਸਪੀਕਰ ਪ੍ਰੋਫੈਸਰ ਸਟੀਫਨ ਮਰਾਂਡੀ ਨੇ ਨਵੇਂ ਸਦਨ ਦੇ ਗਠਨ ਬਾਰੇ ਰਾਜਪਾਲ ਦੇ ਸੰਦੇਸ਼ ਨੂੰ ਪੜ੍ਹ ਕੇ ਕਾਰਵਾਈ ਦੀ ਸ਼ੁਰੂਆਤ ਕੀਤੀ। ਆਪਣੇ ਸੰਬੋਧਨ ਵਿੱਚ ਮਰਾਂਡੀ ਨੇ ਝਾਰਖੰਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਇੱਕ ਵਿਕਸਤ ਰਾਜ ਦੇ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਮੂਹਿਕ ਯਤਨਾਂ ਦੀ ਉਮੀਦ ਪ੍ਰਗਟਾਈ। ਉਨ੍ਹਾਂ ਵਿਧਾਨ ਸਭਾ ਦੇ ਸਥਾਈ ਸਪੀਕਰ ਦੀ ਚੋਣ ਲਈ ਪ੍ਰਕਿਰਿਆ ਦੀ ਰੂਪ ਰੇਖਾ ਵੀ ਦੱਸੀ।
ਇਸ ਮੌਕੇ ਸਭ ਤੋਂ ਪਹਿਲਾਂ ਸਦਨ ਦੇ ਵਿਧਾਇਕਾਂ ਨੂੰ ਸਹੁੰ ਚੁਕਵਾਈ ਗਈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਬਰਹੈਤ ਹਲਕੇ ਦੇ ਵਿਧਾਇਕ ਵਜੋਂ ਹਲਫ਼ ਲਏ ਜਾਣ ਨਾਲ ਹੋਈ। ਹੋਰ ਮੰਤਰੀਆਂ ਵਿੱਚ ਰਾਧਾ ਕ੍ਰਿਸ਼ਨ ਕਿਸ਼ੋਰ, ਵਿੱਤ ਮੰਤਰੀ ਅਤੇ ਛਤਰਪੁਰ ਤੋਂ ਵਿਧਾਇਕ; ਦੀਪਕ ਬੀਰੂਆ, ਟਰਾਂਸਪੋਰਟ ਮੰਤਰੀ ਅਤੇ ਚਾਈਬਾਸਾ ਤੋਂ ਵਿਧਾਇਕ; ਸਕੂਲ ਸਿੱਖਿਆ ਮੰਤਰੀ ਰਾਮਦਾਸ ਸੋਰੇਨ, ਜਿਨ੍ਹਾਂ ਨੇ ਘਾਟਸੀਲਾ ਦੇ ਵਿਧਾਇਕ ਵਜੋਂ ਸੰਥਾਲੀ ਭਾਸ਼ਾ ਵਿੱਚ ਸਹੁੰ ਚੁੱਕੀ।
ਸੁਦੀਵਿਆ ਕੁਮਾਰ ਸੋਨੂੰ, ਸ਼ਹਿਰੀ ਵਿਕਾਸ ਮੰਤਰੀ ਅਤੇ ਗਿਰੀਡੀਹ ਦੇ ਵਿਧਾਇਕ; ਬੰਗਲਾ ਵਿੱਚ ਸਹੁੰ ਚੁੱਕਣ ਵਾਲੇ ਸਿਹਤ ਮੰਤਰੀ ਇਰਫਾਨ ਅੰਸਾਰੀ ਤੇ ਜਾਮਤਾੜਾ ਦੇ ਵਿਧਾਇਕ; ਹਾਫਿਜ਼ੁਲ ਹਸਨ, ਜਲ ਸਰੋਤ ਮੰਤਰੀ ਅਤੇ ਮਾਧੋਪੁਰ ਦੇ ਵਿਧਾਇਕ; ਸ਼ਿਲਪੀ ਨੇਹਾ ਟਿਰਕੀ, ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ, ਜਿਨ੍ਹਾਂ ਨੇ ਮੰਡੇਰ ਦੇ ਵਿਧਾਇਕ ਵਜੋਂ ਸੰਵਿਧਾਨ ਨੂੰ ਆਪਣੇ ਸੱਜੇ ਹੱਥ ਵਿੱਚ ਫੜ ਕੇ ਸਹੁੰ ਚੁੱਕੀ।
ਇਹ ਅਸੈਂਬਲੀ ਕਈ ਮਹੱਤਵਪੂਰਨ ਤਰੀਕਿਆਂ ਨਾਲ ਆਪਣੇ ਤੋਂ ਪਹਿਲੀਟਾਂ ਵਿਧਾਨ ਸਭਾਵਾਂ ਨਾਲੋਂ ਵੱਖਰੀ ਹੈ। ਐਂਗਲੋ-ਇੰਡੀਅਨ ਭਾਈਚਾਰੇ ਦੀ ਨਾਮਜ਼ਦਗੀ ਪ੍ਰਣਾਲੀ ਦੇ ਬੰਦ ਹੋਣ ਤੋਂ ਬਾਅਦ ਸਦਨ ਦੇ ਹੁਣ 82 ਦੀ ਬਜਾਏ 81 ਮੈਂਬਰ ਹਨ। ਝਾਰਖੰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੱਤਾਧਾਰੀ ਗੱਠਜੋੜ ਨੇ ਪਿਛਲੀਆਂ ਵਿਧਾਨ ਸਭਾਵਾਂ ਨਾਲੋਂ ਵੱਧ ਸੀਟਾਂ ਹਾਸਲ ਕੀਤੀਆਂ ਹਨ। ਇੱਕ-ਚੌਥਾਈ ਵਿਧਾਇਕ ਨਵੇਂ ਆਏ ਹਨ ਅਤੇ ਚਾਰ ਪਾਰਟੀਆਂ - ਜੇਡੀ-ਯੂ, ਐਲਜੇਪੀ-ਆਰ, ਏਜੇਐਸਯੂ ਪਾਰਟੀ ਅਤੇ ਜੇਐਲਕੇਐਮ - ਦਾ ਇੱਕ-ਇੱਕ ਵਿਧਾਇਕ ਹੈ।
ਇਸ 81 ਮੈਂਬਰੀ ਸਦਨ ਵਿੱਚ ਹਾਕਮ ਗੱਠਜੋੜ ਦੀ ਮੋਹਰੀ ਪਾਰਟੀ ਝਾਰਖੰਡ ਮੁਕਤੀ ਮੋਰਚਾ (JMM) ਦੇ 34, ਭਾਜਪਾ ਦੇ 21, ਕਾਂਗਰਸ ਦੇ 16, ਆਰਜੇਡੀ ਦੇ ਚਾਰ ਅਤੇ ਸੀਪੀਆਈ-ਐਮਐਲ ਦੇ ਦੋ ਵਿਧਾਇਕ ਹਨ। ਇਸ ਵਾਰ ਵਿਧਾਨ ਸਭਾ ਵਿੱਚ ਕੋਈ ਆਜ਼ਾਦ ਵਿਧਾਇਕ ਨਹੀਂ ਹੈ। -ਆਈਏਐਨਐਸ