ਮੰਡ ਦੇ ਸੱਦੇ ’ਤੇ ਮੁੜ ਨਾ ਪਹੁੰਚੇ ਜਥੇਦਾਰ ਗਿਆਨੀ ਰਘਬੀਰ ਸਿੰਘ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 9 ਅਗਸਤ
ਤਖਤਾਂ ਦੇ ਜਥੇਦਾਰਾਂ ਵਿੱਚ ਆਪਸੀ ਏਕਤਾ ਕਰਵਾਉਣ ਲਈ ਯਤਨਸ਼ੀਲ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਵੀ ਇੱਥੇ ਸ੍ਰੀ ਅਕਾਲ ਤਖ਼ਤ ਦੇ ਨੇੜੇ ਬੈਠ ਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਉਡੀਕ ਕੀਤੀ ਹੈ ਪਰ ਉਹ ਮੁਲਾਕਾਤ ਲਈ ਨਾ ਪੁੱਜੇ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਗੁਰਬਾਣੀ ਸੋਧ ਬਿਲ ਲਿਆਉਣ ਦੇ ਮਾਮਲੇ ਵਿੱਚ ਮੁਤਵਾਜੀ ਜੱਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 18 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸੱਦਿਆ ਗਿਆ ਅਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਭਾਈ ਮੰਡ ਨੇ ਦਸਿਆ ਕਿ ਪੰਥਕ ਏਕਤਾ ਤੋਂ ਪਹਿਲਾਂ ਜਥੇਦਾਰਾਂ ਦੀ ਆਪਸੀ ਏਕਤਾ ਲਈ ਉਨ੍ਹਾਂ ਨੇ 29 ਜੁਲਾਈ ਅਤੇ ਅੱਜ 9 ਅਗਸਤ ਨੂੰ ਦੋ ਵਾਰ ਇੱਥੇ ਬੈਠ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਉਡੀਕ ਕੀਤੀ ਹੈ, ਪਰ ਉਹ ਨਹੀਂ ਆਏ। ਉਨ੍ਹਾਂ ਕਿਹਾ ਕਿ ਉਹ ਪੰਥਕ ਏਕਤਾ ਦੇ ਉਪਰਾਲੇ ਸਿਰੇ ਚੜ੍ਹਾਉਣ ਲਈ ਆਪਣੇ ਯਤਨ ਜਾਰੀ ਰੱਖਣਗੇ। ਇਸ ਮੌਕੇ ਉਨ੍ਹਾਂ ਖਾਲਸਾ ਪੰਥ ਅਤੇ ਦੇਸ਼ ਦੇ ਇਨਸਾਫਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਰੋਸ ਵਜੋਂ ਗੁਰਦੁਆਰਿਆਂ ਦੇ ਅੱਗੇ, ਆਪਣੇ ਘਰਾਂ, ਗੱਡੀਆਂ ਆਦਿ ’ਤੇ ਕਾਲੇ ਝੰਡੇ ਲਾਏ ਜਾਣ। ਸਿੱਖ ਪੁਰਸ਼ ਕਾਲੀਆਂ ਦਸਤਾਰਾਂ ਅਤੇ ਸਿੱਖ ਬੀਬੀਆਂ ਕਾਲੀਆਂ ਚੁੰਨੀਆਂ ਜਾਂ ਫਿਰ ਮੋਢੇ ਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰਗਟਾਉਣ। ਇਸ ਮੌਕੇ ਉਨ੍ਹਾਂ ਕਿਹਾ ਕਿ ਜਲਦੀ ਹੀ ਬਰਗਾੜੀ ਅਤੇ ਬੇਅਦਬੀ ਮਾਮਲਿਆਂ ਵਿੱਚ ਨਿਆਂ ਲੈਣ ਲਈ ਸੜਕਾਂ ’ਤੇ ਆ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਿੱਖ ਆਗੂ ਜਰਨੈਲ ਸਿੰਘ ਸਖੀਰਾ ਤੇ ਹੋਰ ਸ਼ਾਮਲ ਸਨ।