ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਸ਼ਤਾਬਦੀ ਦੇ ਸਮਾਗਮ ਸ਼ੁਰੂ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 3 ਜੁਲਾਈ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕਾਰਪੇਂਟਰ ਐਸੋਸੀਏਸ਼ਨ ਦੀ ਸਥਾਨਕ ਇਕਾਈ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਸ਼ਤਾਬਦੀ ਸਾਲ ਮਨਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਅਾ।
ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਭਗਵੰਤ ਸਿੰਘ ਊਭੀ ਨੇ ਕੀਤੀ ਅਤੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਮੁੱਖ ਮਹਿਮਾਨ ਸਨ। ਸਮਾਗਮ ਦੇ ਕਨਵੀਨਰ ਸਤਵਿੰਦਰ ਸਿੰਘ ਹੂੰਝਣ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਰਾਮਗੜ੍ਹੀਆ ਮਿਸਲ ਦੇ ਸੰਸਾਥਪਕ ਦੇ ਜੀਵਨ ਨਾਲ ਸਬੰਧਤ ਇਤਿਹਾਸਕ ਘਟਨਾਵਾਂ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਭਾਸ਼ਣਾਂ, ਸੈਮੀਨਾਰਾਂ , ਵਰਕਸ਼ਾਪਾਂ ਅਤੇ ਨੁਮਾਇਸ਼ਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ ਵਿਸ਼ਾ ਮਾਹਰਾਂ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀਆਂ ਕੁਰਬਾਨੀਆਂ ਅਤੇ ਸਿੱਖ ਧਰਮ ਨੂੰ ਦੇਣ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ।
ਆਪਣੇ ਮੁੱਖ ਭਾਸ਼ਣ ਦੌਰਾਨ ਬੋਲਦਿਆਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਬਹੁਤ ਵੱਡੀ ਲੋੜ ਹੈ। ਪ੍ਰੰਬਧਕਾਂ ਵੱਲੋਂ ਸਰਦਾਰ ਰਾਮਗੜ੍ਹੀਆ ਦੀ ਦਸਵੀਂ ਤੇ ਗਿਆਰਵੀਂ ਪੀੜ੍ਹੀ ਵਿੱਚੋਂ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਨਮਾਨ ਕਰਨ ਦੀ ਲੜੀ ਵੀ ਸ਼ੁਰੂ ਕੀਤੀ ਗਈ ਹੈ। ਸਿੱਖਿਆ ਅਤੇ ਹੋਰਨਾਂ ਖੇਤਰਾਂ ’ਚ ਪ੍ਰਾਪਤੀਆਂ ਕਰਨ ਵਾਲੇ ਨੌਜਵਾਨਾਂ ਤੇ ਸ਼ਹਿਰੀਆਂ ਦਾ ਸਨਮਾਨ ਕਰਨ ਤੋਂ ਇਲਾਵਾ ਪਰਮਿੰਦਰ ਸਿੰਘ ਗੱਬਰ ਨੂੰ ਪੁਰਾਤਨ ਵਸਤਾਂ ਦੀਆਂ ਨੁਮਾਇਸ਼ਾਂ ਲਗਾਉਣ ਲਈ ਸਨਮਾਨਿਤ ਕੀਤਾ ਗਿਆ।