ਜਵਾਨਾਂ ਨੇ ਐੱਲਓਸੀ ’ਤੇ ਦੀਵਾਲੀ ਮਨਾਈ
ਅਖਨੂਰ, 29 ਅਕਤੂਬਰ
ਆਪੋ-ਆਪਣੇ ਘਰਾਂ ਤੋਂ ਮੀਲਾਂ ਦੂਰ ਕੰਟਰੋਲ ਰੇਖਾ (ਐੱਲਓਸੀ) ਦੀ ਰਾਖੀ ਲਈ ਤਾਇਨਾਤ ਫੌਜ ਦੇ ਜਵਾਨ ਅਤੇ ਅਧਿਕਾਰੀ ਅਖਨੂਰ ਵਿੱਚ ਦੀਵਾਲੀ ਮਨਾ ਰਹੇ ਹਨ। ਇਹ ਜਵਾਨ ਸਰਹੱਦ ਪਾਰੋਂ ਅਤਿਵਾਦੀਆਂ ਦੀ ਘੁਸਪੈਠ ਕਰਵਾਉਣ ਦੀਆਂ ਦੁਸ਼ਮਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਉੱਚ ਪੱਧਰੀ ਚੌਕਸੀ ਕਾਇਮ ਰੱਖਦਿਆਂ ਦੀਵੇ ਜਗਾਉਂਦੇ ਹਨ ਅਤੇ ਪਟਾਕੇ ਚਲਾਉਂਦੇ ਹਨ। ਇਸ ਦੌਰਾਨ ਇੱਕ ਅਧਿਕਾਰੀ ਨੇ ਕਿਹਾ, ‘ਅਸੀਂ ਆਪਣੇ ਘਰਾਂ ਤੋਂ ਮੀਲਾਂ ਦੂਰ ਦੀਵਾਲੀ ਮਨਾਉਂਦੇ ਹਾਂ। ਫੌਜ ਸਾਡੇ ਲਈ ਵੱਡੇ ਪਰਿਵਾਰ ਵਾਂਗ ਹੈ। ਰਵਾਇਤ ਅਨੁਸਾਰ ਅਸੀਂ ਆਪਣੇ ਸਾਥੀ ਜਵਾਨਾਂ ਅਤੇ ਅਫਸਰਾਂ ਨਾਲ ਦੀਵਾਲੀ ਮਨਾਉਂਦੇ ਹਾਂ।’ ਜਸ਼ਨਾਂ ਦੌਰਾਨ ਜਵਾਨਾਂ ਨੇ ਲਕਸ਼ਮੀ ਪੂਜਾ ਕੀਤੀ, ਲਕਸ਼ਮੀ-ਗਣੇਸ਼ ਦੀ ਆਰਤੀ ਕੀਤੀ ਅਤੇ ਪਟਾਕੇ ਵੀ ਚਲਾਏ। ਜਸ਼ਨ ਮਨਾਉਣ ਦੇ ਨਾਲ-ਨਾਲ ਜਵਾਨ ਅਤਿਵਾਦੀਆਂ ਦੀ ਘੁਸਪੈਠ ਰੋਕਣ ਲਈ ਚੌਕਸ ਵੀ ਰਹਿੰਦੇ ਹਨ। ਸਰਹੱਦ ’ਤੇ ਗਸ਼ਤ ਕਰ ਰਹੇ ਜਵਾਨ ਨੇ ਕਿਹਾ, ‘ਅਸੀਂ ਸਰਹੱਦ ’ਤੇ 24 ਘੰਟੇ ਚੌਕਸ ਰਹਿੰਦੇ ਹਾਂ। ਜਸ਼ਨ ਅਤੇ ਡਿਊਟੀ ਨਾਲ-ਨਾਲ ਚੱਲਦੇ ਹਨ। ਅਸੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਜਵਾਨਾਂ ਨਾਲ ਖ਼ੁਸ਼ੀ ਦੇ ਪਲ ਸਾਂਝੇ ਕਰਦੇ ਹਾਂ।’
ਜਸ਼ਨ ਵਿੱਚ ਹਿੱਸਾ ਲੈਣ ਵਾਲਾ ਇੱਕ ਹੋਰ ਜਵਾਨ ਨਿਗਰਾਨੀ ਗਰਿੱਡ ’ਤੇ ਤਾਇਨਾਤ ਕੀਤਾ ਗਿਆ ਸੀ। ਆਧੁਨਿਕ ਉਪਕਰਨਾਂ ਨਾਲ ਲੈਸ ਇਹ ਜਵਾਨ ਐੱਲਓਸੀ ’ਤੇ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਿਹਾ ਸੀ। ਇਸ ਦੌਰਾਨ ਪੁਣਛ ਅਤੇ ਰਾਜੌਰੀ ਜ਼ਿਲ੍ਹਿਆਂ ਵਿੱਚ ਵੀ ਕਈ ਥਾਵਾਂ ’ਤੇ ਜਵਾਨਾਂ ਨੇ ਦੀਵਾਲੀ ਮਨਾਈ। ਇੱਥੇ ਵੀ ਜਵਾਨਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਪੂਜਾ ਕੀਤੀ ਅਤੇ ਪਟਾਕੇ ਚਲਾਏ। -ਪੀਟੀਆਈ