ਜਸਵੀਰ ਗੜ੍ਹੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 18 ਮਾਰਚ
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਇੱਥੇ ਲੇਕ ਵਿਊ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ, ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਏਡੀਸੀ (ਜਨਰਲ) ਮੈਡਮ ਪੂਨਮ ਸਿੰਘ, ਐੱਸਡੀਐੱਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ ਅਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰ ਅਫ਼ਸਰ ਬਰਿੰਦਰ ਸਿੰਘ ਦੀ ਮੌਜੂਦਗੀ ’ਚ ਸ੍ਰੀ ਗੜ੍ਹੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਧਰਮ, ਜਾਤ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਦਲਿਤਾਂ, ਲੋੜਵੰਦਾਂ, ਗਰੀਬਾਂ, ਪੀੜਤਾਂ ਅਤੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਜੋ ਡਿਊਟੀ ਲਾਈ ਗਈ ਹੈ, ਉਹ ਉਸ ’ਤੇ ਖ਼ਰਾ ਉੱਤਰਨਗੇ। ਸ੍ਰੀ ਗੜ੍ਹੀ ਨੇ ਏਡੀਸੀ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਬਠਿੰਡੇ ਦੇ ਪਿੰਡ ਪਥਰਾਲਾ ਦੀ ਦਲਿਤ ਔਰਤ ’ਤੇ ਹੋਏ ਅੱਤਿਆਚਾਰ ਦੇ ਕੇਸ ਦੀ ਤੁਰੰਤ ਪੜਤਾਲ ਕਰਵਾ ਕੇ, ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਡਾ. ਜਸਪ੍ਰੀਤ ਸਿੰਘ ਬੀਜਾ, ਸਮਾਜ ਸੇਵੀ ਹਰਬੰਸ ਸਿੰਘ, ਐਡਵੋਕੇਟ ਨਵਨੀਤ ਕੁਮਾਰ, ਸੁਰੇਸ਼ ਰਾਹੀ, ਸੁਨੀਲ ਨਾਹਰ, ਸੁਨੀਲ ਕੁਮਾਰ, ਐਡਵੋਕੇਟ ਸੰਜੀਵ ਅੰਬੇਦਕਰ, ਗੁਰਤੇਜ ਸਿੰਘ ਜੋਧਪੁਰੀ ਆਦਿ ਹਾਜ਼ਰ ਸਨ।